ਪੰਜਾਬ ਦਾ ਜੀਐੱਸਟੀ ਮਾਲੀਆ 17 ਫੀਸਦ ਵਧਿਆ

ਜੀਐੱਸਟੀ ਮਾਲੀਆ ਜੁਟਾਉਣ ’ਚ ਦੇਸ਼ ਦੇ ਕਈ ਵੱਡੇ ਰਾਜਾਂ ਨੂੰ ਪਛਾੜਿਆ

ਚੰਡੀਗੜ੍ਹ- ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਅਗਸਤ ਮਹੀਨੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਅਗਸਤ ਮਹੀਨੇ ਵਿੱਚ ਜੀਐੱਸਟੀ ਮਾਲੀਏ ਵਿੱਚ 17 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਜਦਕਿ ਗੁਆਂਢੇ ਸੂਬੇ ਹਰਿਆਣਾ ’ਚ ਇਹ ਵਾਧਾ 21 ਫੀਸਦ ਅਤੇ ਰਾਜਸਥਾਨ ਵਿਚ ਇਹੋ ਵਾਧਾ 10 ਫੀਸਦੀ ਦਰਜ ਕੀਤਾ ਗਿਆ ਹੈ। ਅਗਸਤ ਮਹੀਨੇ ਦੇ ਜੀਐੱਸਟੀ ਮਾਲੀਏ ’ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਵਰਗੇ ਵੱਡੇ ਰਾਜਾਂ ਤੋਂ ਪੰਜਾਬ ਅੱਗੇ ਰਿਹਾ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦਾ ਜੀਐੱਸਟੀ ਮਾਲੀਆ ਇਸ ਵਰ੍ਹੇ ਦੇ ਅਗਸਤ ਮਹੀਨੇ ਦੌਰਾਨ 1651 ਕਰੋੜ ਰੁਪਏ ਰਿਹਾ ਜਦਕਿ ਸਾਲ 2021 ਦੇ ਅਗਸਤ ਮਹੀਨੇ ਵਿਚ ਇਹ ਮਾਲੀਆ 1414 ਕਰੋੜ ਰੁਪਏ ਸੀ। ਦਿੱਲੀ ਦੇ ਜੀਐੱਸਟੀ ਮਾਲੀਏ ਵਿੱਚ 21 ਫੀਸਦ ਦਾ ਵਾਧਾ ਦਰਜ ਹੋਇਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਪੰਜਾਬ ਨੇ ਵਿੱਤੀ ਸਾਲ 2021-22 ਦੇ ਪਹਿਲੇ ਪੰਜ ਮਹੀਨਿਆਂ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੌਰਾਨ ਜੀਐੱਸਟੀ ਮਾਲੀਏ ਵਿੱਚ 23 ਫੀਸਦੀ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਮਾਲੀਏ ਵਿੱਚ ਵਾਧੇ ਪਿੱਛੇ ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਨੂੰ ਰੋਕਣ ਲਈ ਕੀਤੇ ਗਏ ਉਪਰਾਲੇ ਹਨ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਨੂੰ ਇਸ ਮਾਮਲੇ ਵਿੱਚ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਕਾਂਗਰਸੀ ਹਕੂਮਤ ਆਪਣੇ ਕਾਰਜਕਾਲ ਦੌਰਾਨ ਜੀਐੱਸਟੀ ਮਾਲੀਆ ਵਧਾਉਣ ਵਿਚ ਨਾਕਾਮ ਰਹੀ ਹੈ ਜਦਕਿ ਉਨ੍ਹਾਂ ਦੀ ਸਰਕਾਰ ਨੇ ਸ਼ੁਰੂਆਤੀ ਪੜਾਅ ’ਤੇ ਹੀ ਮਾਲੀਆ ਵਧਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਅਗਸਤ ’ਚ ਜੀਐੱਸਟੀ ਮਾਲੀਆ 1.43 ਲੱਖ ਕਰੋੜ ਰੁਪਏ ਇਕੱਤਰ ਹੋਇਆ
ਨਵੀਂ ਦਿੱਲੀ: ਮੰਗ ’ਚ ਸੁਧਾਰ ਅਤੇ ਉੱਚੀਆਂ ਦਰਾਂ ਰਹਿਣ ਕਾਰਨ ਅਗਸਤ ’ਚ ਜੀਐੱਸਟੀ ਉਗਰਾਹੀ 28 ਫ਼ੀਸਦ ਵਧ ਕੇ 1.43 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਲਗਾਤਾਰ ਛੇਵੇਂ ਮਹੀਨੇ ਅਗਸਤ ’ਚ ਜੀਐੱਸਟੀ ਉਗਰਾਹੀ 1.4 ਲੱਖ ਕਰੋੜ ਰੁਪਏ ਤੋਂ ਵਧ ਰਹੀ ਹੈ। ਆਉਂਦੇ ਤਿਉਹਾਰਾਂ ਨੂੰ ਦੇਖਦਿਆਂ ਇਹ ਰੁਝਾਨ ਜਾਰੀ ਰਹਿਣ ਦਾ ਅਨੁਮਾਨ ਹੈ। ਉਂਜ ਜੀਐੱਸਟੀ ਮਾਲੀਆ ਜੁਲਾਈ ਦੇ 1.49 ਲੱਖ ਕਰੋੜ ਰੁਪਏ ਦੇ ਅੰਕੜੇ ਤੋਂ ਘੱਟ ਹੈ। ਅਪਰੈਲ ’ਚ ਇਹ 1.67 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਸੀ। ਵਿੱਤ ਮੰਤਰਾਲੇ ਨੇ ਦੱਸਿਆ ਕਿ ਅਗਸਤ ’ਚ ਕੁੱਲ ਜੀਐੱਸਟੀ ਮਾਲੀਆ 1,43,612 ਕਰੋੜ ਰੁਪਏ ਰਿਹਾ ਜੋ ਪਿਛਲੇ ਵਰ੍ਹੇ ਇਸੇ ਮਹੀਨੇ ਦੇ 1,12,020 ਕਰੋੜ ਰੁਪਏ ਨਾਲੋਂ 28 ਫ਼ੀਸਦ ਵਧ ਹੈ।

