ਪੰਜਾਬ ਦੇ ਛੇ ਜ਼ਿਲ੍ਹੇ ਨਾਜਾਇਜ਼ ਖਣਨ ਤੇ ਨਸ਼ਿਆਂ ਦੀ ਮਾਰ ਹੇਠ: ਪੁਰੋਹਿਤ

ਪੰਜਾਬ ਦੇ ਛੇ ਜ਼ਿਲ੍ਹੇ ਨਾਜਾਇਜ਼ ਖਣਨ ਤੇ ਨਸ਼ਿਆਂ ਦੀ ਮਾਰ ਹੇਠ: ਪੁਰੋਹਿਤ

ਰਾਜਪਾਲ ਵੱਲੋਂ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦਾ ਦੌਰਾ; ਪੁਲੀਸ ਦਾ ਸਹਿਯੋਗ ਕਰਨ ਵਾਲਿਆਂ ਦਾ ਸਨਮਾਨ
ਗੁਰਦਾਸਪੁਰ/ਧਾਰੀਵਾਲ/ਪਠਾਨਕੋਟ- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੂਬੇ ਵਿੱਚ ਨਸ਼ਿਆਂ ਦੇ ਪਾਸਾਰ ਲਈ ਗੁਆਂਢੀ ਮੁਲਕ ਪਾਕਿਸਤਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਨੌਜਵਾਨਾਂ ਨੂੰ ਸੂਬੇ ਵਿਚੋਂ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਰਕਾਰ ਅਤੇ ਸੁਰੱਖਿਆ ਬਲਾਂ ਦਾ ਅੱਗੇ ਹੋ ਕੇ ਸਾਥ ਦੇਣ ਦਾ ਸੱਦਾ ਦਿੱਤਾ ਹੈ। ਰਾਜਪਾਲ ਵੱਲੋਂ ਕਲਾਨੌਰ ਦੇ ਨਜ਼ਦੀਕੀ ਸਰਹੱਦੀ ਪਿੰਡ ਨੜਾਂਵਾਲੀ ਵਿੱਚ ਪਿੰਡਾਂ ਦੇ ਪੰਚਾਂ-ਸਰਪੰਚਾਂ, ਮੋਹਤਬਰਾਂ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ। ਉਪਰੰਤ ਉਨ੍ਹਾਂ ਵੱਲੋਂ ਪਠਾਨਕੋਟ ਦੇ ਸਰਕਾਰੀ ਆਡੀਟੋਰੀਅਮ ਵਿੱਚ ਵਿਲੇਜ ਡਿਫੈਂਸ ਕਮੇਟੀ ਦੇ ਅਧਿਕਾਰੀਆਂ ਅਤੇ ਮੋਹਤਬਰਾਂ ਨਾਲ ਮੀਟਿੰਗ ਕੀਤੀ ਗਈ। ਸ੍ਰੀ ਪੁਰੋਹਿਤ ਨੇ ਕਿਹਾ ਕਿ ਉਹ ਪਿਛਲੇ ਇਕ ਸਾਲ ਤੋਂ ਸਰਹੱਦੀ ਖੇਤਰ ਨਾਲ ਜੁੜੇ ਛੇ ਜ਼ਿਲ੍ਹਿਆਂ ਦਾ ਦੌਰਾ ਕਰ ਰਹੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਉਕਤ ਜ਼ਿਲ੍ਹਿਆਂ ਵਿੱਚ ਜਿੱਥੇ ਨਸ਼ਿਆਂ ਦਾ ਕਾਰੋਬਾਰ ਜ਼ਿਆਦਾ ਹੁੰਦਾ ਹੈ, ਉਥੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਵੀ ਹੁੰਦੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਦੋਹਾਂ ’ਤੇ ਨਕੇਲ ਕੱਸਣ ਦੇ ਉਦੇਸ਼ ਲਈ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਦਾ ਮਕਸਦ ਗੁਆਂਢੀ ਦੇਸ਼ ਤੋਂ ਆਉਣ ਵਾਲੇ ਨਸ਼ਿਆਂ ਦੀ ਸਪਲਾਈ ’ਤੇ ਰੋਕ ਲਗਾਉਣਾ ਹੈ।

ਸ੍ਰੀ ਪੁਰੋਹਿਤ ਨੇ ਕਿਹਾ ਕਿ ਪਾਕਿਸਤਾਨ ਨੇ ਹੁਣ ਇਹ ਸੱਚ ਮੰਨ ਲਿਆ ਹੈ ਕਿ ਉਹ ਭਾਰਤ ਨਾਲ ਸਿੱਧੀ ਜੰਗ ਨਹੀਂ ਲੜ ਸਕਦਾ, ਇਸ ਲਈ ਉਸ ਵੱਲੋਂ ਨਸ਼ਿਆਂ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਤੋਂ ਇਲਾਵਾ ਜੇ ਸਰਹੱਦੀ ਪਿੰਡਾਂ ਵਿਚ ਬਣੀਆਂ ਡਿਫੈਂਸ ਕਮੇਟੀਆਂ ਵੀ ਮੁਸਤੈਦ ਹੋ ਜਾਣ ਤਾਂ ਸਮਾਜ ਦੇ ਦੁਸ਼ਮਣਾਂ ਦੀ ਪਛਾਣ ਸਹਿਜੇ ਹੀ ਕੀਤੀ ਜਾ ਸਕਦੀ ਹੈ। ਇਸ ਦੌਰਾਨ ਰਾਜਪਾਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਰਸੇ ਨੂੰ ਦਰਸਾਉਂਦੀ ਕਾਫ਼ੀ ਟੇਬਲ ਬੁੱਕ ‘ਵਿਰਸਾ ਗੁਰਦਾਸਪੁਰ’ ਲੋਕ ਅਰਪਣ ਕੀਤੀ ਗਈ। ਉਨ੍ਹਾਂ ਪੌਣੇ ਤੇਰਾਂ ਕਿੱਲੋ ਹੈਰੋਇਨ ਬਰਾਮਦ ਕਰਵਾਉਣ ਵਾਲੇ ਪਿੰਡ ਚੌੜਾ ਕਲਾਂ ਦੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਸ਼ਮਸ਼ੇਰ ਸਿੰਘ, ਗੁਰਜੀਤ ਸਿੰਘ, ਦਲੇਰ ਸਿੰਘ ਅਤੇ ਮਨਜੀਤ ਸਿੰਘ ਦਾ ਸਨਮਾਨ ਕੀਤਾ। ਰਾਜਪਾਲ ਨੇ ਨਸ਼ਾ ਤਸਕਰਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਲੱਗਦਾ ਹੈ ਕਿ ਪ੍ਰਸ਼ਾਸਨ ਪੱਧਰ ’ਤੇ ਕੋਈ ਸੁਣਵਾਈ ਨਹੀਂ ਹੋ ਰਹੀ ਤਾਂ ਉਹ ਸਿੱਧਾ ਰਾਜਪਾਲ ਦੇ ਨਾਂ ਪੱਤਰ ਭੇਜ ਸਕਦੇ ਹਨ ਜਿਸ ਨੂੰ ਉਹ ਸਬੰਧਤ ਵਿਭਾਗ ਨੂੰ ਕਾਰਵਾਈ ਲਈ ਭੇਜ ਦੇਣਗੇ।