ਪੰਜਾਬ ਲੋਕ ਰੰਗ ਮੰਚ ਵਲੋਂ ਇਤਿਹਾਸਕ ਨਾਟਕ ਜ਼ਫ਼ਰਨਾਮਾ ਜਨਤਾ ਦੇ ਰੂਬਰੂ

ਪੰਜਾਬ ਲੋਕ ਰੰਗ ਮੰਚ ਵਲੋਂ ਇਤਿਹਾਸਕ ਨਾਟਕ ਜ਼ਫ਼ਰਨਾਮਾ ਜਨਤਾ ਦੇ ਰੂਬਰੂ

ਹੇਵਰਡ/ਕੈਲੀਫੋਰਨੀਆ : ਉਘੇ ਲੇਖਕ ਅਤੇ ਡਾਇਰੈਕਟਰ ਸ੍ਰ. ਸੁਰਿੰਦਰ ਸਿੰਘ ਧਨੋਆ ਵਲੋਂ ਮਿਟੀ ਧੁੰਧ ਜਗ ਚਾਨਣ ਹੋਆ, ਮਹਾਰਾਣੀ ਜਿੰਦਾ ਹੁਕਮੋ ਦੀ ਹਵੇਲੀ, ਉਮਰਾਂ ਲੰਘੀਆਂ ਪੱਬਾਂ ਭਾਰ, ਸਰਦਲ ਕੇ ਆਰ ਪਾਰ, ਪੱਤਣਾ ’ਤੇ ਰੋਣ ਖੜ੍ਹੀਆਂ, ਮਿੱਟੀ ਰੁਦਨ ਕਰੇ ਦੀ ਬੇਮਿਸਾਲ ਕਾਮਯਾਬੀ ਤੋਂ ਬਾਅਦ ਆਪਣੇ ਨਿਰਦੇਸ਼ਨ ਹੇਠ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫ਼ਰਨਾਮਾ ਜਨਤਾ ਦੇ ਰੂਬਰੂ ਕਰਨ ਜਾ ਰਹੇ ਹਨ।
ਜ਼ਫਰਨਾਮਾ ਇੱਕ ਉਹ ਮਹਾਨ ਇਲਾਹੀ ਰਚਨਾ ਹੈ ਜਿਸ ਨੂੰ ਪੜ੍ਹ ਕੇ ਜਾਲਮ ਮੁਗਲ ਬਾਦਸ਼ਾਹ ਔਰੰਗਜੇਬ ਅੰਦਰੋਂ ਸ਼ਰਮਿੰਦਾ ਅਤੇ ਇਖਲਾਕੀ ਤੌਰ ਉਪਰ ਟੁੱਟ ਗਿਆ ਸੀ। ਜਫ਼ਰਨਾਮੇ ਵਿਚ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 111 ਸ਼ੇਅਰ ਹਨ ਅਤੇ ਕਈ ਇਸ ਨੂੰ 134 ਕਹਿੰਦੇ ਹਨ।
ਸ੍ਰ. ਸੁਰਿੰਦਰ ਸਿੰਘ ਧਨੋਆ ਨੇ ਇਸ ਜ਼ਫ਼ਰਨਾਮੇ ਨਾਟਕ ’ਚ ਗੁਰੂ ਸਾਹਿਬ ਵਲੋਂ ਜਾਲਮ ਮੁਗ਼ਲ ਬਾਦਸ਼ਾਹ ਨੂੰ ਦਿੱਤੀ ਚੁਣੌਤੀ ਨੂੰ ਬਾਕਮਾਲ ਪੇਸ਼ ਕੀਤਾ ਹੈ।
ਉਸਦਾ ਇਕ ਨਮੂਨਾ ਇਸ ਪ੍ਰੋਗਰਾਮ ’ਚ ਜੁੜੇ ਹੋਏ ਲੋਕਾਂ ਦੇ ਸਾਹਮਣੇ ਪ੍ਰਸਤੁਤ ਕੀਤਾ ਗਿਆ ਜਿਸ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ’ਚ ਹੰਝੂ ਆ ਗਏ ਅਤੇ ਲੋਕ ਉਠ ਕੇ ਤਾੜੀਆਂ ਮਾਰਨ ਲੱਗੇ।
ਸ੍ਰ. ਸੁਰਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਗੁਰੂ ਸਾਹਿਬ ਦੀ ਦਿਆਲਤਾ ਏਨੀ ਸੀ ਕਿ ਉਨ੍ਹਾਂ ਨੇ ਉਸ ਕੱਟੜ ਜਾਲਮ ਔਰੰਗਜੇਬ ਨੂੰ ਵੀ ਮਾੜਾ ਨਹੀਂ ਕਿਹਾ ਗੁਰੂੁ ਸਾਹਿਬ ਨੇ ਜੋ ਲਿਖਿਆ ਉਹ ਮੁਗਲੀਆ ਸਲਤਨਤ ਨੂੰ ਇਕ ਵੱਡੀ ਚੁਣੌਤੀ ਤੇ ਵੱਡਾ ਝਟਕਾ ਸੀ