ਜੀਡੀਪੀ ਬਾਰੇ ਨਵੇਂ ਅੰਕੜੇ ਸਚਾਈ ਤੋਂ ਦੂਰ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਜੀਡੀਪੀ ਦੇ ਨਵੇਂ ਅੰਕੜਿਆਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਦੇਸ਼ ਦੇ ਅਰਥਚਾਰੇ ਵਿੱਚ ਸਾਲਾਨਾ ਮਹਿਜ਼ ਇਕ ਫੀਸਦ ਦਾ ਵਾਧਾ ਹੋਇਆ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਟਵਿੱਟਰ ’ਤੇ ਲਿਖਿਆ, ‘‘ਮੋਦੀ ਸਰਕਾਰ ਦੇ ਮੰਤਰੀ ਵਿਕਾਸ ਦਰ ਵਿੱਚ 13.5 ਫੀਸਦੀ ਵਾਧੇ ਲਈ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ, ਜਦੋਂਕਿ ਅਸਲ ਸੱਚਾਈ ਇਹ ਹੈ ਕਿ ਪਿਛਲੇ 3 ਸਾਲਾਂ ਵਿੱਚ ਭਾਰਤੀ ਅਰਥਚਾਰਾ ਸਿਰਫ 3.3 ਫੀਸਦੀ ਵਧਿਆ ਹੈ। ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ ਵਿੱਚ ਇਹ 35.67 ਖਰਬ ਰੁਪਏ ਸੀ ਤੇ ਮੌਜੂਦਾ ਵਿੱਤੀ ਵਰ੍ਹੇ 2022-2023 ਦੀ ਪਹਿਲੀ ਤਿਮਾਹੀ ਵਿੱਚ ਇਹ 36.85 ਖਰਬ ਰੁਪਏ ਹੋ ਗਈ, ਜੋ ਲਗਪਗ 1 ਫੀਸਦੀ ਦੀ ਸਾਲਾਨਾ ਵਿਕਾਸ ਦਰ ਹੈ। ” ਕਾਂਗਰਸ ਨੇ ਕਿਹਾ ਹੈ ਕਿ 2022-23 ਦੀ ਪਹਿਲੀ ਤਿਮਾਹੀ ’ਚ ਵਿਕਾਸ ਦਰ 13.5 ਫੀਸਦ ਰਹਿਣ ਦਾ ਦਾਅਵਾ ਕੀਤਾ ਗਿਆ ਸੀ, ਪਰ ਅਸਲੀਅਤ ਬਹੁਤ ਭਿਆਨਕ ਹੈ।