ਪੰਜਾਬ ਨੂੰ ਹੋਰ ਜ਼ਰਖੇਜ਼ ਬਣਾਏਗਾ ਖੇਡ ਸੱਭਿਆਚਾਰ: ਮੀਤ ਹੇਅਰ

ਬਰਨਾਲਾ-ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸੂਬਾ ਪੱਧਰੀ ਬਾਸਕਿਟ ਬਾਲ, ਟੇਬਲ ਟੈਨਿਸ ਤੇ ਨੈੱਟਬਾਲ ਦੇ ਮੁਕਾਬਲਿਆਂ ਦਾ ਆਗਾਜ਼ ਅੱਜ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਸਥਾਨਕ ਐੱਸਡੀ ਕਾਲਜ ਵਿੱਚ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਮੰਤਰੀ ਮੀਤ ਹੇਅਰ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਪੈਦਾ ਹੋਇਆ ਖੇਡ ਸੱਭਿਆਚਾਰ ਪੰਜਾਬ ਦੀ ਧਰਤੀ ਨੂੰ ਹੋਰ ਜ਼ਰਖੇਜ਼ ਬਣਾਵੇਗਾ। ਉਨ੍ਹਾਂ ਦੱਸਿਆ ਕਿ ਇਹ ਖੇਡਾਂ ਬਲਾਕ ਅਤੇ ਜ਼ਿਲ੍ਹਾ ਪੱਧਰ ਤੋਂ ਬਾਅਦ ਸੂਬਾ ਪੱਧਰ ’ਤੇ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਵਿੱਚ ਕੁਲ 8 ਹਜ਼ਾਰ ਖਿਡਾਰੀ ਸੂਬਾ ਪੱਧਰ ’ਤੇ ਪੁਜ਼ੀਸ਼ਨਾਂ ਹਾਸਲ ਕਰਕੇ 6 ਕਰੋੜ ਰੁਪਏ ਦੇ ਇਨਾਮਾਂ ਦੇ ਹੱਕਦਾਰ ਹੋਣਗੇ। ਬਰਨਾਲਾ ਵਿੱਚ ਕਰਵਾਈਆਂ ਜਾ ਰਹੀਆਂ ਸੂਬਾ ਪੱਧਰੀ ਖੇਡਾਂ ’ਚ ਅੰਡਰ 14 ਤੇ 17 ਵਰਗ ’ਚ 14-14 ਟੀਮਾਂ ਭਾਗ ਲੈ ਰਹੀਆਂ ਹਨ, ਜਦਕਿ 12 ਟੀਮਾਂ ਅੰਡਰ 21 ਅਤੇ 8 ਟੀਮਾਂ 21 ਤੋਂ 40 ਉਮਰ ਵਰਗ ਵਿੱਚ ਭਾਗ ਲੈ ਰਹੀਆਂ ਹਨ।