ਜਿਸ ਹੰਕਾਰੀ ਮੁਗਲ ਸਹਿਨਸ਼ਾਹ ਜਿਸ ਦਾ ਕੋਈ ਇਮਾਨ ਨਹੀਂ ਸੀ ਇਸ ਮਹਾਨ ਜ਼ਫਰਨਾਮੇ ਦੀ ਲਿਖਤ ਨੇ ਉਸ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਅਤੇ ਪੜ੍ਹਕੇ ਅੰਦਰੋਂ ਪੂਰੀ ਤਰ੍ਹਾਂ ਟੁੱਟ ਗਿਆ।
ਉਨ੍ਹਾਂ ਸਿੱਖ ਇਤਿਹਾਸ ਦੇ ਗੌਰਵਮਈ ਪੱਖ ਨੂੰ ਪੇਸ਼ ਕਰਦਿਆਂ ਦੱਸਿਆ ਕਿ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੂੰ ਅਬਦਾਲੀ ਨਾਲ ਲੜਨ ਦੀ ਕੋਈ ਜ਼ਰੂਰਤ ਨਹੀਂ ਸੀ। ਇਥੇ ਅਬਦਾਲੀ ਨੇ ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਉਪਰ ਹਮਲਾ ਨਹੀਂ ਸੀ ਕੀਤਾ ਬਲਕਿ ਜਾਲਮ ਅਬਦਾਲੀ ਨੂੰ ਰੋਕਣ ਲਈ ਸਿੱਖ ਪੰਥ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਹਮਲਾ ਕੀਤਾ ਸੀ।
ਸਿੱਖ ਇਤਿਹਾਸ ’ਚ ਕਮਜ਼ੋਰ, ਨਿਮਾਣਿਆ ਤੇ ਬੇਸਹਾਰਿਆਂ ਨਾਲ ਖੜ੍ਹਨਾ ਹੀ ਸਿੱਖੀ ਹੈ ਜਿਸ ਦੀ ਮਿਸਾਲ ਸ੍ਰ. ਜੱਸਾ ਸਿੰਘ ਆਹਲੂਵਾਲੀਆ ਨੇ ਦਿੱਤੀ।
ਉਨ੍ਹਾਂ ਜਫ਼ਰਨਾਮੇ ਨਾਟਕ ’ਚ ਜ਼ਿਕਰ ਕੀਤਾ ਕਿ ਗੁਰੂ ਸਾਹਿਬ ਨੇ ਦੁਰਕਾਰੇ ਗਏ ਲੋਕਾਂ ਨੂੰ ਗਲ ਨਾਲ ਲਾਇਆ। ਇਕੋ ਬਾਟੇ ’ਚ ਅੰਮ੍ਰਿਤ ਛਕਾ ਕੇ ਜਾਤ-ਪਾਤ ਦੀ ਬੁਰਾਈ ਨੂੰ ਖਤਮ ਕੀਤਾ ਤੇ ਸਦੀਆਂ ਤੋਂ ਗਏ ਗੁਜਰੇ ਲੋਕਾਂ ਨੂੰ ਸ਼ੇਰ ਬਣਾ ਦਿੱਤਾ ਅਤੇ ਚਿੜੀਆਂ ਤੋਂ ਬਾਝ ਤੁੜਾ ਦਿੱਤੇ। ਇਸ ਇਤਿਹਾਸਕ ਨਾਟਕ ਜਫਰਨਾਮੇ ’ਚ ਉਨ੍ਹਾਂ ਗੁਰੂ ਸਾਹਿਬ ਦਾ ਉਹ ਪੱਖ ਵੀ ਪੇਸ਼ ਕੀਤਾ ਕਿ ਗੁਰੂ ਸਾਹਿਬ ਦੀ ਲੜਾਈ ਇਸਲਾਮ ਖਿਲਾਫ਼ ਕਦੇ ਨਹੀਂ ਸੀ ਜ਼ੁਲਮ ਦੇ ਖਿਲਾਫ਼ ਸੀ।
ਜਿਥੇ ਸਪੈਸ਼ਲ ਤੌਰ ’ਤੇ ਨਾਟਕ ’ਚ 22 ਧਾਰਾ ਦੇ ਰਾਜੇ ਸੁੱਚਾ ਨੰਦ, ਚੰਦਰਾਂ ਚੰਦੂ ਅਤੇ ਭੀਖਣ ਸ਼ਾਹ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਨਾਟਕ ’ਚ ਸਿੱਖਾਂ ਨੂੰ ਕੋਹਲੂ ’ਚ ਪੀੜਨ ਵਰਗੇ ਮਹਾਨ ਸੀਨ ਪੇਸ਼ ਕੀਤੇ ਗਏ। ਸ੍ਰ. ਸੁਰਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਜ਼ਫ਼ਰਨਾਮਾ ਨਾਟਕ ਲਈ ਵੱਖ ਵੱਖ ਸਰੋਤ ਵਰਤੇ ਗਏ ਜਿਨ੍ਹਾਂ ’ਚ ਯੂਪੀ ’ਚ ਪਿਆ ਖਰੜਾ ਸ਼ਾਮਲ ਹੈ ਜਿਸ ਦੀ ਕਾਪੀ ਉਨ੍ਹਾਂ ਕੋਲ (ਸ. ਸੁਰਿੰਦਰ ਸਿੰਘ ਧਨੋਆ) ਕੋਲ ਮੌਜੂਦ ਹੈ ਅਤੇ ਨਾਲ ਹੀ ਹੋਰਨਾਂ ਸਰੋਤਾਂ ਤੋਂ ਇਲਾਵਾ ਉਨ੍ਹਾਂ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦਾ ਸਹਿਜੇ ਰਚਿਓ ਖਾਲਸਾ ਦਾ ਖਾਸ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਗੁਰੂ ਸਾਹਿਬ ਇਕੱਲੇ ਰਹਿ ਗਏ ਉਨ੍ਹਾਂ ਨਾਲ ਕੋਈ ਨਹੀਂ ਸੀ ਜ਼ਫਰਨਾਮਾ ਨਾਟਕ ’ਚ ਇਸਦਾ ਵੀ ਬਾਖੂਬੀ ਜ਼ਿਕਰ ਕੀਤਾ ਗਿਆ ਹੈ। ਇਸ ਸਮੇਂ ਪੰਜਾਬੀ ਦੇ ਉਘੇ ਗਾਇਕ ਸ. ਸੁਖਦੇਵ ਸਾਹਿਲ, ਲੋਕ ਗਾਇਕ ਸ. ਸੱਤੀ ਪਾਵਲਾ ਅਤੇ ਸ. ਅਨੂਪ ਸਿੰਘ ਚੀਮਾ ਨੇ ਆਪਣੇ ਰਸੀਲੇ ਅਤੇ ਇਤਿਹਾਸਕ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ। ਇਸ ਸਮੇਂ ਜਫਰਨਾਮੇ ਨਾਟਕ ’ਚ ਦਿਖਾਏ ਗਏ ਕੋਹਲੂ ਦੇ ਵੀ ਲੋਕਾਂ ਨੂੰ ਦਰਸ਼ਨ ਕਰਵਾਏ ਗਏ ਅਤੇ ਵੱਡੇ ਇਕੱਠ ਦੀ ਮੌਜੂਦਗੀ ’ਚ ਜਫਰਨਾਮੇ ਦਾ ਪੋਸਟਰ ਰਲੀਜ਼ ਕੀਤਾ ਗਿਆ। ਇਸ ਸਮੇਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਟੇਜ ਦੀ ਜ਼ਿੰਮੇਵਾਰੀ ਹੈਰੀ ਸਿੰਘ ਗਰੇਵਾਲ ਨੇ ਬਹੁਤ ਹੀ ਬਾਖੂਬੀ ਨਾਲ ਨਿਭਾਈ। ਇਹ ਸਮਾਗਮ ਵਾਕਿਆ ਹੀ ਸੰਖੇਪ ਅਤੇ ਇਤਿਹਾਸਕ ਸਮਾਗਮ ਸੀ।