ਪੰਜਾਬੀ ਯੂਨੀਵਰਸਿਟੀ ਵਿੱਚ ਕੌਮਾਂਤਰੀ ਐਰਗੋਨੋੋਮਿਕਸ ਕਾਨਫਰੰਸ ਸ਼ੁਰੂ

ਪੰਜਾਬੀ ਯੂਨੀਵਰਸਿਟੀ ਵਿੱਚ ਕੌਮਾਂਤਰੀ ਐਰਗੋਨੋੋਮਿਕਸ ਕਾਨਫਰੰਸ ਸ਼ੁਰੂ

ਬਰਿੱਕਸ ਮੁਲਕਾਂ ਦੇ ਤਾਲਮੇਲ ’ਚ ਯੂਨੀਵਰਸਿਟੀਆਂ ਦੀ ਅਹਿਮੀਅਤ ਸਮਝਣ ਦੀ ਲੋੜ ’ਤੇ ਜ਼ੋਰ
ਪਟਿਆਲਾ-ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਸਾਇੰਸ ਵਿਭਾਗ ਵੱੱਲੋਂ ਕਰਵਾਈ ਜਾ ਰਹੀ ਅੰਤਰਰਾਸ਼ਟਰੀ ਐਰਗੋਨੋੋਮਿਕਸ ਕਾਨਫਰੰਸ ਐਰਗੋਨੋਮਿਕਸ ਦੇ ਖੇਤਰ ਵਿੱਚ ਸਰਗਰਮ ਕੌਮਾਂਤਰੀ ਅਤੇ ਕੌਮੀ ਅਦਾਰਿਆਂ ਦੇ ਮੁੱਖ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਅੱਜ ਸ਼ੁਰੂ ਹੋ ਗਈ। ਤਿੰਨ-ਰੋਜ਼ਾ ਇਸ ਕਾਨਫਰੰਸ ਦਾ ਉਦਘਾਟਨ ਇੰਟਰਨੈਸ਼ਨਲ ਐਰਗੋਨੋਮਿਕਸ ਐਸੋਸੀਏਸ਼ਨ ਦੇ ਪ੍ਰਧਾਨ ਜੋਨਸ ਓਰਲੈਂਡੋਂ ਗੋਮਸ ਨੇ ਕੀਤਾ। ਉਦਘਾਟਨੀ ਭਾਸ਼ਣ ਦੌਰਾਨ ਇਸ ਕਾਨਫਰੰਸ ਦੀ ਅਹਿਮੀਅਤ ਦੱਸਦਿਆਂ, ਉਨ੍ਹਾਂ ਕਿਹਾ ਕਿ ਇਹ ਕਾਨਫਰੰਸ ਸਿਰਫ਼ ਐਰਗੋਨੋਮਿਕਸ ਦੇ ਖੇਤਰ ਵਿੱਚ ਦਿਲਚਸਪੀ ਲੈਣ ਵਾਲੇ ਮਾਹਿਰਾਂ, ਵਿਦਿਆਰਥੀਆਂ/ਖੋਜਾਰਥੀਆਂ ਲਈ ਹੀ ਅਹਿਮ ਨਹੀਂ ਹੈ, ਸਗੋਂ ਬਰਿਕਸ ਦੇ ਮੁਲਕਾਂ ਦੇ ਆਪਸੀ ਤਾਲਮੇਲ ਵਿੱਚ ਯੂਨੀਵਰਸਿਟੀਆਂ ਵਰਗੇ ਅਦਾਰਿਆਂ ਦੀ ਅਹਿਮੀਅਤ ਨੂੰ ਸਮਝਣ ਲਈ ਵੀ ਅਹਿਮ ਹੈ। ਉਦਘਾਟਨੀ ਸਮਾਗਮ ਦੌਰਾਨ ਹੀ ਆਪਣੇ ਕੌਮਾਂਤਰੀ ਪ੍ਰਧਾਨ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ, ਇੰਡੀਅਨ ਐਸੋਸੀਏਸ਼ਨ ਆਫ਼ ਐਰਗੋਨੋਮਿਕਸ ਦੇ ਪ੍ਰਧਾਨ ਪ੍ਰੋ. ਏਕੇ ਗਾਂਗੁਲੀ ਅਤੇ ਏਸ਼ੀਅਨ ਕਾਉਂਸਲ ਆਨ ਐਰਗੋਨੋਮਿਕਸ ਐਂਡ ਡਿਜ਼ਾਈਨ ਦੇ ਮੁਖੀ ਪ੍ਰੋ. ਦੇਵਕੁਮਾਰ ਚੱਕਰਵਰਤੀ ਨੇ ਦੱਸਿਆ ਕਿ ਇਸ ਖੇਤਰ ਵਿੱਚ ਖੋਜ ਨੂੰ ਬਿਹਤਰ ਬਣਾਉਣਾ ਅਤੇ ਇਸ ਨਾਲ ਜੁੜੀਆਂ ਸਹੂਲਤਾਂ ਬਰਿਕਸ ਨਾਲ ਜੁੜੇ ਮੁਲਕਾਂ ਵਿੱਚ ਵਿਕਸਿਤ ਕਰਨਾ ਬਹੁਤ ਅਹਿਮ ਹੈ। ਸਵਾਗਤੀ ਭਾਸ਼ਣ ਦਿੰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਅਜਿਹੀਆਂ ਕੌਮਾਂਤਰੀ ਕਾਨਫਰੰਸਾਂ ਦਾ ਮੁੱਖ ਮਕਸਦ ਖੋਜ ਦੇ ਮਿਆਰ ਨੂੰ ਉੱਚ ਚੁੱਕ ਕੇ ਉਸ ਥਾਂ ’ਤੇ ਲੈ ਕੇ ਜਾਣਾ ਹੈ, ਜਿੱਥੇ ਜਾਣੇ ਅਤੇ ਅਨਜਾਣੇ ਦੀ ਹੱਦ ਹੈ। ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਵਿਭਾਗ ਦੇ ਮੁਖੀ ਪ੍ਰੋ. ਅਜੀਤਾ ਨੇ ਦੱਸਿਆ ਕਿ ਅੱਜ ਪਹਿਲੇ ਦਿਨ 250 ਤੋਂ ਜ਼ਿਆਦਾ ਡੈਲੀਗੇਟਾਂ ਨੇ ਪੰਜੀਕਰਨ ਕਰਵਾਇਆ।