ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਕੇਜਰੀਵਾਲ: ਡਾ. ਗਾਂਧੀ

ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਕੇਜਰੀਵਾਲ: ਡਾ. ਗਾਂਧੀ

ਪਟਿਆਲਾ- ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਅੱਜ ‘ਆਪ ਸਰਕਾਰ’ ਦੇ ‘ਸਿਹਤਮੰਦ ਪੰਜਾਬ’ ਪ੍ਰੋਗਰਾਮ ਦੀ ਸਾਰਥਿਕਤਾ ਨੂੰ ਮੁੱਢੋਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਹੈ ਜਿਸ ਨੂੰ ਵਰਤ ਕੇ ਇਹ ਮੱਧ-ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਵਰਗੇ ਸੂਬਿਆਂ ਵਿੱਚ ਹੋ ਰਹੀਆਂ ਚੋਣਾਂ ਵਿਚ ਲਾਹਾ ਲੈਣਾ ਚਾਹੁੰਦੇ ਹਨ, ਪੰਜਾਬ ਵਿੱਚ ਸਿਹਤ ਤੇ ਸਿੱਖਿਆ ਦਾ ਮਾਡਲ ‘ਆਪ ਸਰਕਾਰ’ ਵੱਲੋਂ ਲੋਕਾਂ ਦੀਆਂ ਅੱਖਾਂ ਵਿੱਚ ਪਾਇਆ ਜਾ ਰਿਹਾ ਘੱਟਾ ਹੈ।

ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਡੇਂਗੂ ਫੈਲ ਰਿਹਾ ਹੈ ਤੇ ਕਾਲੇ ਪੀਲੀਏ ਨੇ ਪੈਰ ਪਸਾਰ ਰੱਖੇ ਹਨ, ‘ਆਪ ਸਰਕਾਰ’ ਨੇ ਪਟਿਆਲਾ ਤੋਂ ਸਿਹਤਮੰਦ ਪੰਜਾਬ ਦੀ ਸ਼ੁਰੂਆਤ ਕੀਤੀ ਹੈ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਟਿਆਲਾ ਦੇ ਵੱਡੇ ਰਾਜਿੰਦਰਾ ਹਸਪਤਾਲ ਤੇ ਮਾਤਾ ਕੌਸ਼ੱਲਿਆ ਹਸਪਤਾਲ ਵਿਚ ਡੇਂਗੂ ਤੇ ਕਾਲੇ ਪੀਲੀਏ ਦੇ ਟੈੱਸਟ ਕਰਨ ਲਈ ਕਿੱਟਾਂ ਹੀ ਮੌਜੂਦ ਨਹੀਂ ਹਨ।

ਇਸੇ ਤਰ੍ਹਾਂ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ ਪਰ ‘ਆਪ’ ਸਰਕਾਰ ਇਸ ਦੇ ਬਿਹਤਰ ਹੋਣ ਦੇ ਦਮਗਜੇ ਮਾਰ ਰਹੀ ਹੈ, ਪੰਜਾਬ ਦੇ ਹਸਪਤਾਲਾਂ ਵਿਚ ਡੇਂਗੂ ਤੇ ਕਾਲੇ ਪੀਲੀਏ ਦੇ ਟੈੱਸਟਾਂ ਦੀਆਂ ਕਿੱਟਾਂ ਮੁੱਕੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਵੱਡੇ ਪ੍ਰੋਗਰਾਮ ਉਲੀਕਾਂਗੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸੇ ਤਰ੍ਹਾਂ ਸਮਾਜ ਸੇਵੀ ਗੁਰਧਿਆਨ ਸਿੰਘ ਭਾਨਰੀ ਨੇ ਵੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਡੇਂਗੂ ਤੇ ਕਾਲੇ ਪੀਲੀਏ ਦੀਆਂ ਕਿੱਟਾਂ ਦੇ ਖ਼ਤਮ ਹੋਣ ਬਾਰੇ ਬਿਆਨ ਜਾਰੀ ਕੀਤਾ ਹੈ।