ਪੰਜਾਬ ਦੇ ਉਘੇ ਆਗੂ ਸ੍ਰ. ਅਵਤਾਰ ਸਿੰਘ ਕਰੀਮਪੁਰ ਦਾ ਕੈਲੀਫੋਰਨੀਆ ਪਹੁੰਚਣ ਉਪਰ ਵਿਸੇਸ਼ ਸਨਮਾਨ

ਪੰਜਾਬ ਦੇ ਉਘੇ ਆਗੂ ਸ੍ਰ. ਅਵਤਾਰ ਸਿੰਘ ਕਰੀਮਪੁਰ ਦਾ ਕੈਲੀਫੋਰਨੀਆ ਪਹੁੰਚਣ ਉਪਰ ਵਿਸੇਸ਼ ਸਨਮਾਨ

ਸਦੀਆਂ ਤੋਂ ਦਰੜੇ ਗਏ ਸਮਾਜ ਲਈ ਅਸੀਂ ਹਮੇਸ਼ਾ ਕੰਮ ਕਰਦੇ ਰਹਾਂਗੇ : ਸ੍ਰ. ਮੱਖਣ ਲੁਹਾਰ

ਯੂਨੀਅਨ ਸਿਟੀ / ਕੈਲੀਫੋਰਨੀਆ : ਪਿਛਲੇ ਐਤਵਾਰ ਰਾਜਾ ਸਵੀਟਸ ਕੈਲੀਫੋਰਨੀਆ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਪੰਜਾਬ ਤੋਂ ਬਸਪਾ ਪੰਜਾਬ ਦੇ ਸਾਬਕਾ ਪ੍ਰਧਾਨ, ਸਾਬਕਾ ਰਾਜ ਸਭਾ ਮੈਂਬਰ ਅਤੇ ਦੋ ਵਾਰ ਦੇ ਸਾਬਕਾ ਐਮ.ਐਲ.ਏ. ਸ੍ਰ. ਅਵਤਾਰ ਸਿੰਘ ਕਰੀਮਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਹਨਾਂ ਦਾ ਕੈਲੀਫੋਰਨੀਆ ਪਹੁੰਚਣ ਉਪਰ ਵਿਸੇਸ਼ ਸਨਮਾਨ ਕੀਤਾ ਗਿਆ ਇਸ ਸਮੇਂ ਅਮਰੀਕਾ ਦੇ ਨੌਜਵਾਨ ਆਗੂ ਸ੍ਰ. ਮੱਖਣ ਲੁਹਾਰ, ਸ ਪਲਵਿੰਦਰ ਮਾਹੀ ਸ੍ਰੀ ਸੁੱਚਾ ਰਾਮ ਭਾਰਟਾ ਅਤੇ ਹੋਰ ਆਗੂਆਂ ਵਲੋਂ ਵਿਚਾਰ ਸਾਂਝੇ ਕੀਤੇ ਗਏ। ਇਸ ਸਮੇਂ ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਅਮਰੀਕਾ ਦੇ ਧੜੱਲੇਦਾਰ ਆਗੂ ਸ੍ਰ. ਪਲਵਿੰਦਰ ਮਾਹੀ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਸੁਪਨਾ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ। ਸਾਨੂੰ ਸਮੇਂ ਦੇ ਹਾਣੀ ਹੋਣ ਲਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦੇਣੀ ਚਾਹੀਦੀ ਹੈ ਅਤੇ ਆਪਣੇ ਨਿਸ਼ਾਨੇ ਵਲ ਵਧਦੇ ਜਾਣਾ ਚਾਹੀਦਾ ਹੈ। ਉਹਨਾਂ ਸ੍ਰ. ਅਵਤਾਰ ਸਿੰਘ ਕਰੀਮਪੁਰ ਅਤੇ ਆਏ ਹੋਏ ਸੱਜਣਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਉਪ੍ਰੰਤ ਅਮਰੀਕਾ ਦੇ ਪ੍ਰਸਿੱਧ ਸ਼ਾਇਰ ਸ੍ਰ. ਮੱਖਣ ਲੁਹਾਰ ਜਿਨ੍ਹਾਂ ਦੇ ਗੀਤ ਪੂਰੀ ਦੁਨੀਆ ਦੇ ਪੰਜਾਬੀਆਂ ਦੇ ਘਰਾਂ ’ਚ ਵਜਦੇ ਹਨ, ਨੇ ਕਿਹਾ ਕਿ ਭਾਰਤ ’ਚ ਸਦੀਆਂ ਤੋਂ ਦਰੜੇ ਗਏ ਸਮਾਜ ਲਈ ਅਸੀਂ ਹਮੇਸ਼ਾ ਕੰਮ ਕਰਦੇ ਰਹਾਂਗੇ। ਉਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਅਤੇ ਉਨ੍ਹਾਂ ਵਲੋਂ ਭਾਰਤ ਨੂੰ ਦਿੱਤੇ ਸੰਵਿਧਾਨ ਦੀ ਤੁਲਨਾ ਇੱਕ ਕਰਾਂਤੀਕਾਰੀ ਲਿਖਤ ਨਾਲ ਕੀਤੀ ਜਿਸਨੇ ਸਦੀਆਂ ਤੋਂ ਬੁਰਛਾਗਿਰੀ ਨੂੰ ਨੱਥ ਪਾਕੇ ਤਾਕਤ ਦਰੜੇ ਗਏ ਸਮਾਜ ਦੇ ਹੱਥਾਂ ’ਚ ਦੇਣੀ ਸ਼ੁਰੂ ਕੀਤੀ ਜਿਸ ਉਪਰ ਸਾਨੂੰ ਹੋਰ ਵੀ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਮਾਜ ਦੇ ਨੈਸ਼ਨਲ ਆਗੂ ਸ੍ਰ. ਅਵਤਾਰ ਸਿੰਘ ਕਰੀਮਪੁਰ ਅਤੇ ਆਏ ਹੋਏ ਸੱਜਣਾ ਦਾ ਤਹਿ ਦਿੱਲ ਤੋਂ ਧੰਨਵਾਦ ਕੀਤਾ।
ਉਪ੍ਰੰਤ ਉਘੇ ਆਗੂ ਅਤੇ ਸਪੋਰਟਸਮੈਨ ਸ੍ਰੀ ਸੁੱਚਾ ਰਾਮ ਭਾਰਟਾ ਵਲੋਂ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸ੍ਰ. ਅਵਤਾਰ ਸਿੰਘ ਕਰੀਮਪੁਰ ਦਾ ਸਨਮਾਨ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਆਗੂਆਂ ਵਿੱਚ ਸ੍ਰ. ਕੇਵਲ ਸਿੰਘ ਜੱਖੂ, ਤਲਵਿੰਦਰ ਸਿੰਘ, ਸੁੱਚਾ ਰਾਮ ਭਾਰਟਾ, ਸ਼੍ਰੀ ਰਾਮ ਲੁਬਾਇਆ ਰੱਲ੍ਹ, ਕੈਥੀ ਝੰਮਟ, ਬਿੱਟੂ ਦੁੱਗਲ, ਬਲਵੀਰ ਚੀਮਾ, ਹਰੀ ਓਮ ਅਤੇ ਹੋਰ ਉਘੀਆਂ ਸ਼ਖਸੀਅਤਾਂ ਸ਼ਾਮਲ ਸਨ।
ਇਸ ਮੌਕੇ ਸ੍ਰ. ਅਵਤਾਰ ਸਿੰਘ ਕਰੀਮਪੁਰ ਨਾਲ ਗੰਭੀਰ ਮੁੱਦਿਆਂ ’ਤੇ ਵਿਚਾਰਾਂ ਹੋਈਆਂ। ਉਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਮੇਰਾ ਇਹ ਦੌਰਾ ਕੋਈ ਰਾਜਨੀਤਕ ਨਹੀਂ ਹੈ। ਮੈਂ ਆਪਣੇ ਪਰਿਵਾਰ ਨਾਲ ਆਇਆ ਹਾਂ। ਜਦੋਂ ਸਿਆਸੀ ਦੌਰੇ ’ਤੇ ਆਵਾਂਗਾ ਤਾਂ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਜਾਣਗੀਆਂ।