ਪੰਜਾਬ ਦੀ ਰਾਜਨੀਤੀ ਨੇ ਲਈ ਕਰਵਟ – ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਦੀ ਰਿਕਾਰਡ ਵੋਟਾਂ ਨਾਲ ਹੋਈ ਜਿੱਤ

ਪੰਜਾਬ ਦੀ ਰਾਜਨੀਤੀ ਨੇ ਲਈ ਕਰਵਟ – ਭਾਈ ਅੰਮ੍ਰਿਤਪਾਲ ਸਿੰਘ ਅਤੇ ਭਾਈ ਸਰਬਜੀਤ ਸਿੰਘ ਦੀ ਰਿਕਾਰਡ ਵੋਟਾਂ ਨਾਲ ਹੋਈ ਜਿੱਤ

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਦੋ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਪੰਜਾਬ ਦਾ ਕਰੀਬ 35 ਸਾਲ ਪੁਰਾਣਾ ਰਾਜਸੀ ਇਤਿਹਾਸ ਦੁਹਰਾ ਦਿੱਤਾ ਹੈ। ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਨੇ 1,97,120 ਵੋਟਾਂ ਦੇ ਫ਼ਰਕ ਨਾਲ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਜ਼ੀਰਾ ਖ਼ਿਲਾਫ਼ ਜਿੱਤ ਹਾਸਲ ਕੀਤੀ ਹੈ। ਚੇਤੇ ਰਹੇ ਕਿ ਅੰਮ੍ਰਿਤਪਾਲ ਸਿੰਘ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਫ਼ਰੀਦਕੋਟ ਹਲਕੇ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ 70,053 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਉਪਰੋਕਤ ਦੋਵੇਂ ਸੀਟਾਂ ਤੋਂ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਇੱਕ ਨਵੇਂ ਰਾਜਸੀ ਖ਼ਾਸੇ ਵੱਲ ਮੋੜਾ ਦਿੱਤਾ ਹੈ। ਫ਼ਰੀਦਕੋਟ ਤੋਂ ਜੇਤੂ ਰਹੇ ਸਰਬਜੀਤ ਸਿੰਘ ਖ਼ਾਲਸਾ ਆਪਣੇ ਪਰਿਵਾਰ ਵਿੱਚੋਂ ਤੀਜੇ ਮੈਂਬਰ ਹਨ
ਜੋ ਲੋਕ ਸਭਾ ਦੀ ਪੌੜੀ ਚੜ੍ਹਨਗੇ। ਸ਼ਹੀਦ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖ਼ਾਲਸਾ ਦੀ ਮਾਤਾ 1989 ਵਿੱਚ ਰੋਪੜ ਹਲਕੇ ਤੋਂ ਅਕਾਲੀ ਦਲ (ਮਾਨ) ਦੀ ਟਿਕਟ ’ਤੇ 4.24 ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ ਜਦੋਂ ਕਿ ਸਰਬਜੀਤ ਸਿੰਘ ਦਾ ਦਾਦਾ ਸੁੱਚਾ ਸਿੰਘ ਮਲੋਆ 1989 ਵਿੱਚ ਬਠਿੰਡਾ ਹਲਕੇ ਤੋਂ ਅਕਾਲੀ ਦਲ (ਮਾਨ) ਦੇ ਉਮੀਦਵਾਰ ਵਜੋਂ 3.16 ਲੱਖ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਸਨ। ਸਭ ਤੋਂ ਪਹਿਲਾਂ 1989 ਦੀ ਲੋਕ ਸਭਾ ਚੋਣ ਵਿਚ ਤਿੰਨ ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ ਜਿਨ੍ਹਾਂ ਵਿਚ ਅੰਮ੍ਰਿਤਸਰ ਤੋਂ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ ਨੇ 2.72 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਉਦੋਂ ਫ਼?ਰੋਜ਼ਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਧਿਆਨ ਸਿੰਘ ਮੰਡ 2.02 ਲੱਖ ਵੋਟਾਂ ਦੇ ਫ਼ਰਕ ਨਾਲ ਤੇ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਅਤਿੰਦਰਪਾਲ ਸਿੰਘ ਨੇ 2.94 ਲੱਖ ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਸੀ। ਉਸ ਮਗਰੋਂ ਆਜ਼ਾਦ ਉਮੀਦਵਾਰ ਵਜੋਂ ਜਿੱਤਣ ਵਾਲੇ ਸਤਨਾਮ ਸਿੰਘ ਕੈਂਥ ਸਨ।