ਪੰਜਾਬ ਦੇ ਵਿਕਾਸ ਲਈ ਇੰਜਨੀਅਰ ਰੀੜ੍ਹ ਦੀ ਹੱਡੀ: ਈਟੀਓ

ਪੰਜਾਬ ਦੇ ਵਿਕਾਸ ਲਈ ਇੰਜਨੀਅਰ ਰੀੜ੍ਹ ਦੀ ਹੱਡੀ: ਈਟੀਓ

ਚੰਡੀਗੜ੍ਹ- ਪੰਜਾਬ ਦੇ ਇੰਜਨੀਅਰਾਂ ਨੂੰ ਅਗਲੇ ਵਰ੍ਹੇ ਤੋਂ ਇੰਜਨੀਅਰ ਦਿਵਸ ਸਰਕਾਰੀ ਤੌਰ ’ਤੇ ਮਨਾਏ ਜਾਣ ਦੀ ਆਸ ਬੱਝੀ ਹੈ। ‘ਕੌਂਸਲ ਆਫ਼ ਡਿਪਲੋਮਾ ਇੰਜਨੀਅਰ ਪੰਜਾਬ’ ਵੱਲੋਂ ਜਥੇਬੰਦੀ ਦੇ ਸੂਬਾਈ ਚੇਅਰਮੈਨ ਕਰਮਜੀਤ ਸਿੰਘ ਬੀਹਲਾ ਦੀ ਅਗਵਾਈ ਹੇਠ ਅੱਜ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿੱਚ ਇੰਜਨੀਅਰ ਦਿਵਸ ਨੂੰ ਸਮਰਪਿਤ ਕਰਵਾਏ ਗਏ ਸੂਬਾ ਪੱਧਰੀ ਸਮਾਗਮ ’ਚ ਪੁੱਜੇ ਪੰਜਾਬ ਦੇ ਤਿੰਨ ਮੰਤਰੀਆਂ ਨੇ ਇਹ ਮੰਗ ਪ੍ਰਮੁੱਖਤਾ ਨਾਲ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਚੰਨੀ ਸਰਕਾਰ ਵੱਲੋਂ ਬੰਦ ਕੀਤੇ ਗਏ ਜੂਨੀਅਰ ਇੰਜਨੀਅਰਾਂ ਦੇ ਪੈਟਰੋਲ ਭੱਤੇ ਦੀ ਬਹਾਲੀ, ਜੇਈਜ਼ ਦਾ ਪ੍ਰਮੋਸ਼ਨ ਕੋਟਾ ਵਧਾ ਕੇ 75 ਫੀਸਦ ਕਰਨ, ਤਰੱਕੀ ਲਈ ਸਮਾਂ ਦਸ ਤੋਂ ਅੱਠ ਸਾਲ, ਐੱਸਡੀਓ ਨੂੰ ਐਕਸੀਅਨ ਵਜੋਂ ਤਰੱਕੀ ਲਈ ਸਮਾਂ ਅੱਠ ਤੋਂ ਛੇ ਸਾਲ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਦੀ ਵੀ ਹਾਮੀ ਭਰੀ ਹੈ।

ਇਸ ਮੌਕੇ ਤਿੰਨਾਂ ਮੰਤਰੀਆਂ ਨੇ ਇੰਜਨੀਅਰ ਦਿਵਸ ਦੀ ਵਧਾਈ ਦਿੰਦਿਆਂ ਮੋਕਸਾ ਗੁੰਡੁੰਮ ਵਿਸਵਸਵਰੀਆ ਨੂੰ ਸ਼ਰਧਾਂਜਲੀਆਂ ਭੇਟ ਕੀਤੀ। ਆਪਣੇ ਸੰਬੋਧਨ ’ਚ ਕੈਬਨਿਟ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਇੰਜਨੀਅਰ ਸੂਬੇ ਦੇ ਵਿਕਾਸ ਲਈ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਨਕਾਰੀਆਂ ਗਈਆਂ ਇੰਜਨੀਅਰਾਂ ਦੀਆਂ ਮੰਗਾਂ ਨੂੰ ‘ਆਪ’ ਸਰਕਾਰ ਹਮਦਰਦੀ ਨਾਲ ਵਿਚਾਰੇਗੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਤੇ ਊਰਜਾ ਮੰਤਰੀ ਅਮਨ ਅਰੋੜਾ ਸਮੇਤ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸਨੀ ਸਿੰਘ ਆਹਲੂਵਾਲੀਆ ਨੇ ਵੀ ਅੱਜ ਦੇ ਦਿਹਾੜੇ ਦੀ ਵਧਾਈ ਦਿੱਤੀ। ਜਥੇਬੰਦੀ ਦੇ ਬੁਲਾਰੇ ਕਮਰਜੀਤ ਮਾਨ ਨੇ ਦੱਸਿਆ ਕਿ ਰੁਝੇਵਿਆਂ ਕਰਕੇ ਸਮਾਗਮ ’ਚ ਨਾ ਪਹੁੰਚ ਸਕੇ ਵਿੱਤ ਮੰਤਰੀ ਹਰਪਾਲ ਚੀਮਾ ਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਜਥੇਬੰਦੀ ਦੇ ਚੇਅਰਮੈਨ ਕਰਮਜੀਤ ਬੀਹਲਾ ਨੂੰ ਫੋਨ ’ਤੇ ਵਧਾਈ ਦਿੱਤੀ ਤੇ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਰਿਟਾਇਰਡ ਮੁੱਖ ਇੰਜਨੀਅਰ ਦਵਿੰਦਰ ਸਿੰਘ ਤੇ ਹਮੀਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਚੇਅਰਮੈਨ ਕਰਮਜੀਤ ਬੀਹਲਾ ਨੇ ਜਥੇਬੰਦੀ ਦੀ ਪਿਛੋਕੜ ਅਤੇ ਸਰਗਰਮੀਆਂ ਬਾਰੇ ਦੱਸਿਆ। ਇਸ ਮੌਕੇ ਸੁਖਮਿੰਦਰ ਸਿੰਘ ਲਵਲੀ, ਗੁਰਪ੍ਰੀਤ ਸਿੰਘ ਪਟਿਆਲਾ, ਚਰਨਦੀਪ ਚਹਿਲ, ਕਮਰਜੀਤ ਮਾਨ, ਸੁਖਜਿੰਦਰ ਸਿੰਘ ਪੀਯੂਪੀ ਗੁਰਵਿੰਦਰ ਸਿੰਘ, ਦਸ਼ਰਥ ਜਾਖੜ, ਗੁਰਵਿੰਦਰ ਸਿੰਘ ਬਠਿੰਡਾ, ਅਰਵਿੰਦ ਸੈਣੀ, ਵਰਿੰਦਰ ਸਿੰਘ, ਸਤਨਾਮ ਸਿੰਘ ਧਨੋਆ ਨੇ ਵੀ ਵਿਚਾਰ ਰੱਖੇ। ਇਸ ਮੌਕੇ ਪੱਤਰਕਾਰ ਸਰਬਜੀਤ ਸਿੰਘ ਭੰਗੂ ਦਾ ਸਨਮਾਨ ਕੀਤਾ ਗਿਆ।