ਪੰਜਾਬ ਵਿੱਚ ਝੱਖੜ ਨੇ ਮਚਾਈ ਤਬਾਹੀ, ਤਿੰਨ ਮੌਤਾਂ

ਪੰਜਾਬ ਵਿੱਚ ਝੱਖੜ ਨੇ ਮਚਾਈ ਤਬਾਹੀ, ਤਿੰਨ ਮੌਤਾਂ

ਚੰਡੀਗੜ੍ਹ- ਪੰਜਾਬ ’ਚ ਬੀਤੀ ਰਾਤ ਆਏ ਝੱਖੜ ਕਾਰਨ ਸੂਬੇ ’ਚ ਭਾਰੀ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ। ਕਈ ਥਾਈਂ ਦਰੱਖਤ ਜੜ੍ਹੋਂ ਪੁੱਟੇ ਗਏ ਅਤੇ ਕੱਚੇ ਕੋਠਿਆਂ ਦੀਆਂ ਛੱਤਾਂ ਤੱਕ ਉੱਡ ਗਈਆਂ। ਝੱਖੜ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਝੱਖੜ ਨੇ ਪਾਵਰਕੌਮ ਦਾ ਕਰੀਬ 18 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ। ਕਈ ਥਾਵਾਂ ’ਤੇ ਖੰਭੇ ਡਿੱਗਣ ਕਾਰਨ ਰਾਤ ਭਰ ਬਿਜਲੀ ਸਪਲਾਈ ਠੱਪ ਰਹੀ ਜਿਸ ਨੂੰ ਠੀਕ ਕਰਨ ਲਈ ਬਿਜਲੀ ਵਿਭਾਗ ਦੇਰ ਸ਼ਾਮ ਤੱਕ ਕੋਸ਼ਿਸ਼ਾਂ ਕਰਦਾ ਰਿਹਾ।
ਬੁੱਧਵਾਰ ਦੇਰ ਰਾਤ 12 ਵਜੇ ਦੇ ਕਰੀਬ ਆਏ ਝੱਖੜ ਕਾਰਨ ਚੰਡੀਗੜ੍ਹ, ਪਟਿਆਲਾ, ਮੁਹਾਲੀ, ਸੰਗਰੂਰ, ਬਰਨਾਲਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਲੇਰਕੋਟਲਾ, ਫਾਜ਼ਿਲਕਾ, ਫਰੀਦਕੋਟ ਅਤੇ ਲੁਧਿਆਣਾ ’ਚ ਭਾਰੀ ਨੁਕਸਾਨ ਹੋਇਆ ਹੈ। ਮਲੇਰਕੋਟਲਾ ਅਤੇ ਨਾਭਾ ਸ਼ਹਿਰ ਵਿੱਚ ਦੀਵਾਰਾਂ ਡਿੱਗ ਗਈਆਂ। ਇਸ ਕਾਰਨ ਲੋਕਾਂ ਦੇ ਕਈ ਵਾਹਨ ਨੁਕਸਾਨੇ ਗਏ। ਕਈ ਪਿੰਡਾਂ ਵਿੱਚ ਪਸ਼ੂਆਂ ਦੇ ਵਾੜਿਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਅਤੇ ਕਈ ਪਸ਼ੂ ਮਾਰੇ ਗਏ ਹਨ। ਮੌਸਮ ਵਿਭਾਗ ਮੁਤਾਬਕ ਬੀਤੀ ਰਾਤ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਅਤੇ ਮੀਂਹ ਵੀ ਪਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਮੌਸਮ ਸਾਫ਼ ਰਹੇਗਾ ਅਤੇ ਤਾਪਮਾਨ ਵਧਣ ਕਰਕੇ ਗਰਮੀ ਵੀ ਵਧੇਗੀ।

ਜਾਣਕਾਰੀ ਅਨੁਸਾਰ ਪਾਵਰਕੌਮ ਦੇ ਸਾਊਥ ਜ਼ੋਨ, ਜਿਸ ’ਚ ਪਟਿਆਲਾ, ਸੰਗਰੂਰ, ਬਰਨਾਲਾ ਤੇ ਮੁਹਾਲੀ ਜ਼ਿਲ੍ਹੇ ਆਉਂਦੇ ਹਨ, ’ਚ 400 ਤੋਂ ਜ਼ਿਆਦਾ ਖੰਭੇ ਡਿੱਗ ਗਏ ਹਨ ਅਤੇ 150 ਤੋਂ ਵੱਧ ਟਰਾਂਸਫਾਰਮਰਾਂ ਨੂੰ ਨੁਕਸਾਨ ਪੁੱਜਾ ਹੈ। ਪਾਵਰਕੌਮ ਦੀਆਂ 10 ਤੋਂ 12 ਤੱਕ 220 ਕੇਵੀ ਲਾਈਨਾਂ ਵੀ ਪ੍ਰਭਾਵਿਤ ਹੋਈਆਂ ਹਨ, ਜਿਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਠੱਪ ਰਹੀ। ਪਾਵਰਕੌਮ ਵੱਲੋਂ ਨੁਕਸਾਨ ਸਬੰਧੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਵੀਰਵਾਰ ਸ਼ਾਮ ਤੱਕ 80 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਉਸ ਕੋਲ ਪਹੁੰਚੀਆਂ ਸਨ। ਪੰਜਾਬ ’ਚ ਲੰਘੇ ਦਿਨ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਦੇ ਨੇੜੇ ਪੁੱਜ ਗਈ ਸੀ ਅਤੇ ਝੱਖੜ ਤੋਂ ਬਾਅਦ ਇਹ 2500 ਮੈਗਾਵਾਟ ਦੇ ਨੇੜੇ ਹੀ ਰਹਿ ਗਈ। ਵੀਰਵਾਰ ਸਵੇਰੇ ਇਹ ਮੰਗ ਵਧ ਕੇ 5400 ਮੈਗਾਵਾਟ ਅਤੇ ਦਿਨ ਵੇਲੇ 7 ਹਜ਼ਾਰ ਮੈਗਾਵਾਟ ਦੇ ਕਰੀਬ ਪਹੁੰਚ ਗਈ ਸੀ। ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਫੀਲਡ ਸਟਾਫ ਵੱਲੋਂ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।