ਪੰਜਾਬ ’ਚ ਮੁੜ ਹੜ੍ਹ ਆਉਣ ਦਾ ਖ਼ਤਰਾ

ਪੰਜਾਬ ’ਚ ਮੁੜ ਹੜ੍ਹ ਆਉਣ ਦਾ ਖ਼ਤਰਾ

ਚੰਡੀਗੜ੍ਹ- ਪੰਜਾਬ ’ਤੇ ਇੱਕ ਮਹੀਨੇ ਅੰਦਰ ਦੂਸਰੀ ਵਾਰ ਹੜ੍ਹਾਂ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਹਿਮਾਚਲ ਪ੍ਰਦੇਸ਼ ’ਚ ਦੋ ਦਿਨ ਪਏ ਮੀਂਹ ਕਾਰਨ ਡੈਮਾਂ ਵਿੱਚ ਪਾਣੀ ਵਧਣ ਲੱਗਾ ਹੈ ਅਤੇ ਭਾਖੜਾ ਤੇ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚ ਗਿਆ ਹੈ। ਕਰੀਬ ਚਾਰ ਸਾਲ ਮਗਰੋਂ ਪਹਿਲੀ ਵਾਰ ਅੱਜ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਖੋਲ੍ਹਣੇ ਪਏ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਫ਼ੈਸਲੇ ਮਗਰੋਂ ਪੰਜਾਬ ਸਰਕਾਰ ਨੇ ਸਿਰਫ਼ ਅੱਠ ਹਜ਼ਾਰ ਕਿਊਸਿਕ ਪਾਣੀ ਛੱਡਣ ਲਈ ਕਿਹਾ ਹੈ। ਸ਼ਿਮਲਾ ਤੋਂ ਹੇਠਲੇ ਪਾਸੇ ਦੋ ਦਿਨਾਂ ਅੰਦਰ ਕਰੀਬ 100 ਐੱਮਐੱਮ ਮੀਂਹ ਪਿਆ ਹੈ। ਪੰਜਾਬ ਵਿਚ ਕਿਧਰੇ ਬਹੁਤੀ ਬਾਰਸ਼ ਨਹੀਂ ਹੋਈ ਪਰ ਡੈਮਾਂ ਵਿਚ ਪਾਣੀ ਭਰਨ ਕਰਕੇ ਸੂਬੇ ’ਤੇ ਖ਼ਤਰਾ ਮੰਡਰਾਉਣ ਲੱਗਾ ਹੈ। ਭਾਖੜਾ ਡੈਮ ’ਚ ਦੁਪਹਿਰ ਤੱਕ ਪਾਣੀ ਦਾ ਪੱਧਰ 1673 ਫੁੱਟ ਪਹੁੰਚ ਗਿਆ ਜੋ ਖ਼ਤਰੇ ਦੇ ਨਿਸ਼ਾਨ ’ਤੇ 7 ਫੁੱਟ ਹੀ ਹੇਠਾਂ ਹੈ।

ਮਿਲੇ ਵੇਰਵਿਆਂ ਅਨੁਸਾਰ ਭਾਖੜਾ ਡੈਮ ’ਚੋਂ 50 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਪਿਛਲੇ ਦਿਨਾਂ ਵਿਚ ਜਦੋਂ ਪੰਜਾਬ ’ਚ ਹੜ੍ਹ ਆਏ ਸਨ, ਉਦੋਂ ਵੀ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਨਹੀਂ ਗਏ ਸਨ ਪਰ ਅੱਜ ਇਹ ਗੇਟ ਖੋਲ੍ਹਣੇ ਪਏ ਹਨ। ਇਸੇ ਤਰ੍ਹਾਂ ਪੌਂਗ ਡੈਮ ’ਚ ਵੀ ਪਾਣੀ ਦਾ ਪੱਧਰ 1383 ਫੁੱਟ ’ਤੇ ਪੁੱਜ ਗਿਆ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਸੱਤ ਫੁੱਟ ਹੇਠਾਂ ਹੈ। ਪੌਂਗ ਡੈਮ ਚੋਂ 17 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ। ਅੱਜ ਦੁਪਹਿਰ ਵੇਲੇ 2.35 ਲੱਖ ਕਿਊਸਿਕ ਪਾਣੀ ਡੈਮ ਵਿਚ ਹੋਰ ਆ ਗਿਆ ਹੈ। ਹਾਲਾਤ ਇਹੋ ਰਹੇ ਤਾਂ ਪੌਂਗ ਡੈਮ ’ਚੋਂ ਵੀ ਪਾਣੀ ਛੱਡਣਾ ਪੈ ਸਕਦਾ ਹੈ। ਇਹ ਪਾਣੀ ਹਰੀਕੇ ਵੱਲ ਵਹਿਣ ਵਾਲੇ ਬਿਆਸ ਤੇ ਸਤਲੁਜ ਦਰਿਆ ’ਚ ਛੱਡਿਆ ਜਾਵੇਗਾ ਅਤੇ ਇਹ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਜ਼ਿਲ੍ਹੇ ਵਾਸਤੇ ਇਹ ਚੰਗੇ ਸੰਕੇਤ ਨਹੀਂ ਹਨ। ਰਣਜੀਤ ਸਾਗਰ ਡੈਮ ਵਿਚ ਵੀ ਪਾਣੀ ਦਾ ਪੱਧਰ ਇਸ ਵੇਲੇ 522.33 ਫੁੱਟ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿਚ ਕਰੀਬ 62 ਫ਼ੀਸਦੀ ਘੱਟ ਬਾਰਸ਼ ਘੱਟ ਦਰਜ ਕੀਤੀ ਗਈ ਹੈ ਤੇ ਅਗਸਤ ਮਹੀਨੇ ਵਿਚ 29.90 ਐਮਐਮ ਮੀਂਹ ਪਿਆ ਹੈ।
ਸਥਿਤੀ ’ਤੇ ਭਗਵੰਤ ਮਾਨ ਦੀ ਨਜ਼ਰ

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ’ਚ ਬਣ ਰਹੀ ਸਥਿਤੀ ’ਤੇ ਨਜ਼ਰ ਰੱਖੀ ਹੋਈ ਹੈ ਅਤੇ ਜਲ ਸਰੋਤ ਵਿਭਾਗ ਵੱਲੋਂ ਮੁੱਖ ਮੰਤਰੀ ਨੂੰ ਡੈਮਾਂ ਦੀ ਸਥਿਤੀ ਤੋਂ ਜਾਣੂ ਕਰਾਇਆ ਜਾ ਰਿਹਾ ਹੈ। ਪੰਜਾਬ ਵਿਚ ਘੱਗਰ ਤੇ ਸਤਲੁਜ ਦੀ ਮਾਰ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਕੇਂਦਰੀ ਟੀਮਾਂ ਨੇ ਲਿਆ ਹੈ। ਪੰਜਾਬ ਸਰਕਾਰ ਲਈ ਇਹ ਹੜ੍ਹ ਵਿੱਤੀ ਤੌਰ ’ਤੇ ਨੁਕਸਾਨ ਪਹੁੰਚਾਉਣ ਵਾਲੇ ਹਨ ਅਤੇ ਇਸੇ ਕਰਕੇ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਤੋਂ ਆਫ਼ਤ ਰਾਹਤ ਫ਼ੰਡਾਂ ਦੇ ਨਿਯਮਾਂ ਵਿਚ ਢਿੱਲ ਦੀ ਮੰਗ ਕੀਤੀ ਹੈ।