ਪੰਜਾਬ ਦੀ ਅੱਧੀ ਵਜ਼ਾਰਤ ਗੁਜਰਾਤ ਚੋਣਾਂ ਵਿੱਚ ਰੁੱਝੀ

ਪੰਜਾਬ ਦੀ ਅੱਧੀ ਵਜ਼ਾਰਤ ਗੁਜਰਾਤ ਚੋਣਾਂ ਵਿੱਚ ਰੁੱਝੀ

ਚੰਡੀਗੜ੍ਹ- ਗੁਜਰਾਤ ’ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ’ਚ ਹੁਣ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵੀ ਕੁੱਦ ਪਏ ਹਨ। ਪੰਜਾਬ ਦੇ ਕਰੀਬ ਅੱਧੀ ਦਰਜਨ ਵਜ਼ੀਰ ਗੁਜਰਾਤ ਚੋਣਾਂ ਲਈ ਪੁੱਜ ਗਏ ਹਨ, ਜਦਕਿ ਵੱਡੀ ਗਿਣਤੀ ‘ਆਪ’ ਵਿਧਾਇਕ ਪਹਿਲਾਂ ਹੀ ਉਥੇ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਇਸ ਹਿਸਾਬ ਨਾਲ ਗੁਜਰਾਤ ਚੋਣਾਂ ਦਾ ਪ੍ਰਚਾਰ ਖ਼ਤਮ ਹੋਣ ਤੱਕ ਪੰਜਾਬ ਵਿੱਚ ‘ਆਪ’ ਵਿਧਾਇਕਾਂ ਨੂੰ ਲੱਭਣਾ ਹੋਰ ਮੁਸ਼ਕਲ ਹੋ ਜਾਵੇਗਾ। ਗੁਜਰਾਤ ਜਾਣ ਲਈ ਵਜ਼ੀਰਾਂ ਵੱਲੋਂ ਪੰਜਾਬ ਵਿੱਚ ਆਪਣੇ ਜਨਤਕ ਸਮਾਗਮ ਰੱਦ ਕਰ ਦਿੱਤੇ ਗਏ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਵੇਲੇ ਗੁਜਰਾਤ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਹੋਏ ਹਨ ਤੇ ਮਗਰੋਂ ਸੂਬੇ ਵਿੱਚ ਹੋਣ ਵਾਲੇ ਜਨਤਕ ਸਮਾਗਮਾਂ ਵਿੱਚ ਉਨ੍ਹਾਂ ਦੀ ਥਾਂ ਹੋਰ ਆਗੂ ਹਾਜ਼ਰੀਆਂ ਲਗਾ ਰਹੇ ਹਨ। ਹੁਣ ਸਾਰੇ ਵਜ਼ੀਰ ਇੱਕ-ਇੱਕ ਹਫ਼ਤਾ ਗੁਜਰਾਤ ਵਿੱਚ ਰਹਿਣਗੇ। ਹਾਲਾਂਕਿ 18 ਨਵੰਬਰ ਨੂੰ ਰੱਖੀ ਗਈ ਕੈਬਨਿਟ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਵਜ਼ੀਰਾਂ ਨੂੰ ਪੰਜਾਬ ਪਰਤਣਾ ਪੈ ਸਕਦਾ ਹੈ। ਮਹਿਲਾ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਅਨਮੋਲ ਗਗਨ ਵੀ ਗੁਜਰਾਤ ਚੋਣਾਂ ਲਈ ਪ੍ਰਚਾਰ ਕਰ ਰਹੇ ਹਨ।

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਅੱਜ ਗੁਜਰਾਤ ਚਲੇ ਗਏ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਇੰਦਰਬੀਰ ਸਿੰਘ ਨਿੱਝਰ ਵੀ ਗੁਜਰਾਤ ਵਿੱਚ ਹੀ ਹਨ।

ਸੂਤਰਾਂ ਦੀ ਮੰਨੀਏ ਤਾਂ ਕਈ ਸੀਨੀਅਰ ਵਿਧਾਇਕ ਗੁਜਰਾਤ ਚੋਣਾਂ ਵਿੱਚ ਇਸ ਕਰ ਕੇ ਪੱਬਾਂ ਭਾਰ ਹਨ ਕਿਉਂਕਿ ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਵਜ਼ੀਰੀ ਦਾ ਲਾਲਚ ਦਿੱਤਾ ਹੋਇਆ ਹੈ। ਪੰਜਾਬ ਸਿਵਲ ਸਕੱਤਰੇਤ ਵਿੱਚ ਭਲਕ ਤੋਂ ਵਜ਼ੀਰਾਂ ਦੀ ਰੌਣਕ ਦੇਖਣ ਨੂੰ ਨਹੀਂ ਮਿਲੇਗੀ ਤੇ ਸੂਬੇ ਦੀ ਕਮਾਨ ਹੁਣ ਅਫ਼ਸਰਸ਼ਾਹੀ ਦੇ ਹੱਥ ਰਹੇਗੀ। ਪੰਜਾਬ ਇਸ ਵੇਲੇ ਕਾਫ਼ੀ ਨਾਜ਼ੁਕ ਪੜਾਅ ’ਚੋਂ ਲੰਘ ਰਿਹਾ ਹੈ। ਅਮਨ-ਕਾਨੂੰਨ ਦੀ ਵਿਵਸਥਾ ਨੂੰ ਲੈ ਕੇ ‘ਆਪ’ ਸਰਕਾਰ ਪਹਿਲਾਂ ਹੀ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਹੈ। ਇਸ ਦੌਰਾਨ ਮਾਲਵਾ ਖ਼ਿੱਤੇ ਦੇ ਕਈ ‘ਆਪ’ ਵਿਧਾਇਕ ਭਲਕੇ ਗੁਜਰਾਤ ਲਈ ਰਵਾਨਾ ਹੋਣ ਵਾਲੇ ਹਨ। ‘ਆਪ’ ਵਿਧਾਇਕਾਂ ਦੀਆਂ 15-15 ਮੈਂਬਰੀ ਟੀਮਾਂ ਗੁਜਰਾਤ ਵਿਚ ਪ੍ਰਚਾਰ ਕਰ ਰਹੀਆਂ ਹਨ।

