ਪੰਜਾਬ ’ਚ ਖਾਨਾਜੰਗੀ ਦਾ ਖ਼ਦਸ਼ਾ: ਸੁਖਬੀਰ ਬਾਦਲ

ਪੰਜਾਬ ’ਚ ਖਾਨਾਜੰਗੀ ਦਾ ਖ਼ਦਸ਼ਾ: ਸੁਖਬੀਰ ਬਾਦਲ

ਮੇਲਾ ਮਾਘੀ ’ਤੇ ਹੋਣ ਵਾਲੀ ਅਕਾਲੀ ਦਲ ਦੀ ਕਾਨਫਰੰਸ ਦੀਆਂ ਤਿਆਰੀਆਂ
ਸ੍ਰੀ ਮੁਕਤਸਰ ਸਾਹਿਬ- ਮੇਲਾ ਮਾਘੀ ਮੌਕੇ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਦੀ ਸਫ਼ਲਤਾ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ| ਉਹ ਮੁਕਤਸਰ, ਮਲੋਟ ਅਤੇ ਲੰਬੀ ਹਲਕਿਆਂ ਵਿੱਚ ਅਕਾਲੀ ਵਰਕਰਾਂ ਦੀਆਂ ਵੱਡੀਆਂ ਬੈਠਕਾਂ ਕਰ ਕੇ ਉਨ੍ਹਾਂ ਵੱਡੀ ਗਿਣਤੀ ’ਚ ਕਾਨਫਰੰਸ ਵਿੱਚ ਪਹੁੰਚਣ ਲਈ ਪ੍ਰੇਰ ਰਹੇ ਹਨ| ਇਸ ਦੌਰਾਨ ਉਨ੍ਹਾਂ ਨੇ ਕਾਨਫਰੰਸ ਮੈਦਾਨ ਵਿੱਚ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ| ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਦੀ ਇਹ ਵਿਸ਼ਾਲ ਕਾਨਫਰੰਸ ਹੋਵੇਗੀ|

ਇਸ ਦੌਰਾਨ ਪੀਸੀਐਸ, ਆਈਏਐਸ ਅਤੇ ਮਨਿਸਟਰੀਅਲ ਕਾਮਿਆਂ ਦੇ ਹੜਤਾਲ ’ਤੇ ਜਾਣ ਸਬੰਧੀ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਹਾਲਾਤ ਹਨ, ਡਰ ਹੈ ਕਿ ਕਿਤੇ ਖਾਨਾਜੰਗੀ ਨਾ ਛਿੜ ਜਾਵੇ| ਅਕਾਲੀ ਦਲ ਵੱਲੋਂ ਤਿਣਕਾ-ਤਿਣਕਾ ਕਰ ਕੇ ਜੋੜਿਆ ਆਲਣਾ ਖਿਲਰਨ ’ਤੇ ਆ ਗਿਆ ਹੈ| ਪੰਜਾਬ ਦਾ ਸਾਰਾ ਢਾਂਚਾ ਹਿੱਲ ਗਿਆ ਹੈ| ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਚੋਣਾਂ ਵੇਲੇ ਡਰਾਮਾ ਕੀਤਾ ਕਿ ਇੱਕ ਮੌਕਾ ਦੇ ਦਿਓ, ਲੋਕਾਂ ਨੇ ਦੇ ਦਿੱਤਾ ਪਰ ਹੁਣ ਪਛਤਾ ਰਹੇ ਹਨ| ਪੰਜਾਬ ਸਰਕਾਰ ਉੱਪਰ ਦਿੱਲੀ ਦਾ ਕੰਟਰੋਲ ਹੈ| ਪੰਜਾਬ ਦੇ ਐਡਵੋਕੇਟ ਜਨਰਲ ਦਫ਼ਤਰ ’ਚ 10 ਵਕੀਲ ਦਿੱਲੀ ਦੇ ਲਾਏ ਗਏ ਹਨ|

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਤੇ ਵਿਅੰਗ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਭਾਰਤ ਨੂੰ ਤੋੜਨ ’ਤੇ ਲੱਗਿਆ ਹੋਇਆ ਹੈ| ਕਾਂਗਰਸ ਦਰਬਾਰ ਸਾਹਿਬ ’ਤੇ ਹਮਲਾ, ਦਿੱਲੀ ਦੰਗੇ, ਪੰਜਾਬ ਦੇ ਪਾਣੀ ਖੋਹਣ ਲਈ ਜ਼ਿੰਮੇਵਾਰ ਹੈ|