ਪੰਜਾਬ ’ਚ ਦੀਵਾਲੀ ਮੌਕੇ ਹੋਣ ਵਾਲਾ ਪ੍ਰਦੂਸ਼ਣ ਘਟਿਆ

ਪੰਜਾਬ ’ਚ ਦੀਵਾਲੀ ਮੌਕੇ ਹੋਣ ਵਾਲਾ ਪ੍ਰਦੂਸ਼ਣ ਘਟਿਆ

ਗਰੀਨ ਦੀਵਾਲੀ ਦੇ ਸੱਦੇ ਦੇ ਬਾਵਜੂਦ ਸੂਬੇ ਦੀ ਹਵਾ ਅਜੇ ਵੀ ‘ਖ਼ਰਾਬ’ ਸ਼੍ਰੇਣੀ ਵਿੱਚ
ਚੰਡੀਗੜ੍-ਪੰਜਾਬ ਵਿੱਚ ਦੀਵਾਲੀ ਮੌਕੇ ਹੋਣ ਵਾਲਾ ਪ੍ਰਦੂਸ਼ਣ ਪਿਛਲੇ ਦੋ ਸਾਲਾਂ ਮੁਕਾਬਲੇ ਇਸ ਵਾਰ ਘਟਿਆ ਹੈ ਪਰ ‘ਗਰੀਨ ਦੀਵਾਲੀ’ ਦੇ ਸੱਦੇ ਦੇ ਬਾਵਜੂਦ ਸੂਬੇ ਦੀ ਆਬੋ ਹਵਾ ‘ਖ਼ਰਾਬ’ ਸ਼੍ਰੇਣੀ ’ਚ ਰਹੀ ਹੈ। ਹਾਲਾਂਕਿ ਲੰਘੇ ਦੋ ਸਾਲਾਂ ’ਚ ਦੀਵਾਲੀ ਮੌਕੇ ਸੂਬੇ ਦੀ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਰਹੀ ਸੀ। ਪੰਜਾਬ ਦੇ ਵੱਡੇ ਸ਼ਹਿਰਾਂ ’ਚ ਹਵਾ ਪ੍ਰਦੂਸ਼ਣ ‘ਰੈੱਡ ਜ਼ੋਨ’ ਤੋਂ ਵੀ ਉੱਪਰ ਹੀ ਰਿਹਾ। ਉਂਜ ਸਮੁੱਚਾ ਪੰਜਾਬ ਰੈੱਡ ਤੋਂ ਉੱਪਰ ‘ਜਾਮਨੀ’ ਜ਼ੋਨ ’ਚ ਹੀ ਰਿਹਾ ਹੈ।

