ਪੰਜਾਬ ਨੂੰ ਅਫ਼ਗ਼ਾਨਿਸਤਾਨ ਨਹੀਂ ਬਣਨ ਦੇਵਾਂਗੇ: ਭਗਵੰਤ ਮਾਨ

ਪੰਜਾਬ ਨੂੰ ਅਫ਼ਗ਼ਾਨਿਸਤਾਨ ਨਹੀਂ ਬਣਨ ਦੇਵਾਂਗੇ: ਭਗਵੰਤ ਮਾਨ

ਗੜਬੜ ਕਰਨ ਵਾਲਿਆਂ ਦੇ ਭੁਲੇਖੇ ਕੱਢਣ ਤੇ ਪੰਜਾਬ ਨੂੰ ਪੁਰਾਣੇ ਦਿਨਾਂ ’ਚ ਨਾ ਜਾਣ ਦੇਣ ਦਾ ਦਾਅਵਾ
ਚੰਡੀਗੜ੍ – ਮੁੱਖ ਮੰਤਰੀ ਭਗਵੰਤ ਮਾਨ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਮੁੱਖ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਚੱਲ ਰਹੇ ਅਪਰੇਸ਼ਨ ਦੌਰਾਨ ਅੱਜ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬ ਨੂੰ ਅਫ਼ਗ਼ਾਨਿਸਤਾਨ ਨਹੀਂ ਬਣਨ ਦੇਣਗੇ ਤੇ ਨਾ ਹੀ ਪੰਜਾਬ ਵਿਰੋਧੀ ਤਾਕਤਾਂ ਦੇ ਮਨਸੂਬੇ ਕਾਮਯਾਬ ਹੋਣ ਦੇਣਗੇ। ਕਰੀਬ ਇਕ ਹਫ਼ਤੇ ਮਗਰੋਂ ਅੱਜ ਲਾਈਵ ਹੋ ਕੇ ਪੰਜਾਬੀ ਭਾਸ਼ਾ ’ਚ ਦਿੱਤੇ ਸੁਨੇਹੇ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਧਰਮ ਦੇ ਨਾਮ ’ਤੇ ਦੁਕਾਨਾਂ ਚਲਾਉਣ ਵਾਲਿਆਂ ਦੇ ਦਿਮਾਗਾਂ ’ਚੋਂ ਗੜਬੜ ਕਰਨ ਦਾ ਭੁਲੇਖਾ ਕੱਢ ਦਿਆਂਗੇ।

ਚੇਤੇ ਰਹੇ ਕਿ ਪੰਜਾਬ ਪੁਲੀਸ 18 ਮਾਰਚ ਤੋਂ ਹੀ ਇਸ ਪੂਰੇ ਅਪਰੇਸ਼ਨ ਦੀ ਅਗਵਾਈ ਕਰ ਰਹੀ ਸੀ ਜਦੋਂਕਿ ਸੱਤਾਧਾਰੀ ਧਿਰ ਖ਼ਾਮੋਸ਼ ਸੀ। ਦੋ ਦਿਨ ਪਹਿਲਾਂ ਮੁੱਖ ਮੰਤਰੀ ਨੇ ਲਾਈਵ ਹੋ ਕੇ ਹਿੰਦੀ ਵਿਚ ਆਪਣੀ ਗੱਲ ਰੱਖੀ ਸੀ ਜਿਸ ਤੋਂ ਪੰਜਾਬੀ ਪ੍ਰੇਮੀਆਂ ਵਿਚ ਘੁਸਰ-ਮੁਸਰ ਵੀ ਹੋਈ ਸੀ। ਅੱਜ ਭਗਵੰਤ ਮਾਨ ਨੇ ਲਾਈਵ ਹੋ ਕੇ ਦੇਸ਼ ਵਿਰੋਧੀ ਤਾਕਤਾਂ ਨੂੰ ਤਾੜਿਆ ਹੈ। ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੰਜਾਬ ਨੂੰ ਪੁਰਾਣੇ ਦਿਨਾਂ ਵਿਚ ਨਹੀਂ ਜਾਣ ਦੇਣਗੇ। ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਸੂਬੇ ਨੂੰ ਫ਼ਿਰਕੂ ਲੀਹਾਂ ’ਤੇ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਧਰਮ ਪ੍ਰਚਾਰਕਾਂ ਦਾ ਸੂਬੇ ਅਤੇ ਇੱਥੋਂ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਇਹ ਆਗੂ ਸਿਰਫ਼ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਪਰਿਵਾਰਾਂ ਦੇ ਪੁੱਤਰਾਂ ਨੂੰ ਹਥਿਆਰ ਚੁੱਕਣ ਦਾ ਉਪਦੇਸ਼ ਦੇਣਾ ਬਹੁਤ ਸੌਖਾ ਹੈ, ਪਰ ਅਜਿਹੇ ਪ੍ਰਚਾਰਕ ਜਦੋਂ ਕੌੜੀਆਂ ਹਕੀਕਤਾਂ ਦਾ ਸਾਹਮਣਾ ਕਰਦੇ ਹਨ ਤਾਂ ਇਨ੍ਹਾਂ ਗੱਲਾਂ ਤੋਂ ਭੱਜ ਜਾਂਦੇ ਹਨ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਧਰਮ ਦੇ ਨਾਮ ’ਤੇ ਚਲਾਈਆਂ ਜਾ ਰਹੀਆਂ ਫ਼ਿਰਕੂ ਫ਼ੈਕਟਰੀਆਂ ਦਾ ਕੱਚਾ ਮਾਲ ਨਹੀਂ ਬਣਨ ਦੇਵੇਗੀ। ਉਹ ਨੌਜਵਾਨਾਂ ਦੇ ਹੱਥਾਂ ’ਚ ਕਿਤਾਬਾਂ, ਲੈਪਟਾਪ, ਨੌਕਰੀਆਂ, ਮੈਡਲ ਅਤੇ ਤਰੱਕੀ ਦੇਖਣਾ ਚਾਹੁੰਦੇ ਹਨ, ਪਰ ਇਹ ਆਗੂ ਨੌਜਵਾਨਾਂ ਨੂੰ ਹੱਥਾਂ ’ਚ ਹਥਿਆਰ ਚੁੱਕਣ ਲਈ ਕਹਿ ਕੇ ਉਜਾੜਨਾ ਚਾਹੁੰਦੇ ਹਨ। ਉਹ ਸਿਰਫ਼ ਲੋਕਾਂ ਦੇ ਦਿਲ ਜਿੱਤ ਕੇ ਸਰਕਾਰ ਬਣਾਉਣਾ ਜਾਣਦੇ ਹਨ।