ਪੰਜਾਬ ਦੀ ਵਿਰੋਧੀ ਧਿਰ ਲੋਕ ਮੁੱਦੇ ਚੁੱਕਣ ਵਿੱਚ ਨਾਕਾਮ: ਸੰਧਵਾਂ

ਪੰਜਾਬ ਦੀ ਵਿਰੋਧੀ ਧਿਰ ਲੋਕ ਮੁੱਦੇ ਚੁੱਕਣ ਵਿੱਚ ਨਾਕਾਮ: ਸੰਧਵਾਂ

ਸਪੀਕਰ ਨੇ ਕੋਟਕਪੂਰਾ ਹਲਕੇ ਵਿੱਚ ਆਪਣੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ
ਕੋਟਕਪੂਰਾ: ਹਲਕਾ ਕੋਟਕਪੂਰਾ ਤੋਂ ‘ਆਪ’ ਵਿਧਾਇਕ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸੰਧਵਾਂ ਸਥਿਤ ਆਪਣੀ ਰਿਹਾਇਸ਼ ’ਤੇ ਲੋਕਾਂ ਸਾਹਮਣੇ ਲੰਘੇ ਇਕ ਸਾਲ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਇਸ ਦੌਰਾਨ ਸ੍ਰੀ ਸੰਧਵਾਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਰਾਹੀਂ ਕੋਟਕਪੂਰਾ ਹਲਕੇ ਅੰਦਰ ਕਰਵਾਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਉਹ ਬੇਰੁਜ਼ਗਾਰੀ ਪ੍ਰਤੀ ਕਾਫੀ ਚਿੰਤਤ ਹਨ। ਇਸ ਕਰਕੇ ਉਹ ਕੋਟਕਪੂਰਾ ਵਿਧਾਨ ਸਭਾ ਹਲਕੇ ਅੰਦਰ ਫੂਡ ਪ੍ਰਸੋਸੈਸਿੰਗ ਪਾਰਕ ਲਿਆਉਣਾ ਚਾਹੁੰਦੇ ਹਨ। ਇਸ ਬਾਰੇ ਅਧਿਕਾਰੀਆਂ ਨਾਲ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ।
ਉਨ੍ਹਾਂ ਕਾਂਗਰਸ ਨੂੰ ਨਿਸ਼ਾਨੇ ’ਤੇ ਸੇਧਦਿਆਂ ਆਖਿਆ ਕਿ ਜਦ ਉਹ ਵਿਰੋਧੀ ਧਿਰ ਵਿਚ ਹੁੰਦੇ ਸਨ ਤਦ ਉਹ ਹਰ ਦਿਨ ਲੋਕ ਮਸਲਿਆਂ ’ਤੇ ਆਪਣੀ ਆਵਾਜ਼ ਉਠਾਉਂਦੇ ਸਨ ਪਰ ਹੁਣ ਲੱਗਦਾ ਹੈ ਕਿ ਵਿਰੋਧੀ ਧਿਰ ਬਿਲਕੁਲ ਹੀ ਖਤਮ ਹੋ ਗਈ ਹੈ। ਉਨ੍ਹਾਂ ਆਖਿਆ ਕਿ ਵਿਰੋਧੀ ਧਿਰ ਵੱਲੋਂ ਵਿਧਾਇਕਾਂ ਤੇ ਮੰਤਰੀਆਂ ਦੇ ਵਿਆਹਾਂ ਬਾਰੇ ਬੋਲਣ ਦੀ ਬਜਾਏ ਲੋਕ ਮੁੱਦਿਆਂ ਨੂੰ ਉਜਾਗਰ ਕਰਨਾ ਚਾਹੀਦਾ ਹੈ।
ਉਨ੍ਹਾਂ ਆਖਿਆ ਕਿ ‘ਆਪ’ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸਿਹਤ ’ਤੇ ਚੰਗਾ ਕੰਮ ਕੀਤਾ ਹੈ ਤੇ ਇਸੇ ਤਹਿਤ ਸਰਕਾਰੀ ਹਸਪਤਾਲਾਂ ਦੀ ਹਾਲਤ ’ਚ ਸੁਧਾਰ ਲਿਆਂਦਾ ਹੈ। ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮਿਲ ਰਹੀਆਂ ਹਨ। ਸਿੱਖਿਆ ’ਤੇ ਵੀ ਭਗਵੰਤ ਮਾਨ ਸਰਕਾਰ ਚੰਗਾ ਕੰਮ ਕਰੇਗੀ।
ਉਨ੍ਹਾਂ ਆਖਿਆ ਕਿ ਸਰਕਾਰ ਨੇ ਕਿਸਾਨਾਂ ਲਈ ਸਿੰਜਾਈ ਦੇ ਵਧੀਆ ਪ੍ਰਬੰਧ ਕੀਤੇ ਹਨ। ਹਲਕੇ ਦੇ ਪਿੰਡਾਂ ਵਿਚ ਜ਼ਮੀਨਦੋਜ਼ ਪਾਈਪਾਂ ਪੁਆਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ। ਇਸ ਦੌਰਾਨ ਸਪੀਕਰ ਨੇ ਕਿਹਾ ਕਿ ਸ਼ਹਿਰ ਦਾ ਬੱਸ ਸਟੈਂਡ ਆਧੁਨਿਕ ਸਹੂਲਤਾਂ ਨਾਲ ਲੈਸ ਬਣਾਇਆ ਜਾਵੇਗਾ ਤੇ ਸੀਵਰੇਜ ਨੂੰ ਸਾਫ ਕਰਨ ਵਾਲੀ ਮਸ਼ੀਨ ਖਰੀਦੀ ਜਾ ਰਹੀ ਹੈ।

14 ਕੌਂਸਲਰ ‘ਆਪ’ ਵਿੱਚ ਸ਼ਾਮਲ
ਇਸ ਮੌਕੇ ਨਗਰ ਕੌਂਸਲ ਕੋਟਕਪੂਰਾ ਵਿੱਚ ਕਾਂਗਰਸ ਦੇ 21 ਕੌਂਸਲਰਾਂ ’ਚੋਂ 13 ਤੇ ਇਕ ਅਜ਼ਾਦ ਕੌਂਸਲਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ। ਵਿਧਾਇਕ ਸੰਧਵਾ ਦੇ ਭਰਾ ਐਡਵੋਕੇਟ ਬੀਰਦਵਿੰਦਰ ਸਿੰਘ ਨੇ ਇਨ੍ਹਾਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਕੋਟਕਪੂਰਾ ਭੁਪਿੰਦਰ ਸਿੰਘ ਸੱਗੂ ਕਾਂਗਰਸੀ ਆਗੂ ਅਜੈਪਾਲ ਸੰਧੂ ਦੇ ਚਹੇਤੇ ਹਨ। ਇਨ੍ਹਾਂ ਕੌਂਸਲਰਾਂ ਦੇ ਸ਼ਾਮਲ ਮਗਰੋਂ ‘ਆਪ’ ਵੱਲੋਂ ਨਗਰ ਕੌਂਸਲ ’ਤੇ ਕਾਬਜ਼ ਹੋਣ ਦੀ ਵਿਉਂਤਬੰਦੀ ਘਡ਼ੀ ਜਾ ਰਹੀ ਹੈ।