ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਹੁਦੇ ਤੋਂ ਅਸਤੀਫ਼ਾ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਹੁਦੇ ਤੋਂ ਅਸਤੀਫ਼ਾ

ਰਾਜ ਸਰਕਾਰ ਨਾਲ ਕੁੜੱਤਣ ਭਰੇ ਸਬੰਧਾਂ ਕਾਰਨ ਚਰਚਾ ਵਿੱਚ ਰਹੇ
ਚੰਡੀਗੜ੍ਹ- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਭੇਜੇ ਚਾਰ ਸਤਰਾਂ ਦੇ ਪੱਤਰ ਵਿੱਚ ਸ੍ਰੀ ਪੁਰੋਹਿਤ ਨੇ ਅਸਤੀਫ਼ੇ ਲਈ ਕੁੱਝ ਮਜਬੂਰੀਆਂ ਅਤੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਰਾਜਪਾਲ ਦੇ ਅਚਨਚੇਤ ਅਸਤੀਫ਼ੇ ਕਾਰਨ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਸਨ ਤੇ ਉਨ੍ਹਾਂ ਦੋਵਾਂ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ ਹੈ। ਬਨਵਾਰੀ ਲਾਲ ਪੁਰੋਹਿਤ ਨੇ ਪਹਿਲੀ ਸਤੰਬਰ 2021 ਨੂੰ ਅਹੁਦਾ ਸੰਭਾਲਿਆ ਸੀ। ਉਹ ਤਾਮਿਲਨਾਡੂ ਅਤੇ ਅਸਾਮ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਮਹਾਰਾਸ਼ਟਰ ਸੂਬੇ ਨਾਲ ਸਬੰਧਤ ਸ੍ਰੀ ਪੁਰੋਹਿਤ ਨਾਗਪੁਰ ਸੰਸਦੀ ਹਲਕੇ ਤੋਂ ਤਿੰਨ ਵਾਰੀ ਸੰਸਦ ਮੈਂਬਰ ਰਹਿ ਚੁੱਕੇ ਹਨ। ਉਹ ਇੱਕ ਵਾਰੀ ਕਾਂਗਰਸ ਅਤੇ ਦੋ ਵਾਰੀ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਹੇ। ਪੰਜਾਬ ਦੇ ਮਾਮਲੇ ਵਿੱਚ ਅਹੁਦਾ ਛੱਡ ਰਹੇ ਰਾਜਪਾਲ ਦਾ ਸੇਵਾ ਕਾਲ ਅਕਸਰ ਚਰਚਾ ਵਿੱਚ ਰਿਹਾ ਹੈ। ਉਨ੍ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਗਾਤਾਰ ਪੱਤਰ ਭੇਜ ਕੇ ਠਿੱਠ ਹੀ ਨਹੀਂ ਕੀਤਾ ਸਗੋਂ ਕਈ ਮਾਮਲਿਆਂ ’ਤੇ ਸਪੱਸ਼ਟੀਕਰਨ ਅਤੇ ਸਵਾਲਾਂ ਦੇ ਜਵਾਬ ਵੀ ਮੰਗੇ। ਇਸ ਕਰਕੇ ਰਾਜ ਭਵਨ ਅਤੇ ਸਰਕਾਰ ਦਰਮਿਆਨ ਕੁੜੱਤਣ ਭਰੇ ਸਬੰਧ ਬਣੇ ਰਹੇ। ਰਾਜਪਾਲ ਨੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਕਈ ਬਿੱਲਾਂ ਨੂੰ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਸ ਕਰਕੇ ਰਾਜ ਭਵਨ ਤੇ ਸਰਕਾਰ ਦਰਮਿਆਨ ਚੱਲ ਰਹੀ ਖਿੱਚੋਤਾਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਇਸ ਸਮੇਂ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਨੂੰ ਪੱਤਰਾਂ ਦੇ ਹੀ ਜਵਾਬ ਨਹੀਂ ਸਨ ਦਿੱਤੇ ਸਗੋਂ ਸਖਤ ਟਿੱਪਣੀਆਂ ਵੀ ਕੀਤੀਆਂ ਸਨ। ਪੁਰੋਹਿਤ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦਾ ਕਈ ਵਾਰੀ ਦੌਰਾ ਕਰਕੇ ਨਾਜਾਇਜ਼ ਖਣਨ ਅਤੇ ਨਸ਼ਿਆਂ ਦੀ ਤਸਕਰੀ ਵਰਗੇ ਮਾਮਲਿਆਂ ’ਤੇ ਵੀ ਖੁੱਲ੍ਹੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਨਹੀਂ ਸੀ ਕੀਤਾ। ਮਹੱਤਵਪੂਰਨ ਤੱਥ ਇਹ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਖਾਸ ਕਰ ਮੁੱਖ ਮੰਤਰੀ ਤੇ ਰਾਜਪਾਲ ਦੀ ਇੱਕ ਦੂਜੇ ਪ੍ਰਤੀ ਸੁਰ ਬਦਲੀ ਹੋਈ ਸੀ।