ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ: ਭਗਵੰਤ ਮਾਨ

ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਕੁੜੀਆਂ ਤੇ ਮੁੰਡਿਆਂ ਦੇ ਹੋਸਟਲਾਂ ਲਈ 48.91 ਕਰੋੜ ਰੁਪਏ ਜਾਰੀ
ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸੂਬੇ ਦੀ ਵਿਰਾਸਤ ਹੈ। ਉਨ੍ਹਾਂ ਅੱਜ ਕੁੜੀਆਂ ਤੇ ਮੁੰਡਿਆਂ ਦੇ ਹੋਸਟਲ ਬਣਾਉਣ ਲਈ 48.91 ਕਰੋੜ ਰੁਪਏ ਵੀ ਜਾਰੀ ਕੀਤੇ। ਸ੍ਰੀ ਮਾਨ ਨੇ ਕਿਹਾ ਕਿ ਮੁੰਡਿਆਂ ਦੇ ਹੋਸਟਲ ਲਈ 25.91 ਕਰੋੜ ਰੁਪਏ ਤੇ ਕੁੜੀਆਂ ਦੇ ਹੋਸਟਲ ਲਈ 23 ਕਰੋੜ ਰੁਪਏ ਜਾਰੀ ਕੀਤੇ ਹਨ। ਇਨ੍ਹਾਂ ਹੋਸਟਲਾਂ ਦੇ ਬਣਨ ਨਾਲ ਵਿਦਿਆਰਥੀ ਆਪਣੇ ਪੜ੍ਹਾਈ ’ਤੇ ਵਧੇਰੇ ਧਿਆਨ ਦੇ ਸਕਣਗੇ ਤੇ ਉਨ੍ਹਾਂ ਨੂੰ ਕੈਂਪਸ ’ਚ ਹੀ ਰਿਹਾਇਸ਼ ਦੀ ਸਹੂਲਤ ਮਿਲਣ ਨਾਲ ਕਿਤੇ ਹੋਰ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੂਬੇ ਦੀ ਵਿਰਾਸਤ ਹੈ, ਇਸ ਯੂਨੀਵਰਸਿਟੀ ਦੀ ਸੰਭਾਲ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਉਨ੍ਹਾਂ ਕਿਹਾ ਕਿ ਇਹ ਹੋਸਟਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸਾਲਾਂ ਦੌਰਾਨ ਘਰ ਵਰਗੀ ਠਹਿਰ ਦਿੱਤੀ ਜਾਵੇਗੀ। ਵਿਦਿਆਰਥੀਆਂ ਦੀ ਆਪਣੇ ਹੋਸਟਲ ਵਾਲੇ ਕਮਰਿਆਂ ਨਾਲ ਖ਼ਾਸ ਭਾਵੁਕ ਸਾਂਝ ਹੁੰਦੀ ਹੈ। ਇਹ ਹੋਸਟਲ ਸਿਰਫ਼ ਚਾਰ ਕੰਧਾਂ ਵਾਲੇ ਕਮਰੇ ਹੀ ਨਹੀਂ ਹੋਣਗੇ, ਸਗੋਂ ਇਹ ਸਿੱਖਿਆ ਪ੍ਰਾਪਤ ਕਰਨ ਲਈ ਅਨੁਕੂਲ ਮਾਹੌਲ ਵੀ ਮੁਹੱਈਆ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 25 ਜੁਲਾਈ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਦਾ ਦੌਰਾ ਕਰਕੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੇ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ ਅਤੇ ਲੜਕੇ ਤੇ ਲੜਕੀਆਂ ਲਈ ਹੋਸਟਲ ਬਣਾਉਣ ਦਾ ਐਲਾਨ ਕੀਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਨੇ ਅਹਿਮ ਹਸਤੀਆਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਖ਼ੇਤਰ ਨੂੰ ਵਿਸ਼ੇਸ਼ ਤਵੱਜੋ ਦੇ ਰਹੀ ਹੈ, ਚਾਹੇ ਉਹ ਸਕੂਲ ਤੇ ਕਾਲਜ ਪੱਧਰ ਦੀ ਸਿੱਖਿਆ ਹੋਵੇ ਜਾਂ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਹੋਵੇ।