ਪੰਜਾਬ ਦੀ ਵਿਦਿਆਰਥੀ ਸਿਆਸਤ ਦੇ ਮਸਲੇ

ਪੰਜਾਬ ਦੀ ਵਿਦਿਆਰਥੀ ਸਿਆਸਤ ਦੇ ਮਸਲੇ

ਡਾ. ਅਮਨਦੀਪ ਕੌਰ

ਵਿਦਿਆਰਥੀ ਰਾਜਨੀਤੀ ਲੋਕਤੰਤਰੀ ਰਾਜਨੀਤੀ ਦੇ ਨਾਲ ਨਾਲ ਸਮਾਨ ਅਧਿਕਾਰਾਂ ਵਾਲੇ ਸਮਾਜ ਦੀ ਬੁਨਿਆਦ ਹੈ। ਹਰ ਦੇਸ਼ ਵਿਚ ਉਸ ਦਾ ਨੌਜਵਾਨ ਅਹਿਮ ਰੋਲ ਅਦਾ ਕਰਦਾ ਹੈ। ਵਿਦਿਆਰਥੀ ਸਿਰਜਣਾਤਮਿਕ ਸ਼ਕਤੀ ਨਾਲ ਭਰਪੂਰ ਹੁੰਦੇ ਹਨ। ਜੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕਾਂ, ਜ਼ਿੰਮੇਵਾਰੀਆਂ ਅਤੇ ਰਾਜਨੀਤੀ ਦੇ ਅਸਲ ਮਕਸਦ ਬਾਰੇ ਜਾਗੂਰਕ ਕੀਤਾ ਜਾਵੇ ਤਾਂ ਉਹ ਸੰਵੇਦਨਸ਼ੀਲਤਾ ਨਾਲ ਸੋਚ ਕੇ ਸਮਾਜਿਕ ਪ੍ਰਗਤੀ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ। ਪੰਜਾਬੀ ਸਮਾਜ ਸ਼ਾਨਾਂਮੱਤੀ ਵਿਰਾਸਤ ਅਤੇ ਸਮਾਜਿਕ ਅੰਦੋਲਨਾਂ ਦੀ ਤਵਾਰੀਖ਼ ਉੱਪਰ ਖੜ੍ਹਾ ਹੋਇਆ ਸਮਾਜ ਹੈ। ਪੰਜਾਬ ਨੇ ਦੁਨੀਆ ਨੂੰ ਸਿਖਾਇਆ ਕਿ ਨਾਇਕਤਵ ਕੀ ਹੁੰਦਾ ਹੈ ਅਤੇ ਦੁਨੀਆ ਅੱਗੇ ਸਮਾਨਤਾ ਉਪਰ ਆਧਾਰਿਤ ਬੇਗਮਪੁਰਾ ਸਮਾਜ ਦਾ ਸੰਕਲਪ ਪੇਸ਼ ਕੀਤਾ। ਅਤਿਵਾਦ ਦੇ ਦੌਰ ਤੋਂ ਬਾਅਦ ਪੰਜਾਬੀ ਕੌਮ ਨੂੰ ਧੱਕਾ ਦੇਣ ਲਈ ਕੁਝ ਰਾਜਨੀਤਕ ਲੋਕਾਂ ਨੇ ਕੌਮੀ ਕਦਰਾਂ-ਕੀਮਤਾਂ ਅਤੇ ਆਦਰਸ਼ ਨਾਇਕ ਦੇ ਚਰਿੱਤਰ ਨੂੰ ਖੋਖਲਾ ਕਰ ਦਿੱਤਾ। ਅੱਜ ਵੀ ਪੰਜਾਬੀ ਸਮਾਜ ਸੇਧ ਲਈ ਨਾਇਕਾਂ ਅਤੇ ਉਸਾਰੂ ਸੋਚ ਨੂੰ ਬਸਤੀਵਾਦੀ ਕਾਲ ਵਿਚੋਂ ਲੱਭ ਰਿਹਾ ਹੈ ਜਿਸ ਦੀ ਸਭ ਤੋਂ ਵੱਡੀ ਉਦਹਾਰਨ ਸਾਡੀ ਸਿੱਖਿਆ ਪ੍ਰਣਾਲੀ ਹੈ ਜਿਸ ਦੇ ਮਾੜੇ ਪ੍ਰਭਾਵ ਬੇਰੁਜ਼ਗਾਰੀ ਅਤੇ ਵਿਹਲੜਪੁਣੇ ਦੇ ਰੂਪ ਵਿਚ ਸਾਹਮਣੇ ਆ ਰਹੇ ਹਨ।

1984 ਦੇ ਬਲੂ ਸਟਾਰ ਅਪਰੇਸ਼ਨ ਤੋਂ ਬਾਅਦ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੀਆਂ ਚੋਣਾਂ ਬੰਦ ਹੋਣ ਕਰ ਕੇ ਤਕਰੀਬਨ ਚਾਰ ਦਹਾਕਿਆਂ ਤੋ ਪੰਜਾਬ ਵਿਚ ਵਿਦਿਆਰਥੀ ਰਾਜਨੀਤੀ ਵਿਚ ਸਰਗਰਮ ਤੌਰ ’ਤੇ ਭਾਗ ਲੈਣ ਤੋਂ ਵਿਰਵੇ ਹਨ। ਪੰਜਾਬ ਦੇ ਹਾਲਾਤ ਤੋਂ ਪਤਾ ਲੱਗਦਾ ਹੈ ਕਿ ਨੌਜਵਾਨਾਂ ਨੇ ਪੰਜਾਬ ਜਾਂ ਇਸ ਦੇਸ਼ ਅੰਦਰ ਆਪਣੇ ਸੁਨਹਿਰੇ ਭਵਿੱਖ ਦੇ ਸੁਫਨੇ ਦੇਖਣੇ ਹੀ ਬੰਦ ਕਰ ਦਿੱਤੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਨੌਜਵਾਨਾਂ ਦੀ ਸ਼ਕਤੀ ਨੂੰ ਦਿਸ਼ਾਬੱਧ ਕੀਤਾ ਅਤੇ ਉਨ੍ਹਾਂ ਨੂੰ ਹੱਕਾਂ ਪ੍ਰਤੀ ਜਾਗੂਰਕ ਕੀਤਾ ਪਰ ਕਿਸਾਨੀ ਜਥੇਬੰਦੀਆਂ ਦੀ ਧੜੇਬੰਦੀ ਤੋਂ ਬਾਅਦ ਫਿਰ ਪੰਜਾਬ ਦਾ ਹਰਿਆਲਾ ਦਸਤਾ ਖਲਾਅ ਵਿਚ ਹੈ ਜਿਸ ਨੂੰ ਗੁਮਰਾਹ ਹੋਣ ਤੋਂ ਬਚਾਉਣ ਲਈ ਇਸ ਸਮੇਂ ਯੋਗ ਅਗਵਾਈ ਤੇ ਵਿਚਾਰਧਾਰਾ ਦੀ ਲੋੜ ਹੈ।

ਜੇ ਅਸੀਂ ਦੁਬਾਰਾ ਦੇਸ਼ ਅਤੇ ਪੰਜਾਬ ਨੂੰ ਹੋਰ ਮਜ਼ਬੂਤ ਅਤੇ ਆਰਥਿਕ ਪੱਖੋਂ ਖੁਸ਼ਹਾਲ ਬਣਾਉਣਾ ਹੈ ਤਾਂ ਨੌਜਵਾਨਾਂ ਦਾ ਦੇਸ਼ ਨਾਲ ਜੁੜਨਾ ਬਹੁਤ ਲਾਜ਼ਮੀ ਹੈ। ਜੇ ਨੌਜਵਾਨ ਨੂੰ ਭਾਰਤੀ ਰਾਜਨੀਤੀ ਵਿਚ ਦੁਬਾਰਾ ਵਿਸ਼ਵਾਸ ਦੀ ਕਿਰਨ ਦਿਸਦੀ ਹੈ ਤਾਂ ਉਨ੍ਹਾਂ ਦੀਆਂ ਕਈ ਸਮੱਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ; ਹਿਜਰਤ ਵੱਲੋਂ ਨੌਜਵਾਨਾਂ ਦਾ ਰੁਝਾਨ ਘਟੇਗਾ। ਰਾਜਨੀਤੀ ਸਾਨੂੰ ਸਮੱਸਿਆਵਾਂ ਦਾ ਹੱਲ ਵੀ ਦਿੰਦੀ ਹੈ। ਪੰਜਾਬ ਦੇ ਵਿਦਿਆਰਥੀ ਜੇ ਰਾਜਨੀਤੀ ਵਿਚ ਭਾਗ ਲੈਂਦੇ ਹਨ ਤਾਂ ਇਕ ਟੀਮ ਦੇ ਰੂਪ ਵਿਚ ਜਦੋਂ ਉਹ ਚੁਣੌਤੀਆਂ ਨੂੰ ਹੱਲ ਕਰਨਗੇ ਤਾਂ ਮਾਨਸਿਕ ਸਪੇਸ ਮਿਲਣ ਦੇ ਨਾਲ ਨਾਲ ਸਰੀਰਕ ਅਤੇ ਮਾਨਸਿਕ ਅਰੋਗਤਾ ਵਿਚ ਵੀ ਸੁਧਾਰ ਦੀ ਗੁੰਜਾਇਸ਼ ਹੈ। ਵਿਦਿਆਰਥੀਆਂ ਦਾ ਬਹੁਤ ਵੱਡਾ ਵਰਗ ਨਸ਼ਿਆਂ ਦੀ ਸਮੱਸਿਆ ਬਾਰੇ ਚੇਤੰਨ ਹੈ ਅਤੇ ਸੁਧਾਰ ਲਈ ਕੁਝ ਕਰਨ ਦਾ ਜਜ਼ਬਾ ਰੱਖਦਾ ਹੈ। ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਉਹ ਮੌਲਿਕ ਹੱਲ ਲੱਭਣਗੇ। ਇਸ ਪ੍ਰਕਾਰ ਉਨ੍ਹਾਂ ਦੀ ਆਲੋਚਨਾਤਮਿਕ ਸੋਚ ਅਤੇ ਸਿਰਜਣਾਤਮਿਕਤਾ ਵੀ ਪ੍ਰਫੁਲਿਤ ਹੋਵੇਗੀ। ਆਪਣੇ ਭਵਿੱਖ ਨੂੰ ਲੈ ਕੇ ਜੋ ਉਨ੍ਹਾਂ ਵਿਚ ਪਛਾਣ ਸੰਕਟ ਅਤੇ ਦੁਬਿਧਾ ਹੈ, ਉਸ ਦਾ ਹੱਲ ਵੀ ਉਨ੍ਹਾਂ ਨੂੰ ਵਿਦਿਆਰਥੀ ਰਾਜਨੀਤੀ ਵਿਚੋਂ ਮਿਲੇਗਾ। ਆਪਣੇ ਰੁਜ਼ਗਾਰ ਅਤੇ ਆਰਥਿਕਤਾ ਦੇ ਸੁਧਾਰ ਬਾਰੇ ਯੋਜਨਾਵਾਂ ਕਰ ਸਕਣਗੇ। ਜੇ ਕਿਸੇ ਨੌਜਵਾਨ ਕੋਲ ਦਸ ਲੱਖ ਹਨ, ਉਹ ਬਾਹਰ ਜਾਣ ਲਈ ਵੀਹ ਲੱਖ ਇਕੱਠਾ ਕਰਦਾ ਹੈ ਪਰ ਜੇ ਦਸ ਨੌਜਵਾਨ ਮਿਲ ਜਾਣਗੇ ਤਾਂ ਦੋ ਕਰੋੜ ਹੋ ਜਾਵੇਗਾ ਅਤੇ ਇਸ ਨਾਲ ਸਟਾਰਟ-ਅਪ ਸ਼ੁਰੂ ਹੋ ਸਕਦੇ ਹਨ। ਸੋ ਵਿਦਿਆਰਥੀ ਰਾਜਨੀਤੀ ਦੇ ਇਸ ਪਲੈਟਫਾਰਮ ਤੋਂ ਯੋਜਨਾਵਾਂ ਅਤੇ ਪ੍ਰੇਰਨਾਦਾਇਕ ਰਣਨੀਤੀਆਂ ਦੇ ਜਨਮ ਦੀਆਂ ਸੰਭਾਵਨਾਵਾਂ ਹਨ।

ਇਤਿਹਾਸ ਨੂੰ ਵੀ ਦੇਖੀਏ ਤਾਂ ਆਜ਼ਾਦੀ ਦੇ ਸੰਗਰਾਮ ਵਿਚ ਨੌਜਵਾਨਾਂ ਨੇ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ। ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਵਿਦਿਆਰਥੀਆਂ ਨੇ ਨੌਜਵਾਨਾਂ ਨੂੰ ਆਜ਼ਾਦੀ ਦੀ ਲੜਾਈ ਲਈ ਪ੍ਰੇਰ ਕੇ ਯੁਵਾ ਸਰਗਰਮੀਆਂ ਨੂੰ ਨਵਾਂ ਮੋੜ ਦਿੱਤਾ। ਭਗਤ ਸਿੰਘ ਦਾ ਕਹਿਣਾ ਸੀ ਕਿ ਅੰਗਰੇਜ਼ ਹਕੂਮਤ ਖਿਲਾਫ ਲੜਾਈ ਸਾਡਾ ਪਹਿਲਾ ਮੋਰਚਾ ਹੈ, ਅਸਲ ਨਿਸ਼ਾਨਾ ਲੁੱਟ-ਖਸੁੱਟ ਰਹਿਤ ਸਮਾਜ ਦੀ ਸਿਰਜਣਾ ਹੈ। ਅੱਜ ਹਿੰਦੋਸਤਾਨ ਵਿਚ ਵਿਦਿਆਰਥੀ ਅੰਦੋਲਨਾਂ ਨਾਲ ਜੁੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਹਨ। ਉਸ ਦਾ ਵੀ ਵੱਡਾ ਕਾਰਨ ਇਹ ਹੈ ਕਿ ਸੰਵਾਦ ਵਾਸਤੇ ਸਿੱਖਿਆ ਪ੍ਰਣਾਲੀ ਵਿਚ ਕੋਈ ਸਥਾਨ ਨਹੀਂ। ਪੜ੍ਹਨ-ਲਿਖਣ ਦੇ ਚੱਕਰ ਵਿਚ ਵਧੇਰੇ ਵਿਦਿਆਰਥੀ ਆਪਣੇ ਮੌਲਿਕ ਵਿਚਾਰ ਪ੍ਰਗਟ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਆਪਣੇ ਹੱਕ ਮੰਗਣੇ, ਆਪਣੀਆਂ ਸਮੱਸਿਆਵਾਂ ਦਾ ਹੱਲ ਮੰਗਣਾ ਕਦੇ ਵੀ ਗਲਤ ਨਹੀਂ ਹੁੰਦਾ। ਯੂਨੀਵਰਸਿਟੀਆਂ ਵਿਚ ਵਿਦਿਆਰਥੀ ਰਾਜਨੀਤੀ ਲਈ ਕੁਝ ਤੈਅ ਨਿਯਮ ਹੁੰਦੇ ਹਨ। ਜੇ ਉਨ੍ਹਾਂ ਨਿਯਮਾਂ ਦੇ ਤਹਿਤ ਇਹ ਸ਼ਾਂਤਮਈ ਅੰਦੋਲਨ ਹੁੰਦੇ ਹਨ ਤਾਂ ਇਹ ਦੇਸ਼ ਨੂੰ ਅੱਗੇ ਲੈ ਜਾਣ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ।

ਅੰਕੜੇ ਦੱਸਦੇ ਨੇ ਜਿਨ੍ਹਾਂ ਯੂਨੀਵਰਸਿਟੀਆਂ ਵਿਚ ਵਿਦਿਆਰਥੀ ਰਾਜਨੀਤੀ ਵਿਚ ਸਰਗਰਮ ਹਨ, ਉਨ੍ਹਾਂ ਯੂਨੀਵਰਸਿਟੀਆਂ ਦੀਆਂ ਵਿਦਿਅਕ ਅਤੇ ਖੋਜ ਖੇਤਰ ਵਿਚ ਵੀ ਉਚ ਦਰਜੇ ਦੀਆਂ ਪ੍ਰਾਪਤੀਆਂ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ, ਹੈਦਰਾਬਾਦ ਯੂਨੀਵਰਸਿਟੀ ਆਦਿ ਵਿਚ ਵਿਦਿਆਰਥੀ ਰਾਜਨੀਤੀ ਸਰਗਰਮ ਹੈ। ਇਹ ਯੂਨੀਵਰਸਿਟੀਆਂ ਦੇਸ਼ ਦੀਆਂ ਉੱਚੇ ਰੈਂਕ ਵਾਲੀਆਂ ਯੂਨੀਵਰਸਿਟੀਆਂ ਹਨ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼, ਮੁੰਬਈ ਵਿਚ ਹੋਈਆਂ ਵਿਦਿਆਰਥੀਆਂ ਦੀਆਂ ਚੋਣਾਂ ਵਿਚ ਥਰਡ ਜੈਂਡਰ ਦੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ ਅਤੇ ਜਿੱਤ ਪ੍ਰਾਪਤ ਕੀਤੀ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਚੋਣਾਂ ਵਿਚ ਪਾਰਟੀ ਆਧਾਰਿਤ ਰਾਜਨੀਤੀ ਇਸ ਵਾਰ ਜਿੱਤ ਨਹੀਂ ਸਕੀ ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਹੁਣ ਯੂਥ ਆਪਣੇ ਹੱਕਾਂ ਅਤੇ ਸਮੱਸਿਆਵਾਂ ਪ੍ਰਤੀ ਅੰਗੜਾਈ ਲੈ ਰਿਹਾ ਹੈ।

ਪੰਜਾਬ ਦਾ ਭਵਿੱਖ ਹੋਣ ਦੇ ਨਾਤੇ ਯੂਥ ਦਾ ਮੁੱਢਲਾ ਫਰਜ਼ ਹੈ ਕਿ ਸਮਾਜ ਦੀ ਭਲਾਈ ਅਤੇ ਦੇਸ਼ ਦੀ ਤਰੱਕੀ ਲਈ ਸੰਵੇਦਨਾਤਮਕ ਅਤੇ ਗੰਭੀਰ ਹੋ ਕਿ ਵਿਚਾਰ ਮੰਥਨ ਕਰਨ। ਲੋਕਤੰਤਰ ਦੀ ਖੂਬਸੂਰਤੀ ਹੀ ਬਹਿਸ-ਮੁਬਾਹਿਸਾ ਵਿਚ ਹੈ। ਲੋਕਤੰਤਰ ਦੀ ਰੱਖਿਆ ਲਈ ਲੋਕਤੰਤਰੀ ਢੰਗ ਨਾਲ ਵਿਚਾਰ ਵਟਾਂਦਰਾ ਹੀ ਸਭ ਵਰਗਾਂ ਦੀ ਆਵਾਜ਼ ਬੁਲੰਦ ਕਰਨ ਦਾ ਮਾਧਿਅਮ ਹੈ। ਜੇ ਵਿਦਿਆਰਥੀ ਰਾਜਨੀਤੀ ਵਿਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਨੂੰ ਭੂ-ਰਾਜਨੀਤਕ ਅਤੇ ਅਰਥ ਵਿਵਸਥਾ ਦੇ ਸੰਬੰਧਾਂ ਦਾ ਵੀ ਗਿਆਨ ਹੋਵੇਗਾ। ਇਸ ਤਰ੍ਹਾਂ ਉਹ ਪੰਜਾਬ ਦੇ ਨਾਲ ਨਾਲ ਦੇਸ਼ ਦੀ ਹਰ ਸਮੱਸਿਆ ਨੂੰ ਨਜਿੱਠਣ ਦੇ ਕਾਬਲ ਹੋਣਗੇ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਵਿਦਿਆਰਥੀ ਸਿਆਸਤ ਵਿਚ ਸਰਗਰਮ ਹਨ ਲੇਕਿਨ ਜ਼ਿਆਦਾਤਰ ਵਿਦਿਆਰਥੀ ਸਥਾਪਤ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੀ ਸ਼ਖਸੀਅਤ ਦੇ ਨਿਖਾਰ ਲਈ ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥੀ ਰਾਜਨੀਤੀ ਦਾ ਪਲੈਟਫਾਰਮ ਹੈ ਜਿਥੇ ਉਹ ਕਿਸੇ ਸਿਆਸੀ ਪਾਰਟੀ ਦੇ ਸਹਿਯੋਗ ਤੋਂ ਬਿਨਾ ਆਪਣੀ ਯੋਗਤਾ ਦੇ ਆਧਾਰ ਉਪਰ ਆਪਣਾ ਭਵਿੱਖ ਤਲਾਸ਼ ਅਤੇ ਨਿਖਾਰ ਸਕਦੇ ਹਨ। ਇਹ ਵਿਦਿਆਰਥੀਆਂ ਨੇ ਖੁਦ ਤੈਅ ਕਰਨਾ ਹੈ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਦੀ ਭੀੜ ਦਾ ਹਿੱਸਾ ਬਣਨਾ ਹੈ ਜਾਂ ਆਪਣੀ ਕਾਬਲੀਅਤ ਨਾਲ ਭਵਿੱਖ ਦੇ ਰਾਜਨੇਤਾ ਬਣਨਾ ਹੈ। ਜੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਨੌਜਵਾਨ ਸਿਆਸੀ ਪਾਰਟੀਆਂ ਦੇ ਫੰਡਾਂ ਅਤੇ ਸਮਰਥਕਾਂ ਦੇ ਸਿਰ ’ਤੇ ਰਾਜਨੀਤੀ ਕਰਦੇ ਹਨ ਤਾਂ ਇਸ ਨਾਲ ਕਈ ਕਾਬਲ ਅਤੇ ਯੋਗ ਵਿਦਿਆਰਥੀਆਂ ਦਾ ਮਨੋਬਲ ਡਿੱਗੇਗਾ ਜੋ ਪੈਸਾ ਅਤੇ ਭੀੜ ਦੋਵਾਂ ਤੋਂ ਵਿਰਵੇ ਹਨ। ਇਸ ਤਰ੍ਹਾਂ ਕਰਨ ਨਾਲ ਦੇਸ਼ ਨੂੰ ਚੰਗੇ ਪ੍ਰਸ਼ਾਸਕ ਅਤੇ ਰਾਜਨੇਤਾ ਨਹੀਂ ਮਿਲਣਗੇ। ਸੋ, ਵਿਦਿਆਰਥੀ ਰਾਜਨੀਤੀ ਅਜਿਹੇ ਹਰ ਵਿਦਿਆਰਥੀ ਲਈ ਪਲੈਟਫਾਰਮ ਬਣ ਸਕੇਗੀ ਜਿਸ ਵਿਚ ਲੀਡਰਸ਼ਿਪ ਦੇ ਗੁਣ ਅਤੇ ਕਾਬਲੀਅਤ ਹੈ।

ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲ ਵਿਦਿਆਰਥੀਆਂ ਦਾ ਪਹਿਲਾ ਅਤੇ ਮਹੱਤਵਪੂਰਨ ਟੀਚਾ ਪੜ੍ਹਾਈ ਹੈ। ਆਪਣੀ ਡਿਗਰੀ ਜਿਸ ਦੇ ਆਧਾਰ ’ਤੇ ਉਨ੍ਹਾਂ ਨੇ ਆਪਣਾ ਭਵਿੱਖ ਸੰਵਾਰਨਾ ਹੈ, ਉਨ੍ਹਾਂ ਲਈ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਆਪਣੇ ਅਕਾਦਮਿਕ ਹਿੱਤਾਂ ਦੀ ਕੀਮਤ ’ਤੇ ਰਾਜਨੀਤੀ ਅਤਿ ਘਾਤਕ ਹੈ। ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਨੂੰ ਪੱਖਪਾਤੀ ਅਤੇ ਧੋਖੇ ਵਾਲੀ ਸਿਆਸਤ ਨੂੰ ਸਮਝਦੇ ਹੋਏ ਵਿਦਿਆਰਥੀਆਂ ਲਈ ਵਿਦਿਆਰਥੀ ਰਾਜਨੀਤੀ ਦਾ ਪਲੈਟਫਾਰਮ ਮੁਹੱਈਆ ਕਰਵਾਉਣਾ ਚਾਹੀਦਾ ਹੈ ਜਿਸ ਲਈ ਸਪੱਸ਼ਟ ਤੇ ਸਖਤ ਨਿਯਮ ਲਾਗੂ ਕਰਨੇ ਚਾਹੀਦੇ ਹਨ ਤਾਂ ਜੋ ਵਿਦਿਅਕ ਸੰਸਥਾਵਾਂ ਦਾ ਸਿਆਸੀਕਰਨ ਨਾ ਹੋ ਸਕੇ, ਅਰਥਾਤ ਕੋਈ ਵੀ ਸੰਸਥਾ ਕਿਸੇ ਰਾਜਨੀਤਕ ਪਾਰਟੀ ਦਾ ਪਲੈਟਫਾਰਮ ਨਾ ਬਣ ਸਕੇ।

ਪੰਜਾਬੀ ਸਮਾਜ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਨੂੰ ਪ੍ਰਪੱਕ ਬਣਾਉਣ ਲਈ ਨੌਜਵਾਨਾਂ ਨੂੰ ਸਮਾਜ ਪ੍ਰਤੀ ਆਪਣੇ ਨੈਤਿਕ ਫ਼ਰਜ਼ ਨਿਭਾਉਣ ਦੇ ਜਜ਼ਬੇ ਨਾਲ ਹੰਭਲਾ ਮਾਰਨਾ ਚਾਹੀਦਾ ਹੈ। ਵਿਦਿਆਰਥੀ ਵਰਗ ਦੀ ਸਕਾਰਾਤਮਕ ਸੋਚ ਅਤੇ ਦੂਰ-ਅੰਦੇਸ਼ੀ ਸੂਬੇ ਨੂੰ ਗੰਭੀਰ ਅਤੇ ਜਟਿਲ ਸੰਕਟਾਂ ਤੋਂ ਬਚਾ ਸਕਦੀ ਹੈ। ਲੋਕਤੰਤਰ ਵਿਚ ਰਾਜਨੀਤੀ ਲੋਕ ਸੇਵਾ ਹੈ। ਵਿਦਿਆਰਥੀਆਂ ਨੂੰ ਰਾਜਨੀਤੀ ਦੇ ਨੈਤਿਕ ਅਤੇ ਇਖ਼ਲਾਕੀ ਨਿਯਮਾਂ ਦਾ ਸਨਮਾਨ ਕਰਦੇ ਹੋਏ ਇਸ ਵਿਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਆਪਣੀ ਬੌਧਿਕਤਾ ਅਤੇ ਕਾਬਲੀਅਤ ਨਾਲ ਪੰਜਾਬ ਦੇ ਬੁਨਿਆਦੀ ਹੱਕਾਂ ਲਈ ਹੰਭਲਾ ਮਾਰ ਕੇ ਮੁੜ ਪੰਜਾਬ ਨੂੰ ਪੱਬਾਂ ਭਾਰ ਕਰਨ ਵਿਚ ਸਫ਼ਲਤਾਪੂਰਵਕ ਆਪਣਾ ਯੋਗਦਾਨ ਪਾ ਸਕਣ।