ਪੰਜਾਬ ਪੁਲੀਸ ਨੂੰ ਅੰਕਿਤ ਤੇ ਸਚਿਨ ਚੌਧਰੀ ਦਾ ਟਰਾਂਜ਼ਿਟ ਰਿਮਾਂਡ ਮਿਲਿਆ

ਪੰਜਾਬ ਪੁਲੀਸ ਨੂੰ ਅੰਕਿਤ ਤੇ ਸਚਿਨ ਚੌਧਰੀ ਦਾ ਟਰਾਂਜ਼ਿਟ ਰਿਮਾਂਡ ਮਿਲਿਆ

ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸ਼ੂਟਰ ਹੈ ਅੰਕਿਤ; ਦੋਵਾਂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਕੀਤਾ ਜਾਵੇਗਾ ਪੇਸ਼
ਮਾਨਸਾ – ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਅੱਜ ਪੰਜਾਬ ਪੁਲੀਸ ਨੂੰ ਸਭ ਤੋਂ ਛੋਟੀ ਉਮਰ ਦੇ ਸ਼ੂਟਰ ਅੰਕਿਤ ਸੇਰਸਾ (19) ਅਤੇ ਸ਼ੂਟਰ ਸਚਿਨ ਚੌਧਰੀ ਉਰਫ਼ ਸਚਿਨ ਭਿਵਾਨੀ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ ਹੈ। ਪੰਜਾਬ ਪੁਲੀਸ ਦੀ 36 ਮੈਂਬਰੀ ਹਥਿਆਰਬੰਦ ਟੀਮ ਵੱਲੋਂ ਵੀਰਵਾਰ ਦੇਰ ਰਾਤ ਉਨ੍ਹਾਂ ਨੂੰ ਦਿੱਲੀ ਤੋਂ ਮਾਨਸਾ ਲਿਆਂਦਾ ਗਿਆ। ਉਨ੍ਹਾਂ ਨੂੰ ਸਥਾਨਕ ਸੀਆਈਏ ਥਾਣੇ ਵਿਚ ਰੱਖਿਆ ਗਿਆ ਹੈ ਅਤੇ ਭਲਕੇ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕਰਨ ਦੀ ਸੰਭਾਵਨਾ ਹੈ। ਮਾਨਸਾ ਪੁਲੀਸ ਦੇ ਇੱਕ ਅਧਿਕਾਰੀ ਅਨੁਸਾਰ ਅੰਕਿਤ ਸੇਰਸਾ ਮੂਸੇਵਾਲਾ ਦੇ ਕਤਲ ਲਈ ਲੋੜੀਂਦਾ ਹੈ ਤੇ ਉਸ ਤੋਂ ਪੁੱਛ-ਪੜਤਾਲ ਕਰਨ ਦੀ ਸਖ਼ਤ ਜ਼ਰੂਰਤ ਸੀ। ਇਸ ਸਬੰਧ ਵਿੱਚ ਪੁਲੀਸ ਨੇ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ, ਕੇਸ਼ਵ ਅਤੇ ਦੀਪਕ ਟੀਨੂੰ ਨੂੰ ਪਹਿਲਾਂ ਹੀ ਪੁੱਛ-ਪੜਤਾਲ ਲਈ ਮਾਨਸਾ ਦੇ ਸੀਆਈਏ ਸਟਾਫ਼ ਵਿੱਚ ਰਿਮਾਂਡ ’ਤੇ ਲਿਆ ਹੋਇਆ ਹੈ। ਹੁਣ ਇਨ੍ਹਾਂ ਤੋਂ ਇਕੱਠਿਆਂ ਨਵੇਂ ਸਿਰੇ ਤੋਂ ਪੜਤਾਲ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਅੰਕਿਤ ਸੇਰਸਾ ਉਸ ਵੇਲੇ ਸੁਰਖੀਆਂ ਵਿੱਚ ਆਇਆ, ਜਦੋਂ ਦਿੱਲੀ ਪੁਲੀਸ ਵੱਲੋਂ ਇਸ ਨੂੰ ਸਚਿਨ ਭਿਵਾਨੀ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਸਭ ਤੋਂ ਨੇੜੇ ਜਾ ਕੇ ਗੋਲੀਆਂ ਚਲਾਉਣ ਵਾਲਾ ਸ਼ੂਟਰ ਹੈ। ਅੰਕਿਤ ਚਾਰ ਭੈਣਾਂ ਤੇ ਦੋ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ ਤੇ ਸੋਨੀਪਤ-ਦਿੱਲੀ ਸਰਹੱਦ ’ਤੇ ਕੁੰਡਲੀ ਇੰਡਸਟਰੀਜ਼ ਖੇਤਰ ਨਾਲ ਲੱਗਦੇ ਪਿੰਡ ਸੇਰਸਾ ਦਾ ਰਹਿਣ ਵਾਲਾ ਹੈ। ਉਸ ਬਾਰੇ ਮੀਡੀਆ ’ਚ ਇਹ ਗੱਲ ਵੀ ਵਾਇਰਲ ਹੋ ਰਹੀ ਹੈ ਕਿ ਉਸ ਨੇ ਦੋਵੇਂ ਹੱਥਾਂ ਨਾਲ ਸਿੱਧੂ ਮੂਸੇਵਾਲਾ ’ਤੇ ਗੋਲੀਆਂ ਚਲਾਈਆਂ ਸਨ। ਵੇਰਵਿਆਂ ਅਨੁਸਾਰ ਅੰਕਿਤ ਸੇਰਸਾ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਕੁੱਝ ਮਹੀਨੇ ਪਹਿਲਾਂ ਤੋਂ ਸੋਨੀਪਤ ਦੇ ਗੈਂਗਸਟਰ ਪ੍ਰਿਆਵਰਤ ਫੌਜੀ ਨਾਲ ਜੁੜਿਆ ਸੀ ਤੇ ਕਤਲ ਤੋਂ ਚਾਰ ਦਿਨ ਪਹਿਲਾਂ ਫ਼ਤਿਆਬਾਦ ਦੇ ਇੱਕ ਪੈਟਰੋਲ ਪੰਪ ’ਤੇ ਲੱਗੇ ਸੀਸੀਟੀਵੀ ਕਮਰਿਆਂ ਵਿੱਚ ਉਸ ਦੀ ਤਸਵੀਰ ਕੈਦ ਹੋਣ ਮਗਰੋਂ ਉਸ ਦਾ ਸਬੰਧ ਇਸ ਕੇਸ ਨਾਲ ਜੋੜ ਕੇ ਵੇਖਿਆ ਜਾਣ ਲੱਗਿਆ ਹੈ। ਅੰਕਿਤ 6 ਅਪਰੈਲ ਨੂੰ ਨਵਰਾਤਰੀ ਵਾਲੇ ਦਿਨ ਘਰੋਂ ਤੁਰਨ ਵੇਲੇ ਆਪਣੇ ਪਰਿਵਾਰ ਨੂੰ ਇਹ ਸਲਾਹ ਦੇ ਕੇ ਗਿਆ ਸੀ ਕਿ ਉਹ ਉਸ ਨੂੰ ਬੇਦਖਲ ਕਰ ਦੇਣ ਨਹੀਂ ਤਾਂ ਪੁਲੀਸ ਉਨ੍ਹਾਂ ਨੂੰ ਤੰਗ ਕਰੇਗੀ। ਪੁਲੀਸ ਅਨੁਸਾਰ ਅੰਕਿਤ ਨੇ ਸਭ ਤੋਂ ਪਹਿਲਾ ਅਪਰਾਧ ਮੋਬਾਈਲ ਚੋਰੀ ਦਾ ਕੀਤਾ ਸੀ। ਦਸਵੀਂ ਵਿੱਚੋਂ ਫੇਲ੍ਹ ਹੋਣ ਮਗਰੋਂ ਅੰਕਿਤ ਦੇ ਪਰਿਵਾਰ ਨੇ ਉਸ ਨੂੰ ਮਾਸੀ ਕੋਲ ਬਹਾਦਰਗੜ੍ਹ ਭੇਜ ਦਿੱਤਾ, ਜਿਥੇ ਉਸ ਦਾ ਨਾਂ ਮੋਬਾਈਲ ਚੋਰੀ ਕਰਨ ਦੇ ਦੋਸ਼ ਹੇਠ ਆਇਆ। ਇੱਕ ਸਾਲ ਪਹਿਲਾਂ ਰਾਜਸਥਾਨ ਵਿੱਚ ਉਸ ’ਤੇ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲੱਗਿਆ।