ਪੰਜਾਬੀ ਯੂਨੀਵਰਸਿਟੀ ਵਿੱਚ ਬੀਬੀਸੀ ਦੀ ਦਸਤਾਵੇਜ਼ੀ ਦਿਖਾਈ

ਪੰਜਾਬੀ ਯੂਨੀਵਰਸਿਟੀ ਵਿੱਚ ਬੀਬੀਸੀ ਦੀ ਦਸਤਾਵੇਜ਼ੀ ਦਿਖਾਈ

ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਰਹੀ ਤਾਇਨਾਤ; ਏਬੀਵੀਪੀ ਵੱਲੋਂ ਫਿਲਮ ਦੀ ਸਕਰੀਨਿੰਗ ਰੋਕਣ ਦੀ ਮੰਗ
ਪਟਿਆਲਾ- ਪੰਜਾਬ ਸਟੂਡੈਂਟਸ ਯੂਨੀਅਨ (ਪੀਐੱਸਯੂ) ਵੱਲੋਂ ਸੂਬਾਈ ਪ੍ਰਧਾਨ ਰਣਵੀਰ ਸਿੰਘ ਰੰਧਾਵਾ ਦੀ ਦੇਖ-ਰੇਖ ਹੇਠ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਦਸਤਾਵੇਜ਼ੀ ‘ਇੰਡੀਆ ਦਿ ਮੋਦੀ ਕੁਐਸਚਨ’ ਦਿਖਾਈ ਗਈ। ਇਸ ਦੌਰਾਨ ਕਿਸੇ ਤਰ੍ਹਾਂ ਦੇ ਵਿਵਾਦ ਦੇ ਡਰੋਂ ਮੌਕੇ ’ਤੇ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਅਤੇ ਯੂਨੀਵਰਸਿਟੀ ਦਾ ਸੁਰੱਖਿਆ ਅਮਲਾ ਤਾਇਨਾਤ ਰਿਹਾ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਫਿਲਮ ਅੱਧੀ ਤੋਂ ਵੱਧ ਦਿਖਾਈ ਜਾ ਚੁੱਕੀ ਸੀ ਤਾਂ ਸਕਰੀਨਿੰਗ ਵਾਲੇ ਸਥਾਨ ’ਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਕੁਝ ਆਗੂ ਪੁੱਜ ਗਏ। ਉਨ੍ਹਾਂ ਭਾਵੇਂ ਸਿੱਧੇ ਤੌਰ ’ਤੇ ਪੀਐੱਸਯੂ ਕਾਰਕੁਨਾਂ ਨੂੰ ਕੁਝ ਨਾ ਕਿਹਾ, ਪਰ ਪੁਲੀਸ ਅਧਿਕਾਰੀਆਂ ਨੂੰ ਇਹ ਦਸਤਾਵੇਜ਼ੀ ਕੇਂਦਰ ਸਰਕਾਰ ਖ਼ਿਲਾਫ਼ ਹੋਣ ਦਾ ਹਵਾਲਾ ਦੇ ਕੇ ਰੁਕਵਾਉਣ ਦੀ ਮੰਗ ਕੀਤੀ। ਦੂਜੇ ਪਾਸੇ ਪੁਲੀਸ ਨੇ ਏਬੀਵੀਪੀ ਆਗੂਆਂ ਨੂੰ ਕਿਹਾ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਫਿਲਮ ਕਿਸ ਦੇ ਖ਼ਿਲਾਫ਼ ਹੈ ਅਤੇ ਇਸ ਤੋਂ ਬਾਅਦ ਪੀਐੱਸਯੂ ਫਿਲਮ ਦਿਖਾਉਣ ’ਚ ਸਫਲ ਰਹੀ।

ਫਿਲਮ ਦੀ ਸਕਰੀਨਿੰਗ ਦੀ ਸ਼ੁਰੂਆਤ ਮੌਕੇ ਪੀਐੱਸਯੂ ਦੇ ਸੂਬਾਈ ਜਨਰਲ ਸਕੱਤਰ ਅਮਨਦੀਪ ਸਿੰਘ ਖਿਓਵਾਲੀ ਨੇ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਦਸਤਾਵੇਜ਼ੀ ਬਾਰੇ ਮੰਚ ਤੋਂ ਆ ਕੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਪਹਿਲਕਦਮੀ ਕਰਨਗੇ ਪਰ ਜਿਹੜੀਆਂ ਕੇਂਦਰ ਪੱਖੀ ਧਿਰਾਂ ਦਸਤਾਵੇਜ਼ੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਨਗੀਆਂ ਤਾਂ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ। ਪੀਐੱਸਯੂ ਆਗੂ ਗੁਰਦਾਸ ਸਿੰਘ ਤੇ ਲਖਵਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਹਰ ਵਿਰੋਧੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਯੂਨੀਵਰਸਿਟੀਆਂ ਵਿੱਦਿਆ ਦੇ ਉਹ ਕੇਂਦਰ ਹਨ, ਜਿੱਥੇ ਵੱਖੋ ਵੱਖਰੇ ਵਿਚਾਰਾਂ ਵਿੱਚ ਹਮੇਸ਼ਾ ਸੰਵਾਦ ਰਹਿੰਦਾ ਹੈ। ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਦਿਖਾਈ ਜਾ ਰਹੀ ਦਸਤਾਵੇਜ਼ੀ ਕਾਰਨ ਵਿਦਿਆਰਥੀਆਂ ’ਤੇ ਸਰਕਾਰ ਦੀ ਕਾਰਵਾਈ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਵਿਦਿਆਰਥੀ ਆਗੂ ਰਾਜਵਿੰਦਰ ਕੌਰ, ਰਮਨ ਕੌਰ, ਪ੍ਰੀਤੀ ਯਾਦਵ ਤੇ ਅਕਸ਼ੈ ਘੱਗਾ ਆਦਿ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਕੇਂਦਰ ਸਰਕਾਰ ਦੇ ਹਰ ਲੋਕ ਵਿਰੋਧੀ ਕਦਮ ਦਾ ਡਟ ਕੇ ਵਿਰੋਧ ਕਰੇਗੀ। ਦਸਤਾਵੇਜ਼ੀ ਦੀ ਸਮਾਪਤੀ ਤੋਂ ਬਾਅਦ ਇਸ ’ਤੇ ਵਿਚਾਰ-ਚਰਚਾ ਵੀ ਕੀਤੀ ਗਈ।