ਸਰਕਾਰ ਵੱਲੋਂ ਨਵੇਂ ਬਣਾਏ ਚੇਅਰਮੈਨ ਵੀ ਗੁਜਰਾਤ ਵਿੱਚ ਹੀ ਡੇਰੇ ਲਾਈ ਬੈਠੇ ਹਨ, ਜਿਸ ਕਾਰਨ ਚੋਣ ਪ੍ਰਚਾਰ ਦੀ ਸਮਾਪਤੀ ਤੱਕ ਪੰਜਾਬ ਵਿੱਚ ਸਰਕਾਰੀ ਕੰਮਕਾਜ ਮੱਠੀ ਚਾਲ ਵਿੱਚ ਹੀ ਰਹਿਣ ਦੀ ਸੰਭਾਵਨਾ ਹੈ। ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਡੇਂਗੂ ਤੋਂ ਪੀੜਤ ਹਨ, ਜਿਸ ਕਰਕੇ ਉਹ ਗੁਜਰਾਤ ਨਹੀਂ ਗਏ।

‘ਆਪ’ ਹਾਈਕਮਾਨ ਨੇ ਪੰਜਾਬ ਸਰਕਾਰ ਦੀ ਸਾਰੀ ਤਾਕਤ ਗੁਜਰਾਤ ਵਿੱਚ ਲਾ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਆਗੂ ਆਖਦੇ ਹਨ ਕਿ ਪੰਜਾਬ ਕਾਂਗਰਸ ਦੇ ਆਗੂ ਹਿਮਾਚਲ ਪ੍ਰਦੇਸ਼ ਵਿੱਚ ਬੈਠੇ ਹਨ ਤੇ ਦੂਸਰੀਆਂ ਸਿਆਸੀ ਧਿਰਾਂ ਦੇ ਆਗੂ ਗੁਜਰਾਤ ਵਿੱਚ ਪ੍ਰਚਾਰ ਕਰ ਰਹੇ ਹਨ, ਇਸੇ ਤਰ੍ਹਾਂ ਉਹ ਵੀ ਆਪਣੀ ਪਾਰਟੀ ਦੀ ਹਮਾਇਤ ਵਿੱਚ ਪ੍ਰਚਾਰ ਕਰ ਰਹੇ ਹਨ, ਜੋ ਗ਼ਲਤ ਨਹੀਂ ਹੈ।

ਵਜ਼ੀਰਾਂ ਦੇ ਗੰਨਮੈਨ ਵੀ ਗੁਜਰਾਤ ਪੁੱਜੇ

ਅਹਿਮ ਸੂਤਰਾਂ ਤੋਂ ਪਤਾ ਲੱਗਾ ਹੈ ਕਿ ‘ਆਪ’ ਸਰਕਾਰ ਦੇ ਵਜ਼ੀਰਾਂ ਦਾ ਸੁਰੱਖਿਆ ਅਮਲਾ ਵੀ ਗੁਜਰਾਤ ਵਿੱਚ ਹੀ ਹੈ। ਸੁਰੱਖਿਆ ਅਮਲੇ ਦੀਆਂ ਗੱਡੀਆਂ ਦਾ ਸਾਰਾ ਖਰਚਾ ਪੰਜਾਬ ਦੇ ਖ਼ਜ਼ਾਨੇ ’ਚੋਂ ਹੋਵੇਗਾ, ਜਦਕਿ ਵਜ਼ੀਰ ਹਵਾਈ ਰਸਤੇ ਗੁਜਰਾਤ ਪੁੱਜੇ ਹਨ। ‘ਆਪ’ ਵਿਧਾਇਕ ਪ੍ਰਾਈਵੇਟ ਵਾਹਨਾਂ ’ਤੇ ਗੁਜਰਾਤ ਗਏ ਹਨ ਜਾਂ ਸਰਕਾਰੀ ਵਾਹਨਾਂ ’ਤੇ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਸੂਤਰ ਦੱਸਦੇ ਹਨ ਕਿ ਗੁਜਰਾਤ ਵਿਚ ਭਾਜਪਾ ਦੇ ਹੱਲੇ ਨੂੰ ਟੱਕਰ ਦੇਣ ਲਈ ਪੰਜਾਬ ਪੁਲੀਸ ਨੂੰ ਗੰਨਮੈਨਾਂ ਵਜੋਂ ਗੁਜਰਾਤ ਭੇਜਿਆ ਗਿਆ ਹੈ।