ਪੰਜਾਬ ਦਾ ਪਾਣੀ ਬਚਾਉਣ ਲਈ ਕਿਸਾਨਾਂ ਵੱਲੋਂ ਧਰਨਾ

ਪੰਜਾਬ ਦਾ ਪਾਣੀ ਬਚਾਉਣ ਲਈ ਕਿਸਾਨਾਂ ਵੱਲੋਂ ਧਰਨਾ

ਸੂਬੇ ਦੇ ਪਾਣੀ ’ਤੇ ਪਹਿਲਾ ਹੱਕ ਸਿਰਫ਼ ਪੰਜਾਬ ਦਾ: ਰਾਜੇਵਾਲ; ਧਰਨੇ ਕਾਰਨ ਆਵਾਜਾਈ ਪ੍ਰਭਾਵਿਤ ਹੋਈ
ਐੱਸਏਐੱਸ ਨਗਰ – ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਪੰਜ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ (ਮਾਨਸਾ) ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਅੱਜ ਮੁਹਾਲੀ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਵਾਈਪੀਐਸ ਚੌਕ ’ਤੇ ਸੂਬਾ ਪੱਧਰਾ ਧਰਨਾ ਦਿੱਤਾ ਗਿਆ। ਹਾਲਾਂਕਿ ਕਿਸਾਨਾਂ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੁੱਡਾ ਮੈਦਾਨ ਵਿੱਚ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆਂ ਗਿਆ ਸੀ ਪਰ ਮੀਂਹ ਪੈਣ ਕਾਰਨ ਉੱਥੇ ਪਾਣੀ ਜਮ੍ਹਾਂ ਹੋ ਗਿਆ। ਇਸ ਕਾਰਨ ਕਿਸਾਨਾਂ ਨੇ ਅੱਜ ਸੜਕ ਦੇ ਵਿਚਕਾਰ ਹੀ ਸਟੇਜ ਲਗਾ ਲਈ। ਇਸ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਾਮ ਤੱਕ ਆਵਾਜਾਈ ਪ੍ਰਭਾਵਿਤ ਰਹੀ। ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਕੰਵਲਪ੍ਰੀਤ ਸਿੰਘ ਪੰਨੂ, ਬੋਘ ਸਿੰਘ ਮਾਨਸਾ, ਹਰਜਿੰਦਰ ਸਿੰਘ ਟਾਂਡਾ ਨੇ ਪਾਣੀਆਂ ਦੇ ਵਿਵਾਦ ਅਤੇ ਇਸ ਦੀ ਵੰਡ, ਪ੍ਰਦੂਸ਼ਿਤ ਵਾਤਾਵਰਨ, ਕੇਂਦਰ ਸਰਕਾਰ ਦੀ ਸ਼ਹਿ ’ਤੇ ਸੂਬੇ ਦੇ ਸੰਘੀ ਢਾਂਚੇ ਨੂੰ ਖਤਰਾ ਸਮੇਤ ਕਿਸਾਨਾਂ ਦੇ ਹੋਰ ਭਖਦੇ ਮੁੱਦਿਆਂ ’ਤੇ ਚਰਚਾ ਕੀਤੀ। ਬੁਲਾਰਿਆਂ ਨੇ ਕਿਹਾ ਕਿ ਦੋਵੇਂ ਸਰਕਾਰਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਪਾਣੀਆਂ ਦੇ ਮੁੱਦੇ ਨੂੰ ਉਲਝਾ ਕੇ ਰੱਖ ਕੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਘਟਣ ਨਾਲ ਕਿਸਾਨਾਂ ਦੇ ਖਰਚੇ ਕਈ ਗੁਣਾ ਵਧ ਗਏ ਹਨ। ਉਨ੍ਹਾਂ ਕਿਹਾ ਕਿ ਮਾੜੇ ਪ੍ਰਬੰਧਾਂ ਅਤੇ ਸਟੋਰੇਜ ਸਮਰਥਾ ਦੀ ਘਾਟ ਕਾਰਨ ਅੱਜ ਵੀ ਬਹੁਤ ਸਾਰਾ ਪਾਣੀ ਪਾਕਿਸਤਾਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਿਪੇਰੀਅਨ ਸਿਧਾਂਤ ਅਨੁਸਾਰ ਪਾਣੀ ਤੇ ਪੰਜਾਬ ਦਾ ਪਹਿਲਾ ਹੱਕ ਹੈ ਅਤੇ ਇਸ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਵਾਧੂ ਪਾਣੀ ਦੂਜੇ ਰਾਜਾਂ ਨੂੰ ਦਿੱਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਡੈਮ ਸੇਫ਼ਟੀ ਐਕਟ ਬਣਾ ਕੇ ਪੰਜਾਬ ਨੂੰ ਬੀਬੀਐੱਮਬੀ ਦੇ ਪ੍ਰਬੰਧ ’ਚੋਂ ਭਾਗੀਦਾਰੀ ਤੋਂ ਵਾਂਝਾ ਕਰ ਦਿੱਤਾ ਹੈ। ਕੇਂਦਰ ਵੱਲੋਂ ਸਾਰੀਆਂ ਨਦੀਆਂ ਨੂੰ ਆਪਸ ਵਿੱਚ ਜੋੜ ਕੇ ਪਾਣੀ ’ਤੇ ਆਪਣੀ ਏਕਾਧਿਕਾਰ ਸਥਾਪਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਧਰ, ਮੁੱਖ ਮੰਤਰੀ ਦੇ ਓਐਸਡੀ ਨਵਰਾਜ ਸਿੰਘ ਬਰਾੜ ਨੇ ਭਗਵੰਤ ਮਾਨ ਦੇ ਨਾਂ ਲਿਖਿਆ ਮੰਗ ਪੱਤਰ ਹਾਸਲ ਕੀਤਾ ਜਦੋਂਕਿ ਪ੍ਰਧਾਨ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਐੱਸਡੀਐੱਮ ਸਰਬਜੀਤ ਕੌਰ ਨੇ ਹਾਸਲ ਕੀਤਾ। ਇਸ ਮਗਰੋਂ ਸ਼ਾਮ ਨੂੰ ਧਰਨਾ ਖ਼ਤਮ ਕਰਕੇ ਕਿਸਾਨ ਵਾਪਸ ਘਰਾਂ ਨੂੰ ਪਰਤ ਗਏ।