ਪੰਜਾਬ ਨੂੰ ਦੀਵਾਲੀਆ ਕਰਨ ਲੱਗੀ ਸਰਕਾਰ: ਨਵਜੋਤ ਸਿੱਧੂ

ਪੰਜਾਬ ਨੂੰ ਦੀਵਾਲੀਆ ਕਰਨ ਲੱਗੀ ਸਰਕਾਰ: ਨਵਜੋਤ ਸਿੱਧੂ

ਕੇਂਦਰ ਵੱਲੋਂ ਪੰਜਾਬ ਦੇ ਫੰਡ ਰੋਕਣ ਅਤੇ ਰਾਜਪਾਲ ਦੇ ਸਵਾਲਾਂ ਨੂੰ ਵਾਜਬ ਦੱਸਿਆ
ਪਟਿਆਲਾ- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇੱਥੇ ਕਿਹਾ ਕਿ ਭਗਵੰਤ ਮਾਨ ਸਰਕਾਰ ਪੰਜਾਬ ਨੂੰ ਦੀਵਾਲੀਆ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹਰ ਸਾਲ 15 ਹਜ਼ਾਰ ਕਰੋੜ, ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਹਰ ਸਾਲ 20 ਹਜ਼ਾਰ ਕਰੋੜ ਰੁਪਏ ਪੰਜਾਬ ’ਤੇ ਕਰਜ਼ ਚੜ੍ਹਾਇਆ ਸੀ, ਪਰ ਮਾਨ ਸਰਕਾਰ ਨੇ ਇਹ ਕਰਜ਼ਾ ਵਧਾ ਕੇ ਹਰ ਸਾਲ 35 ਹਜ਼ਾਰ ਕਰੋੜ ਦਾ ਚੜ੍ਹਾ ਦਿੱਤਾ ਹੈ। ਨਵਜੋਤ ਸਿੱਧੂ ਇੱਥੇ ਆਪਣੀ ਨਿੱਜੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਗੋਂ ਪੰਜਾਬ ਦੇ ਫ਼ੰਡ ਰੋਕ ਕੇ ਸੂਬੇ ਨੂੰ ਹੋਰ ਕਰਜ਼ਾਈ ਹੋਣ ਤੋਂ ਬਚਾਇਆ ਹੈ। ਉਸ ਐਲਾਨ ਕੀਤਾ ਕਿ ਹੁਣ ਉਹ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਵਿਰੁੱਧ ਆਵਾਜ਼ ਬੁਲੰਦ ਕਰਦਾ ਰਹੇਗਾ।

ਨਵਜੋਤ ਸਿੱਧੂ ਨੇ ਕਿਹਾ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਸਵਾਲ ਬੇਸ਼ੱਕ ਬੜੇ ਤਿੱਖੇ ਹਨ ਪਰ ਸਹੀ ਹਨ। ਤੁਸੀਂ ਡੇਢ ਸਾਲ ਵਿੱਚ 50 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜੇ ਛਿਮਾਹੀ ਹੋਰ ਜੋੜ ਲਈਏ ਤਾਂ 17 ਹਜ਼ਾਰ ਕਰੋੜ ਰੁਪਏ ਹੋਰ ਕਰਜ਼ ਹੋ ਜਾਏਗਾ। ਅਗਲੇ ਸਾਲ ਜਦੋਂ ਬਜਟ ਪੇਸ਼ ਹੋਵੇਗਾ ਤਾਂ ਇਹ ਰਕਮ 70 ਹਜ਼ਾਰ ਕਰੋੜ ਰੁਪਏ ਹੋਵੇਗੀ। 2007 ਵਿੱਚ ਜਦੋਂ ਕੈਪਟਨ ਸਰਕਾਰ ਸੱਤਾ ਵਿੱਚ ਆਈ ਤਾਂ 20 ਹਜ਼ਾਰ ਕਰੋੜ ਰੁਪਏ ਦਾ ਪੰਜਾਬ ’ਤੇ ਕਰਜ਼ਾ ਸੀ। ਅਕਾਲੀ ਦਲ ਨੇ 10 ਸਾਲਾਂ ਵਿੱਚ ਡੇਢ ਲੱਖ ਕਰੋੜ ਰੁਪਏ ਕਰਜ਼ ਚੜ੍ਹਾ ਦਿੱਤਾ। ਕਾਂਗਰਸ ਨੇ 5 ਸਾਲਾਂ ਵਿੱਚ 1 ਲੱਖ ਕਰੋੜ ਰੁਪਏ ਕਰਜ਼ ਚੜ੍ਹਾਇਆ। ਉਨ੍ਹਾਂ ਕਿਹਾ ਕਿ ਜਿਸ ਰਫ਼ਤਾਰ ਨਾਲ ਮਾਨ ਸਰਕਾਰ ਕਰਜ਼ਾ ਲੈ ਰਹੀ ਹੈ ਪੰਜਾਬ ਬਹੁਤ ਜਲਦ ਦੀਵਾਲੀਆ ਹੋ ਜਾਵੇਗਾ। ਸ੍ਰੀ ਸਿੱਧੂ ਨੇ ਇਸ ਦੌਰਾਨ ਕੈਗ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਜਿਹੜਾ ਸੂਬਾ ਪਹਿਲੇ ਨੰਬਰ ’ਤੇ ਸੀ ਅੱਜ ਉਹ ਬੁਰੀ ਤਰ੍ਹਾਂ ਪੱਛੜ ਗਿਆ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਨੂੰ ਗਹਿਣੇ ਰੱਖ ਕੇ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਮੇਂ ਰੇਤ 3500 ਹਜ਼ਾਰ ਰੁਪਏ ਟਰਾਲੀ ਮਿਲਦੀ ਸੀ, ਹੁਣ ਰੇਤ 12 ਤੋਂ 15 ਹਜ਼ਾਰ ਰੁਪਏ ਟਰਾਲੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਜ਼ਾਰਾਂ ਕੇਬਲ ਅਪਰੇਟਰਾਂ ਨੂੰ ਇਕ ਵਿਅਕਤੀ ਨੇ ਬੰਦੀ ਬਣਾ ਲਿਆ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਤਾਮਿਲਨਾਡੂ 40 ਹਜ਼ਾਰ ਕਰੋੜ ਰੁਪਏ ਕਮਾਉਂਦਾ ਹੈ, ਉੱਥੇ ਦੀ ਖਪਤ ਪੰਜਾਬ ਨਾਲੋਂ ਅੱਧੀ ਹੈ। ਜ਼ਿਕਰਯੋਗ ਹੈ ਕਿ ਇੱਥੇ ਅੱਜ ਨਵਜੋਤ ਸਿੱਧੂ ਨਾਲ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕੋਈ ਵੀ ਆਗੂ ਨਹੀਂ ਸੀ।