ਪੰਜਾਬ ਦੇ ਕਾਂਗਰਸ ਆਗੂਆਂ ਵੱਲੋਂ ਖੜਗੇ ਤੇ ਰਾਹੁਲ ਨਾਲ ਮੁਲਾਕਾਤ

ਪੰਜਾਬ ਦੇ ਕਾਂਗਰਸ ਆਗੂਆਂ ਵੱਲੋਂ ਖੜਗੇ ਤੇ ਰਾਹੁਲ ਨਾਲ ਮੁਲਾਕਾਤ

ਵੜਿੰਗ ਤੇ ਬਾਜਵਾ ਨੇ ਕੇਂਦਰ ਦੇ ਆਰਡੀਨੈਂਸ ਖ਼ਿਲਾਫ਼ ‘ਆਪ’ ਨੂੰ ਸਮਰਥਨ ਨਾ ਦੇਣ ’ਤੇ ਦਿੱਤਾ ਜ਼ੋਰ
ਨਵੀਂ ਦਿੱਲੀ-‘ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ’ ਬਣਾਉਣ ਬਾਰੇ ਕੇਂਦਰ ਦੇ ਆਰਡੀਨੈਂਸ ਦਾ ਵਿਰੋਧ ਕਰਨ ਲਈ ਰਾਜ ਸਭਾ ’ਚ ਆਮ ਆਦਮੀ ਪਾਰਟੀ (ਆਪ) ਨੂੰ ਸਮਰਥਨ ਦੇਣ ਦੇ ਮੁੱਦੇ ’ਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਅੱਜ ਦਿੱਲੀ ਵਿੱਚ ਪਾਰਟੀ ਹਾਈ ਕਮਾਨ ਨਾਲ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਪੰਜਾਬ ਦੇ ਕਾਂਗਰਸੀ ਆਗੂਆਂ ਵੱਲੋਂ ‘ਆਪ’ ਨੂੰ ਰਾਜ ਸਭਾ ਵਿਚ ਸਮਰਥਨ ਨਾ ਦੇਣ ਲਈ ਦਬਾਅ ਪਾਇਆ ਜਾ ਰਿਹਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ, ਏਆਈਸੀਸੀ ਨੇਤਾਵਾਂ ਰਾਹੁਲ ਗਾਂਧੀ ਤੇ ਕੇਸੀ ਵੇਣੂਗੋਪਾਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਰਡੀਨੈਂਸ ਦਾ ਸਮਰਥਨ ਜਾਂ ਵਿਰੋਧ ਕਰਨ ਦਾ ਫੈਸਲਾ ਹੁਣ ਹਾਈਕਮਾਂਡ ਦੇ ਹੱਥ ਹੈ। ਵੜਿੰਗ ਨੇ ਕਿਹਾ ਕਿ ਉਨ੍ਹਾਂ ਹਾਈ ਕਮਾਨ ਨੂੰ ਆਪਣੀਆਂ ਭਾਵਨਾਵਾਂ ਬਾਰੇ ਜਾਣੂ ਕਰਵਾ ਦਿੱਤਾ ਹੈ ਤੇ ਉਹ ਹੀ ਕੋਈ ਫੈਸਲਾ ਲੈਣਗੇ। ਕਾਂਗਰਸ ਪ੍ਰਧਾਨ ਖੜਗੇ ਤੇ ਆਗੂ ਰਾਹੁਲ ਗਾਂਧੀ ਨੇ ਦਿੱਲੀ ਦੇ ਪਾਰਟੀ ਨੇਤਾਵਾਂ ਨਾਲ ਵੀ ਇਸ ਮੁੱਦੇ ਉਤੇ ਮੁਲਾਕਾਤ ਕੀਤੀ ਹੈ।
ਦਿੱਲੀ ਦੇ ਕਾਂਗਰਸੀ ਆਗੂਆਂ ਨੇ ਵੀ ‘ਆਪ’ ਨੂੰ ਸਮਰਥਨ ਨਾ ਦੇਣ ਬਾਰੇ ਕਿਹਾ ਹੈ। ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਮੈਂ ਮੀਟਿੰਗ ਵਿਚ ਆਪਣੀ ਰਾਇ ਦਿੱਤੀ ਹੈ। ਇਹ ਸੰਘੀ ਢਾਂਚੇ ਬਾਰੇ ਸੀ।’ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਇਹ ਅੰਦਰੂਨੀ ਮੀਟਿੰਗ ਸੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਹਾਈ ਕਮਾਂਡ ਨੂੰ ਅਪੀਲ ਕੀਤੀ ਸੀ ਕਿ ਉਹ ‘ਆਪ’ ਨੂੰ ਸਮਰਥਨ ਦੇਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਸਲਾਹ ਕਰਨ ਕਿਉਂਕਿ ਇਸ ਨੇ ਕਥਿਤ ਤੌਰ ’ਤੇ ਕਾਂਗਰਸੀਆਂ ਨੂੰ ਨਿਸ਼ਾਨਾ ਬਣਾਇਆ ਹੈ। ਬਾਜਵਾ ਨੇ ਟਵੀਟ ਕੀਤਾ, ‘ਆਪ’ ਤੇ ਕੇਜਰੀਵਾਲ ਕਾਂਗਰਸ ਤੋਂ ਕੋਈ ਸਮਰਥਨ ਜਾਂ ਹਮਦਰਦੀ ਲੈਣ ਦੇ ਹੱਕਦਾਰ ਨਹੀਂ ਹਨ। ਬਾਜਵਾ ਨੇ ਹਾਈ ਕਮਾਨ ਨੂੰ ‘ਆਪ’ ਦੀ ਮਦਦ ਕਰਨ ’ਤੇ ਵਿਚਾਰ ਕਰਨ ਤੋਂ ਪਹਿਲਾਂ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰਾਖੰਡ, ਗੁਜਰਾਤ ਤੇ ਕਰਨਾਟਕ ਦੀ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਦੀ ਅਪੀਲ ਕੀਤੀ ਹੈ।