ਪੰਜਾਬ ਲਈ ਮਾਨ ਅਤੇ ਕੈਪਟਨ ਇੱਕੋ ਜਿਹੇ ਸਾਬਤ ਹੋਏ: ਹਰਸਿਮਰਤ

ਪੰਜਾਬ ਲਈ ਮਾਨ ਅਤੇ ਕੈਪਟਨ ਇੱਕੋ ਜਿਹੇ ਸਾਬਤ ਹੋਏ: ਹਰਸਿਮਰਤ

ਮਾਨਸਾ- ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਜਿਹੋ-ਜਿਹੇ ਕੈਪਟਨ ਅਮਰਿੰਦਰ ਸਿੰਘ ਲੋਕਾਂ ਲਈ ਸਾਬਤ ਹੋਏ ਹਨ, ਉਹ ਜਿਹੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਨਾ ਕੈਪਟਨ ਅਮਰਿੰਦਰ ਸਿੰਘ ਕਿਸੇ ਨੂੰ ਦੁੱਖ-ਤਕਲੀਫ਼ਾਂ ’ਚ ਮਿਲਦੇ ਸਨ ਅਤੇ ਨਾ ਹੀ ਭਗਵੰਤ ਮਾਨ ਕਿਸੇ ਔਖੇ ਸਮੇਂ ਕੰਮ ਆ ਰਹੇ ਹਨ। ਉਨ੍ਹਾਂ ਕਿਹਾ ਕਿ ਦੋਨੋਂ ਮੁੱਖ ਮੰਤਰੀਆਂ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਅੱਖੋਂ ਪਰੋਖੇ ਕਰ ਦਿੱਤੇ ਗਏ ਹਨ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਤੋਂ ਬਾਅਦ ਹੁਣ ਕਾਂਗਰਸ ਅਤੇ ’ਆਪ’ ਦੇ ਰਾਜ ਨੇ ਆਮ ਲੋਕਾਂ ਦੀ ਸਭ ਤੋਂ ਭੈੜੀ ਜੂਨ ਕਰ ਦਿੱਤੀ ਹੈ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਹਰ ਮੁਹਾਜ਼ ’ਤੇ ਪੰਜਾਬੀਆਂ ਨੂੰ ਫੇਲ੍ਹ ਕਰਕੇ ਹੁਣ ਪੰਜਾਬ ਵਿੱਚ ਅਣਅਧਿਕਾਰਤ ਗੱਠਜੋੜ ਬਣਾ ਕੇ ਵੋਟਰਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਵਿੱਚ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਅਤੇ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਕੀਤਾ ਕੁਝ ਵੀ ਨਹੀਂ ਗਿਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਕੁੱਝ ਹੀ ਹਫਤਿਆਂ ਵਿੱਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਨਹੀਂ ਹੋਇਆ। ਉਹ ਅੱਜ ਮਾਨਸਾ ਜ਼ਿਲ੍ਹੇ ਦੇ ਅੱਧੀ ਦਰਜਨ ਪਿੰਡਾਂ ’ਚ ਚੋਣ ਜਲਸਿਆਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦਾ ਕੌਮੀ ਪੱਧਰ ’ਤੇ ਗੱਠਜੋੜ ਹੈ ਅਤੇ ਇਹ ਚੰਡੀਗੜ੍ਹ ਵਿਚ ਵੀ ਸਾਂਝਾ ਉਮੀਦਵਾਰ ਖੜ੍ਹਾ ਕਰਕੇ ਲੜ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੋਵਾਂ ਪਾਰਟੀਆਂ ਨੂੰ ਪੁੱਛਣ ਕਿ ਪੰਜਾਬ ਲਈ ਉਨ੍ਹਾਂ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਵਿੱਚੋਂ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸੂਬੇ ਵਿਚ ਬਿਜਲੀ ਉਦਪਾਦਨ ਲਈ ਇੱਕ ਵੀ ਯੂਨਿਟ ਨਹੀਂ ਲਗਾਇਆ ਤੇ ਨਾ ਹੀ ਬੁਨਿਆਦੀ ਢਾਂਚੇ ਦਾ ਇੱਕ ਵੀ ਪ੍ਰਾਜੈਕਟ ਲਿਆਂਦਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਪੰਜਾਬ ਦੇ ਪਿੰਡਾਂ ਵਿੱਚੋਂ ਚੱਲੇਗੀ, ਪਰ ਉਹ ਆਪ ਰੁਝੇਵਿਆਂ ਵਿੱਚ ਰੁੱਝੇ ਹਨ ਅਤੇ ਕੇਜਰੀਵਾਲ ਦੀ ਸੇਵਾ ਕਰਦਿਆਂ ਹੋਰ ਰਾਜਾਂ ਵਿੱਚ ‘ਆਪ’ ਲਈ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਸੀਨੀਅਰ ਆਗੂ ਡਾ. ਨਿਸ਼ਾਨ ਸਿੰਘ ਨੇ ਵੀ ਸੰਬੋਧਨ ਕੀਤਾ।