ਪੰਜਾਬ ਪੁੱਜੀ ਪੰਜ ਮੈਕਸਿਕਨ ਨਾਗਰਿਕਾਂ ਦੀ ਟੀਮ

ਪੰਜਾਬ ਪੁੱਜੀ ਪੰਜ ਮੈਕਸਿਕਨ ਨਾਗਰਿਕਾਂ ਦੀ ਟੀਮ

ਅੰਮ੍ਰਿਤਸਰ- ਮੈਕਸੀਕੋ ਅਤੇ ਪੰਜਾਬ ਦਰਮਿਆਨ ਸੱਭਿਆਚਾਰ, ਸੈਰ-ਸਪਾਟਾ ਅਤੇ ਵਣਜ ਦੇ ਆਦਾਨ-ਪ੍ਰਦਾਨ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਇੰਡ-ਮੈਕਸ ਬਿਜ਼ਨਸ ਇੰਟਰਨੈਸ਼ਨਲ ਕੰਪਨੀ ਦੇ ਬੈਨਰ ਹੇਠ ਪੰਜ ਮੈਕਸਿਕਨ ਨਾਗਰਿਕਾਂ ਦੀ ਇੱਕ ਟੀਮ ਇੱਥੇ ਪਹੁੰਚੀ ਹੈ। ਇਸ ਦੀ ਅਗਵਾਈ ਮੈਕਸਿਕੋ ਸਰਕਾਰ ਦੀ ਨੁਮਾਇੰਦਗੀ ਕਰ ਰਹੀ ਜ਼ੋਚਿਲਟ ਰੇਸੈਂਡਿਜ ਸਿੱਧੂ ਕਰ ਰਹੀ ਹੈ। ਉਨ੍ਹਾਂ ਨਾਲ ਉਸ ਦੇ ਪਤੀ ਦਿਨੇਸ਼ ਸਿੰਘ ਸਿੱਧੂ ਵੀ ਹਨ। ਇਨ੍ਹਾਂ ਤੋਂ ਇਲਾਵਾ ਵਫ਼ਦ ਵਿੱਚ ਐਂਜੇਲਾ ਨਾਸਟਾ ਡਿਜ਼ਾਈਨਰ, ਫੈਸ਼ਨ ਉਦਯੋਗ ਨਾਲ ਜੁੜੀ ਐਂਜਲਾਸ ਗੋਡੋਏ ਅਤੇ ਮੈਕਸੀਕੋ ਤੇ ਅਮਰੀਕਾ ਵਿੱਚ ਰੇਸਤਰਾਂ ਦੀ ਇੱਕ ਲੜੀ ਚਲਾਉਂਦੀ ਐਲਿਜ਼ਾਬੈੱਥ ਟ੍ਰੇਵਿਨੋ ਸ਼ਾਮਲ ਹਨ।

ਇਸ ਮੌਕੇ ਜ਼ੋਚਿਲਟ ਨੇ ਕਿਹਾ ਕਿ ਉਹ ਔਰਤਾਂ ਦੇ ਸਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਜਿਸ ਤਹਿਤ ਉਹ ਔਰਤਾਂ, ਖਾਸ ਤੌਰ ’ਤੇ ਸਮਾਜ ਦੇ ਵਾਂਝੇ ਵਰਗ ਜਾਂ ਲੋੜਵੰਦਾਂ ਨੂੰ ਨੌਕਰੀ ਅਤੇ ਕਾਰੋਬਾਰ ਦੇ ਮੌਕੇ ਦੇਣਾ ਚਾਹੁੰਦੀ ਹੈ। ਉਹ ਮੈਕਸੀਕਨ ਡਿਜ਼ਾਈਨਰਾਂ ਅਤੇ ਰੇਸਤਰਾਂ ਚਲਾਉਣ ਵਾਲਿਆਂ ਨੂੰ ਪੰਜਾਬ ਵਿੱਚ ਲਿਆਉਣਾ ਚਾਹੁੰਦੀ ਹੈ। ਇੰਡ-ਮੈਕਸ ਬਿਜ਼ਨਸ ਇੰਟਰਨੈਸ਼ਨਲ ਦੇ ਮਾਲਕ ਦਿਨੇਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੰਤਵ ਇੱਥੇ ਹੈਂਡੀਕ੍ਰਾਫਟ, ਸੈਰ-ਸਪਾਟਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਪਹਿਰਾਵਾ ਡਿਜ਼ਾਈਨਰ ਐਂਜੇਲਾ ਨਾਸਟਾ ਦਾ ਮੰਨਣਾ ਹੈ ਕਿ ਹੱਥਾਂ ਨਾਲ ਬਣੇ ਕੱਪੜੇ ਦਾ ਕੰਮ ਪੰਜਾਬ ਤੋਂ ਸ਼ੁਰੂ ਕਰਨਾ ਇੱਕ ਚੰਗਾ ਉੱਦਮ ਹੋ ਸਕਦਾ ਹੈ। ਐਂਜਲਾਸ ਗੋਡੋਏ ਨੇ ਕਿਹਾ ਕਿ ਪੰਜਾਬ ਵਿੱਚ ਰਵਾਇਤੀ ਪੰਜਾਬੀ ਪਹਿਰਾਵੇ ਨੂੰ ਉਹ ਪੰਜਾਬੀ ਕਢਾਈ ਅਤੇ ਮੈਕਸੀਕਨ ਪੇਂਟਿੰਗ ਦੇ ਨਾਲ ਪੇਸ਼ ਕਰਨਗੇ। ਐਲਿਜ਼ਾਬੈੱਥ ਟ੍ਰੇਵਿਨੋ ਨੇ ਕਿਹਾ ਕਿ ਮੈਕਸੀਕਨ ਅਤੇ ਪੰਜਾਬੀ ਪਕਵਾਨਾਂ ਦੇ ਸਵਾਦ ਲਗਪੱਗ ਇੱਕੋ ਜਿਹੇ ਹਨ। ਉਹ ਇੱਥੇ ਮੈਕਸੀਕਨ ਪਕਵਾਨਾਂ ਨੂੰ ਪੰਜਾਬੀ ਤੜਕਾ ਦੇ ਨਾਲ ਪੇਸ਼ ਕਰਨਗੇ।