ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ: ਬਾਜਵਾ

ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਚਿੰਤਾਜਨਕ: ਬਾਜਵਾ

ਜਲੰਧਰ- ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਨਕੋਦਰ ਵਿੱਚ ਬੀਤੇ ਦਿਨੀਂ ਗੈਂਗਸਟਰਾਂ ਵੱਲੋਂ ਮਾਰੇ ਕੱਪੜਾ ਵਪਾਰੀ ਟਿੰਮੀ ਚਾਵਲਾ ਦੇ ਪਰਿਵਾਰ ਅਤੇ ਉਨ੍ਹਾਂ ਦੇ ਨਾਲ ਮਾਰੇ ਗਏ ਗੰਨਮੈਨ ਮਨਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ’ਚ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ ਹੈ। ਕਾਂਗਰਸੀ ਆਗੂ ਬਾਜਵਾ ਅੱਜ ਨਕੋਦਰ ਅਤੇ ਪਿੰਡ ਕੋਟਲੀ ਗਾਜ਼ਾਰਾਂ ਵਿੱਚ ਪੀੜਤ ਪਰਿਵਾਰਾਂ ਕੋਲ ਗਏ। ਇਸ ਮੌਕੇ ਉਨ੍ਹਾਂ ਨਾਲ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਅਤੇ ਸਾਬਕਾ ਮੰਤਰੀ ਅਮਰਜੀਤ ਸਿੰਘ ਸਮਰਾ ਵੀ ਮੌਜੂਦ ਸਨ।

ਦੱਸਣਯੋਗ ਹੈ ਕਿ ਲੰਘੇ ਬੁੱਧਵਾਰ ਨਕੋਦਰ ਦੇ ਮੇਨ ਬਜ਼ਾਰ ਵਿੱਚ ਟਿੰਮੀ ਚਾਵਲਾ ਅਤੇ ਮਨਦੀਪ ਸਿੰਘ ਨੂੰ ਚਾਰ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸ੍ਰੀ ਬਾਜਵਾ ਨੇ ਇਸ ਮਾਮਲੇ ਵਿੱਚ ਜਲਦੀ ਨਿਆਂ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਘੱਟੋ-ਘੱਟ ਇੱਕ ਮੈਂਬਰ ਨੂੰ ਨੌਕਰੀ ਦੇਵੇ। ਉਨ੍ਹਾਂ ਕਿਹਾ ਕਿ ਦੋਵੇਂ ਮ੍ਰਿਤਕਾਂ ਦੇ ਬੱਚੇ ਛੋਟੇ ਹਨ। ਇਨ੍ਹਾਂ ਬੱਚਿਆਂ ਉੱਪਰੋਂ ਪਿਤਾ ਦਾ ਹੱਥ ਉੱਠ ਗਿਆ ਹੈ ਜਿਸ ਦੀ ਉਨ੍ਹਾਂ ਨੂੰ ਸਖਤ ਲੋੜ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਢੁਕਵਾਂ ਮੁਆਵਜ਼ਾ ਅਤੇ ਨੌਕਰੀਆਂ ਦੇਣੀ ਚਾਹੀਦੀਆਂ ਹਨ। ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦੀ ਆਲੋਚਨਾ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸੂਬੇ ਵਿੱਚ ਹਰ ਰੋਜ਼ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਹੋ ਰਹੇ ਕਤਲਾਂ ਦੇ ਬਾਵਜੂਦ ਭਗਵੰਤ ਮਾਨ ਸਰਕਾਰ ਡੂੰਘੀ ਨੀਂਦ ਵਿੱਚ ਸੁੱਤੀ ਪਈ ਹੈ।