ਦਿੱਲੀ ਦੀ ਹਵਾ ਗੁਣਵੱਤਾ ਮੁਕਾਬਲੇ ਟਰਾਈਸਿਟੀ ਮੁਹਾਲੀ, ਪੰਚਕੂਲਾ ਤੇ ਚੰਡੀਗੜ੍ਹ ’ਚ ਸਥਿਤੀ ਬਿਹਤਰ ਰਹੀ ਹੈ। ਦੀਵਾਲੀ ਮੌਕੇ ਪੰਜਾਬ ਵਿੱਚ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) ਦੇਖੀਏ ਤਾਂ ਉਸ ਵਿਚ ਕਾਫ਼ੀ ਸੁਧਾਰ ਹੋਇਆ ਹੈ। ਲੰਘੇ ਵਰ੍ਹੇ ਮੁਕਾਬਲੇ ਏਕਿਊਆਈ ਵਿੱਚ 16.4 ਫ਼ੀਸਦੀ ਦਾ ਸੁਧਾਰ ਹੋਇਆ ਹੈ। ਹਾਲਾਂਕਿ ਸਾਲ 2020 ਵਿਚ ਦੀਵਾਲੀ ਮੌਕੇ ਹਵਾ ਗੁਣਵੱਤਾ ਸੂਚਕ ਅੰਕ 328 ਰਿਹਾ ਸੀ ਜੋ ‘ਬਹੁਤ ਖ਼ਰਾਬ’ ਸ਼੍ਰੇਣੀ ’ਚ ਆਉਂਦਾ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਪੰਜਾਬ ’ਚ ਸਭ ਤੋਂ ਜ਼ਿਆਦਾ ਹਵਾ ਅੰਮ੍ਰਿਤਸਰ ਦੀ ਖ਼ਰਾਬ ਰਹੀ ਹੈ ਜਿਸ ਦਾ ਏਕਿਊਆਈ 262 ਰਿਹਾ ਹੈ। ਪਿਛਲੇ ਸਾਲ ਵੱਧ ਤੋਂ ਵੱਧ ਏਕਿਊਆਈ 327 (ਬਹੁਤ ਖ਼ਰਾਬ) ਜਲੰਧਰ ਵਿੱਚ ਦਰਜ ਕੀਤਾ ਗਿਆ ਸੀ। ਇਸ ਵਰ੍ਹੇ ਘੱਟੋ-ਘੱਟ ਏਕਿਊਆਈ ਮੰਡੀ ਗੋਬਿੰਦਗੜ੍ਹ ਵਿੱਚ 188 (ਦਰਮਿਆਨਾ) ਦਰਜ ਕੀਤਾ ਗਿਆ ਜੋ ਪਿਛਲੇ ਸਾਲ 220 (ਖ਼ਰਾਬ) ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਅੰਮ੍ਰਿਤਸਰ ਤੇ ਜਲੰਧਰ ਦਾ ਏਕਿਊਆਈ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਰਿਹਾ। ਇਸ ਸਾਲ ਏਕਿਊਆਈ ’ਚ ਸਭ ਤੋਂ ਵੱਧ ਕਮੀ ਜਲੰਧਰ (31.2 ਫ਼ੀਸਦੀ) ਅਤੇ ਸਭ ਤੋਂ ਘੱਟ ਕਮੀ ਪਟਿਆਲਾ (7.0 ਫ਼ੀਸਦੀ) ਵਿੱਚ ਦੇਖੀ ਗਈ। ਪੰਜਾਬ ਵਿਚ ਇਨ੍ਹਾਂ ਦਿਨਾਂ ਵਿੱਚ ਹੀ ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਸਿਖਰ ’ਤੇ ਹੁੰਦਾ ਹੈ। ਨਵੀਂ ਸਰਕਾਰ ਨਿਰੋਲ ਰੂਪ ਵਿਚ ‘ਗਰੀਨ ਦੀਵਾਲੀ’ ਦਾ ਟੀਚਾ ਤਾਂ ਪੂਰਾ ਨਹੀਂ ਕਰ ਸਕੀ ਹੈ ਪਰ ਪਿਛਲੇ ਵਰ੍ਹੇ ਮੁਕਾਬਲੇ ਸਥਿਤੀ ਸੁਧਾਰਨ ਵਿਚ ਸਫਲ ਹੋਈ ਹੈ। ਪੰਜਾਬ ਦੇ ਵੱਡੇ 6 ਸ਼ਹਿਰਾਂ ਵਿੱਚ ਪਿਛਲੇ ਦੋ ਸਾਲਾਂ ਮੁਕਾਬਲੇ ਏਕਿਊਆਈ ਵਿਚ ਕਾਫ਼ੀ ਕਮੀ ਆਈ ਹੈ। ਦੀਵਾਲੀ ਮੌਕੇ ਪੰਜਾਬ ਦਾ ਔਸਤ ਏਕਿਊਆਈ 2021 ਵਿੱਚ 268 (ਖ਼ਰਾਬ) ਅਤੇ 2020 ਵਿੱਚ 328 (ਬਹੁਤ ਖ਼ਰਾਬ) ਮੁਕਾਬਲੇ ਇਸ ਸਾਲ 224 (ਖ਼ਰਾਬ) ਰਿਹਾ।