ਪੰਜਾਬੀ ਭਾਸ਼ਾ ਨੂੰ ਲੈ ਕੇ ਆਸਟੇ੍ਰਲੀਆ ਸਰਕਾਰ ਨੇ ਕੀਤਾ ਵੱਡਾ ਐਲਾਨ

ਪੰਜਾਬੀ ਭਾਸ਼ਾ ਨੂੰ ਲੈ ਕੇ ਆਸਟੇ੍ਰਲੀਆ ਸਰਕਾਰ ਨੇ ਕੀਤਾ ਵੱਡਾ ਐਲਾਨ

ਪੱਛਮੀ ਆਸਟੇ੍ਰਲੀਆ ਸੂਬੇ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਜਾਵੇਗੀ ਪੰਜਾਬੀ
ਸਿਡਨੀ : ਬੇਸ਼ੱਕ ਪੰਜਾਬ ਵਿਚ ਮਾਂ ਬੋਲੀ ਪੰਜਾਬੀ ਦੇ ਰੁਤਬੇ ਨੂੰ ਬਹਾਲ ਕਰਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ ਪਰ ਵਿਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਮਾਣ ਸਨਮਾਨ ਮਿਲਣ ਲੱਗਾ ਹੈ। ਹੁਣ ਆਸਟੇ੍ਰਲੀਆ ਦੇ ਇਕ ਸੂਬੇ ਨੇ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ। ਇਸ ਨਾਲ ਨਾ ਸਿਰਫ਼ ਵਿਦਿਆਰਥੀ ਪੰਜਾਬੀ ਪੜ੍ਹ ਸਕਣਗੇ, ਸਗੋਂ ਪੰਜਾਬੀ ਅਧਿਆਪਕਾਂ ਨੂੰ ਵੀ ਰੁਜ਼ਗਾਰ ਮਿਲੇਗਾ। ਜਾਣਕਾਰੀ ਮੁਤਾਬਕ ਇਥੋਂ ਦੇ ਪੱਛਮੀ ਆਸਟੇ੍ਰਲੀਆ ਸੂਬੇ ਨੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਹੈ, ਜਿਸ ਤਹਿਤ ਪ੍ਰੀ-ਨਰਸਰੀ (ਪ੍ਰੀ ਪ੍ਰਾਇਮਰੀ) ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ’ਚ ਪੰਜਾਬੀ ਪੜ੍ਹ ਸਕਣਗੇ। ਸਿੱਖਿਆ ਮੰਤਰੀ ਸੂ ਇਲੇਰੀ ਨੇ ਦੱਸਿਆ ਕਿ ਸਬੰਧਤ ਵਿਭਾਗ ਨੇ ਪੰਜਾਬੀ ਪਾਠਕ੍ਰਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 2024 ਤੋਂ ਇਥੋਂ ਦੇ ਬੱਚੇ ਪੰਜਾਬੀ ਪੜ੍ਹ ਸਕਣਗੇ। ਸਰਕਾਰ ਨੇ ਇਸ ਸੂਬੇ ਦੇ ਬੱਚਿਆਂ ਲਈ ਤੀਜੀ ਤੋਂ ਅੱਠਵੀਂ ਤੱਕ ਆਪਣੀ ਚੋਣਵੀਂ ਜ਼ੁਬਾਨ ਸਿਖਣੀ ਲਾਜ਼ਮੀ ਕੀਤੀ ਹੈ। ਸੂਬੇ ਨੇ ਕੁਝ ਸਮਾਂ ਪਹਿਲਾਂ ਸਿੱਖ ਇਤਿਹਾਸ ਨੂੰ ਪੰਜਵੀਂ, ਅੱਠਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਲਈ ਹਿਊਮੈਨਿਟੀਜ਼ ਅਤੇ ਸਮਾਜਿਕ ਸਿੱਖਿਆ ਵਿਸਿਆਂ ’ਚ ਸ਼ਾਮਲ ਕਰਵਾਇਆ ਸੀ। ਜ਼ਿਕਰਯੋਗ ਹੈਕਿ ਸੂਬੇ ਵਿਚ ਪਿਛਲੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 20,613 ਦੇ ਕਰੀਬ ਸੀ ਜਦਕਿ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ 11 ਹਜ਼ਾਰ ਤੇ ਗੁਜਰਾਤੀ ਬੋਲਣ ਵਾਲਿਆਂ ਦੀ ਗਿਣਤੀ ਕਰੀਬ 10 ਹਜ਼ਾਰ ਦਰਜ ਕੀਤੀ ਗਈ ਸੀ।