ਪੰਜਾਬ ’ਚ ਐਮਰਜੈਂਸੀ ਤੇ ਐਂਬੂਲੈਂਸ ਸੇਵਾਵਾਂ ਮਜ਼ਬੂਤ ਕਰਾਂਗੇ: ਡਾ. ਬਲਬੀਰ

ਪੰਜਾਬ ’ਚ ਐਮਰਜੈਂਸੀ ਤੇ ਐਂਬੂਲੈਂਸ ਸੇਵਾਵਾਂ ਮਜ਼ਬੂਤ ਕਰਾਂਗੇ: ਡਾ. ਬਲਬੀਰ

ਪਟਿਆਲਾ ਪਹੁੰਚਣ ’ਤੇ ਸਿਹਤ ਮੰਤਰੀ ਦਾ ਸਵਾਗਤ; ਪੁਲੀਸ ਦੀ ਟੁਕੜੀ ਨੇ ਦਿੱਤੀ ਸਲਾਮੀ
ਪਟਿਆਲਾ- ਨਵੇਂ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਦੀ ਹਾਲਤ ’ਚ ਗੋਲਡਨ ਸਮੇਂ (ਪਹਿਲੇ ਘੰਟੇ) ਅੰਦਰ ਮਰੀਜ਼ ਦੀ ਜਾਨ ਬਚਾਉਣ ਲਈ ਸੂਬੇ ਵਿੱਚ ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਹੋਰ ਮਜ਼ਬੂਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉੱਚ-ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮਾਂ ਨੂੰ ਹੇਠਲੇ ਪੱਧਰ ’ਤੇ ਲਾਗੂ ਕਰਨਾ ਉਨ੍ਹਾਂ ਦੀ ਤਰਜੀਹ ਹੋਵੇਗੀ।
ਮੰਤਰੀ ਬਣਨ ਮਗਰੋਂ ਆਪਣੇ ਸ਼ਹਿਰ ਪਟਿਆਲਾ ਪੁੱਜਣ ’ਤੇ ਇੱਥੇ ਸਰਕਟ ਹਾਊਸ ਵਿੱਚ ਉਨ੍ਹਾਂ ਨੂੰ ਐੱਸਐੱਸਪੀ ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਪੁਲੀਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਦੌਰਾਨ ਆਈਜੀ ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐੱਸਐੱਸਪੀ ਵਰੁਣ ਸ਼ਰਮਾ, ਏਡੀਸੀ ਗੁਰਪ੍ਰੀਤ ਥਿੰਦ, ਵਿਧਾਇਕ ਹਰਮੀਤ ਪਠਾਣਮਾਜਰਾ ਅਤੇ ਕੁਲਵੰਤ ਬਾਜ਼ੀਗਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਨਸ਼ਿਆਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾਵੇਗੀ। ਇਸੇ ਤਰ੍ਹਾਂ ਨਸ਼ਿਆਂ ਦੇ ਸਥਾਈ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਲੀਕੀ ਵਿਸ਼ੇਸ਼ ਕਾਰਜ ਯੋਜਨਾ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਭਾਵੇਂ ਪੁਲੀਸ ਨਾਲ ਸਬੰਧਤ ਸਮੱਸਿਆ ਹੈ ਪਰ ਨਸ਼ੇ ਦਾ ਸੇਵਨ ਕਰਨਾ ਮਾਨਸਿਕ ਸਿਹਤ ਨਾਲ ਜੁੜਿਆ ਮਸਲਾ ਹੈ। ਇਸ ਲਈ ਦੋਵੇਂ ਵਿਭਾਗ ਮਿਲ ਕੇ ਕੰਮ ਕਰਨਗੇ।

‘ਸਿਹਤ ਮਹਿਕਮੇ ’ਚ ਲਿਆਂਦੀਆਂ ਜਾਣਗੀਆਂ ਵੱਡੀਆਂ ਤਬਦੀਲੀਆਂ’

ਡਾ. ਬਲਬੀਰ ਸਿੰਘ ਨੇ ਪਾਰਟੀ ਹਾਈਕਮਾਨ ਵੱਲੋਂ ਪ੍ਰਗਟਾਏ ਭਰੋਸੇ ’ਤੇ ਖਰਾ ਉਤਰਨ ਸਮੇਤ ਨਵੀਂ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਅਹਿਦ ਲਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿਹਤ ਮਹਿਕਮੇ ’ਚ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਲੋਕ ਭਲਾਈ ਲਈ ਹਰ ਹਫ਼ਤੇ ਨਵੇਂ ਪ੍ਰੋਗਰਾਮ ਲਿਆਂਦੇ ਜਾਣਗੇ। ਇਸ ਦੌਰਾਨ ਉਨ੍ਹਾਂ ਸਿਹਤ ਵਿਭਾਗ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਅਤੇ ਪਤਨੀ ਰੁਪਿੰਦਰਜੀਤ ਕੌਰ ਸੈਣੀ, ਬੇਟੇ ਰਾਹੁਲ ਸੈਣੀ, ਬਲਵਿੰਦਰ ਸੈਣੀ ਅਤੇ ਐਡਵੋਕੇਟ ਮਨਪ੍ਰੀਤ ਸਿੰਘ ਸਮੇਤ ਧਾਰਮਿਕ ਅਸਥਾਨਾਂ ’ਤੇ ਮੱਥਾ ਵੀ ਟੇਕਿਆ।