ਪੰਜਾਬ ਨੂੰ ਵੀ ਕਾਂਗਰਸ ਤੇ ‘ਆਪ’ ਤੋਂ ਮੁਕਤ ਕਰਾਵਾਂਗੇ: ਜਾਖੜ

ਪੰਜਾਬ ਨੂੰ ਵੀ ਕਾਂਗਰਸ ਤੇ ‘ਆਪ’ ਤੋਂ ਮੁਕਤ ਕਰਾਵਾਂਗੇ: ਜਾਖੜ

ਚੰਡੀਗੜ੍ਹ- ਹਾਲ ਹੀ ਵਿੱਚ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਤਿੰਨ ਸੂਬਿਆਂ ’ਚ ਭਾਜਪਾ ਦੀ ਹੋਈ ਜਿੱਤ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਤਿਹਾਸਕ ਜਿੱਤ ਕਰਾਰ ਦਿੱਤਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਹ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ, ਇਰਾਦੇ ਅਤੇ ਲੋਕਾਂ ਪ੍ਰਤੀ ਸੱਚੇ ਸਮਰਪਣ ਦੇ ਨਤੀਜੇ ਵਜੋਂ ਹੋਈ ਹੈ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਉਹ ਪ੍ਰਧਾਨ ਮੰਤਰੀ ਦਾ ਸੁਨੇਹਾ ਪੰਜਾਬ ਦੇ ਹਰ ਸ਼ਹਿਰ, ਕਸਬੇ ਤੇ ਪਿੰਡ ਵਿੱਚ ਲੈ ਕੇ ਜਾਣਗੇ ਅਤੇ ਪੰਜਾਬ ਨੂੰ ਵੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਮੁਕਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀ ਹੋਂਦ ਇਸ ਹੱਦ ਤੱਕ ਗੁਆ ਚੁੱਕੀ ਹੈ ਕਿ ਕੋਈ ਵੀ ਹੋਰ ਪਾਰਟੀ ‘ਇੰਡੀਆ’ ਗੱਠਜੋੜ ਦੇ ਸੰਦਰਭ ਵਿੱਚ ਉਨ੍ਹਾਂ ਨਾਲ ਹੁਣ ਗੱਲ ਕਰਨ ਤੋਂ ਵੀ ਟਾਲਾ ਵੱਟੇਗੀ। ਸ੍ਰੀ ਜਾਖੜ ਨੇ ਕਿਹਾ ਕਿ ਚਾਰੋਂ ਸੂਬਿਆਂ ਵਿੱਚ ਚੋਣ ਪ੍ਰਚਾਰ ਦੌਰਾਨ ਵਧੇਰੇ ਸਿਆਸੀ ਆਗੂ ਲੋਕਾਂ ਨੂੰ ਲੁਭਾਉਣ ਲਈ ਗਾਰੰਟੀਆਂ ਦੀਆਂ ਟੋਕਰੀਆਂ ਲੈ ਕੇ ਆਏ ਸਨ ਪਰ ਜਨਤਾ ਨੇ ਮੋਦੀ ਦੀਆਂ ਗਾਰੰਟੀਆਂ ਨੂੰ ਹੀ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਪਹਿਲਾਂ ਵਾਂਗ ਖਾਲੀ ਚਿਹਰਿਆਂ ਨਾਲ ਨਹੀਂ ਜਿੱਤੀਆਂ ਜਾਂਦੀਆਂ, ਜਨਤਾ ਨੂੰ ਕੰਮ ਕਰ ਕੇ ਦਿਖਾਉਣੇ ਪੈਂਦੇ ਹਨ। ਭਾਜਪਾ ਪ੍ਰਧਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ‘ਆਪ’ ਨੇ ਚੋਣਾਂ ਵਿੱਚ ਕਰੋੜਾਂ ਰੁਪਏ ਬਰਬਾਦ ਕੀਤੇ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਦੇ ਵਸੀਲਿਆਂ ਦੀ ਆਪਣੀ ਪਾਰਟੀ ਦੇ ਪ੍ਰਚਾਰ ਲਈ ਦੁਰਵਰਤੋਂ ਕੀਤੀ ਜਿਸ ਦਾ ਸਮਾਂ ਆਉਣ ’ਤੇ ਹਿਸਾਬ ਲਿਆ ਜਾਵੇਗਾ।