ਪੰਜਾਬੀ ਬੋਲੀ ਨੂੰ ਅਪਣਾਓ

ਪੰਜਾਬੀ ਬੋਲੀ ਨੂੰ ਅਪਣਾਓ

ਡਾ. ਰਣਜੀਤ ਸਿੰਘ

ਪੰਜਾਬੀ ਹੀ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਪੰਜਾਬੀਆਂ ਨੇ ਹੀ ਨਕਾਰਿਆ ਹੈ। ਪੰਜਾਬੀ ਇੱਕ ਬਹੁਤ ਹੀ ਪੁਰਾਣੀ ਅਤੇ ਸਮਰੱਥ ਭਾਸ਼ਾ ਹੈ ਪਰ ਇਸ ਨੂੰ ਕਦੇ ਕਿਸੇ ਸਰਕਾਰ ਦੀ ਸਰਪ੍ਰਸਤੀ ਹਾਸਲ ਨਹੀਂ ਹੋਈ। ਇਹ ਖ਼ੁਸ਼ਕਿਸਮਤੀ ਹੈ ਕਿ ਪੰਜਾਬੀ ਨੂੰ ਪੀਰਾਂ, ਫ਼ਕੀਰਾਂ, ਪੈਗੰਬਰਾਂ ਅਤੇ ਗੁਰੂਆਂ ਦੀ ਸਰਪ੍ਰਸਤੀ ਪ੍ਰਾਪਤ ਹੋਈ ਹੈ। ਇਹ ਵੀ ਸੱਚ ਹੈ ਕਿ ਇਸ ਬੋਲੀ ਅਤੇ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਦੇ ਪਿੰਡਾਂ ਨੇ ਹੀ ਸੰਭਾਲਿਆ ਸੀ। ਆਰਥਿਕ ਵਿਕਾਸ ਨਾਲ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚਲੀ ਦੂਰੀ ਲਗਭਗ ਖ਼ਤਮ ਹੀ ਹੋ ਗਈ ਹੈ। ਇਸੇ ਸ਼ਹਿਰੀ ਪ੍ਰਭਾਵ ਹੇਠ ਅਤੇ ਵਿਦੇਸ਼ਾਂ ਦੀ ਖਿੱਚ ਕਰਕੇ ਹੁਣ ਪਿੰਡ ਵਾਸੀਆਂ ਨੇ ਵੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣਾ ਸ਼ੁਰੂ ਕਰ ਦਿੱਤਾ ਹੈ। ਹੁਣ ਪਿੰਡਾਂ ਵਿੱਚ ਵੀ ਥਾਂ ਥਾਂ ਖੁੱਲ੍ਹ ਰਹੇ ਅਖੌਤੀ ਅੰਗਰੇਜ਼ੀ ਸਕੂਲਾਂ ਵਿੱਚ ਪਿੰਡ ਵਾਸੀਆਂ ਨੇ ਵੀ ਸਰਕਾਰੀ ਸਕੂਲਾਂ ਦੀ ਥਾਂ ਆਪਣੇ ਬੱਚੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਮੈਰਿਜ ਪੈਲੇਸ ਕਲਚਰ ਹੁਣ ਪਿੰਡਾਂ ਵਿੱਚ ਵੀ ਪਹੁੰਚ ਗਿਆ ਹੈ। ਵਿਆਹਾਂ ਵਿੱਚੋਂ ਆਪਸੀ ਪ੍ਰੇਮ, ਖ਼ੁਸ਼ੀ ਅਤੇ ਉਤਸ਼ਾਹ ਖ਼ਤਮ ਹੋ ਰਿਹਾ ਹੈ ਪਰ ਵਿਖਾਵਾ ਵਧ ਰਿਹਾ ਹੈ।

ਸਾਰੇ ਦੇਸ਼ ਵਿੱਚ ਸੂਬਿਆਂ ਦੀ ਹੱਦਬੰਦੀ ਬੋਲੀ ’ਤੇ ਆਧਾਰਿਤ ਹੋਈ ਸੀ ਪਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਲੰਬਾਂ ਸਮਾਂ ਸੰਘਰਸ਼ ਕਰਨਾ ਪਿਆ ਤੇ ਕੁਰਬਾਨੀਆਂ ਦਿੱਤੀਆਂ। ਇਸ ਦੇ ਨਾਲ ਹੀ ਆਪਣੀ ਚੋਖੀ ਧਰਤੀ ਵੀ ਦੇਣੀ ਪਈ ਪਰ ਹੁਣ ਵੀ ਪੰਜਾਬ ਵਿੱਚ ਪੰਜਾਬੀ ਨੂੰ ਬਣਦਾ ਮਾਣ ਸਨਮਾਨ ਦਿਵਾਉਣ ਲਈ ਵਿਦਵਾਨ ਤੇ ਪੰਜਾਬੀ ਹਿਤੈਸ਼ੀਆਂ ਨੂੰ ਧਰਨੇ ਮਾਰਨੇ ਪੈ ਰਹੇ ਹਨ ਤੇ ਸੈਮੀਨਾਰਾਂ ਦੀ ਭਰਮਾਰ ਹੈ ਪਰ ਇਹ ਵੀ ਸੱਚ ਹੈ ਕਿ ਅਖੌਤੀ ਪੰਜਾਬੀ ਹਿਤੈਸ਼ੀਆਂ ਦੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ ਅਤੇ ਪੰਜਾਬੀ ਤੋਂ ਅਣਜਾਣ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੋਲੀ ਅਤੇ ਸੱਭਿਆਚਾਰ ਦੇ ਵਿਕਾਸ ਲਈ ਸਰਕਾਰੀ ਸਰਪ੍ਰਸਤੀ ਦੀ ਲੋੜ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਲੋਕੀਂ ਆਪਣੀ ਭਾਸ਼ਾ ਨੂੰ ਅਪਣਾਉਣ ਲਈ ਆਪ ਪਹਿਲ ਕਰਨ। ਇਹ ਪੰਜਾਬ ਹੀ ਹੈ ਜਿੱਥੇ ਘਰਾਂ, ਦੁਕਾਨਾਂ ਤੇ ਦਫ਼ਤਰਾਂ ਦੇ ਬਾਹਰ ਬੋਰਡ ਅੰਗਰੇਜ਼ੀ ਵਿੱਚ ਲੱਗੇ ਹੋਏ ਹਨ। ਸਰਕਾਰ ਨਾਲ ਚਿੱਠੀ ਪੱਤਰ ਲਈ ਅਸੀਂ ਅੰਗਰੇਜ਼ੀ ਦੀ ਵਰਤੋਂ ਕਰਦੇ ਹਾਂ। ਬੈਂਕਾਂ, ਡਾਕਘਰਾਂ ਤੇ ਦਫ਼ਤਰਾਂ ਵਿੱਚ ਫਾਰਮ ਅੰਗਰੇਜ਼ੀ ਵਿੱਚ ਭਰਦੇ ਹਾਂ। ਫਿਰ ਭਲਾ ਅਸੀਂ ਸਰਕਾਰ ਨੂੰ ਕਿਵੇਂ ਦੋਸ਼ੀ ਆਖ ਸਕਦੇ ਹਾਂ।

ਰੱਜਵੀਂ ਰੋਟੀ ਖਾਣ ਵਾਲੇ ਘਰਾਂ ਦੇ ਬੱਚੇ ਪੰਜਾਬੀ ਪੜ੍ਹਦੇ ਹੀ ਨਹੀਂ। ਉਨ੍ਹਾਂ ਨਾਲ ਅਸੀਂ ਘਰ ਵਿੱਚ ਤੇ ਸਕੂਲ ਅੰਦਰ ਅੰਗਰੇਜ਼ੀ ਜਾਂ ਹਿੰਦੀ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸਲ ਵਿੱਚ ਅੰਗਰੇਜ਼ੀ ਦੇ ਪ੍ਰਭਾਵ ਵਿੱਚ ਆਏ ਮਾਪੇ ਬੱਚਿਆਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਹੋਣ ਹੀ ਨਹੀਂ ਦਿੰਦੇ। ਦੋ ਸਾਲ ਦੇ ਬੱਚੇ ਨੂੰ ਹੀ ਅਖੌਤੀ ਨਰਸਰੀ ਸਕੂਲਾਂ ਵਿੱਚ ਭੇਜ ਦਿੰਦੇ ਹਾਂ। ਖੇਡਣ ਤੇ ਮਾਪਿਆਂ ਨਾਲ ਘੁਲਣ ਮਿਲਣ ਦੀ ਉਮਰ ਵਿੱਚ ਉਹ ਸਕੂਲੀ ਅਨੁਸ਼ਾਸਨ ਵਿੱਚ ਬੰਨ੍ਹੇ ਜਾਂਦੇ ਹਨ ਤੇ ਧੱਕੇ ਨਾਲ ਉਨ੍ਹਾਂ ਨੂੰ ਅੰਗਰੇਜ਼ੀ ਰਟਾਈ ਜਾਂਦੀ ਹੈ। ਇੰਝ ਉਨ੍ਹਾਂ ਦੀ ਆਪਣੀ ਸੋਚ ਅਤੇ ਬੌਧਿਕਤਾ ਨੂੰ ਬੰਨ੍ਹ ਦਿੱਤਾ ਜਾਂਦਾ ਹੈ। ਸੋਚ ਦੀਆਂ ਉਡਾਰੀਆਂ ਤੇ ਮੁੱਢਲਾ ਗਿਆਨ ਆਪਣੀ ਮਾਂ ਬੋਲੀ ਰਾਹੀਂ ਪ੍ਰਾਪਤ ਹੋ ਸਕਦਾ ਹੈ। ਪੰਜਵੀਂ ਜਮਾਤ ਵਿੱਚ ਪਹੁੰਚ ਕੇ ਬੱਚੇ ਨੂੰ ਸੋਝੀ ਆ ਜਾਂਦੀ ਹੈ ਤੇ ਵਿਦੇਸ਼ੀ ਭਾਸ਼ਾ ਉਹ ਸਹਿਜ ਨਾਲ ਸਿੱਖ ਸਕਦਾ ਹੈ। ਡਾ. ਅਬਦੁੱਲ ਕਲਾਮ, ਡਾ. ਮਨਮੋਹਨ ਸਿੰਘ ਆਦਿ ਤੱਪੜਾਂ ਵਾਲੇ ਪੇਂਡੂ ਸਕੂਲਾਂ ਵਿੱਚ ਪੜ੍ਹੇ ਹਨ। ਉਨ੍ਹਾਂ ਅੰਗਰੇਜ਼ੀ ਵੀ ਪੰਜਵੀਂ ਜਮਾਤ ਵਿੱਚ ਆ ਕੇ ਹੀ ਸਿੱਖਣੀ ਸ਼ੁਰੂ ਕੀਤੀ ਸੀ ਪਰ ਉਹ ਅੰਗਰੇਜ਼ੀ ਵਿੱਚ ਕਿਸੇ ਪਾਸਿਓਂ ਘੱਟ ਨਹੀਂ ਸਨ। ਅੱਜ ਦੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹੇ ਬੱਚੇ ਅੰਗਰੇਜ਼ੀ ਬੋਲ ਤਾਂ ਭਾਵੇਂ ਸਕਦੇ ਹੋਣ ਪਰ ਸ਼ੁੱਧ ਅੰਗਰੇਜ਼ੀ ਲਿਖਣ ਤੋਂ ਅਸਮਰੱਥ ਹਨ। ਅਸਲ ਵਿੱਚ ਉਹ ਆਪਣੀਆਂ ਸੋਚਾਂ ਤੇ ਭਾਵਨਾਵਾਂ ਨੂੰ ਉਜਾਗਰ ਕਰ ਹੀ ਨਹੀਂ ਸਕਦੇ ਕਿਉਂਕਿ ਅੰਗਰੇਜ਼ੀ ਵਿੱਚ ਇਹ ਹੋਣਾ ਔਖਾ ਹੈ। ਆਪਣੀ ਬੋਲੀ ਉਨ੍ਹਾਂ ਨੂੰ ਆਉਂਦੀ ਨਹੀਂ ਹੈ।

ਇਸੇ ਕਰਕੇ ਅਸੀਂ ਜੁਗਾੜੀ ਤਾਂ ਬਣ ਗਏ ਹਾਂ ਪਰ ਵਧੀਆ ਵਿਗਿਆਨੀ ਨਹੀਂ ਬਣ ਸਕੇ। ਸੂਬੇ ਦੀਆਂ ਬਹੁਤੀਆਂ ਮੁਸ਼ਕਿਲਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਅਸੀਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਢੁੱਕਵੇਂ ਵਿਗਿਆਨਕ ਢੰਗ ਵਿਕਸਤ ਹੀ ਨਹੀਂ ਕਰ ਸਕੇ। ਪੰਜਾਬ ਨੂੰ ਵਿਕਾਸ ਦੇ ਅਗਲੇ ਪੜਾਅ ’ਤੇ ਲੈ ਕੇ ਜਾਣ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਬੋਲੀ ਵਿੱਚ ਸੋਚੀਏ ਤੇ ਆਪਣੇ ਸੱਭਿਆਚਾਰ ਆਧਾਰਿਤ ਵਿਕਾਸ ਦੀਆਂ ਯੋਜਨਾਵਾਂ ਉਲੀਕੀਏ। ਪੱਛਮੀ ਦੇਸ਼ਾਂ ਦੀ ਨਕਲ ਨੂੰ ਵਿਕਾਸ ਦਾ ਆਧਾਰ ਨਹੀਂ ਬਣਾਇਆ ਜਾ ਸਕਦਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੋਲੀ ’ਤੇ ਆਧਾਰਿਤ ਬਣੇ ਸੂਬੇ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਪੰਜਾਬੀ ਬੋਲੀ ਅਤੇ ਸੱਭਿਆਚਾਰ ਨੂੰ ਵਿਕਸਤ ਕਰੇ। ਸਾਰੇ ਸਰਕਾਰੀ ਕੰਮਕਾਜ ਪੰਜਾਬੀ ਵਿੱਚ ਕੀਤੇ ਜਾਣ ਅਤੇ ਪੰਜਾਬੀ ਗੀਤ ਸੰਗੀਤ ਵਿੱਚ ਵਧ ਰਹੇ ਲੱਚਰਪੁਣੇ ਨੂੰ ਠੱਲ ਪਾਈ ਜਾਵੇ ਪਰ ਬੋਲੀ ਅਤੇ ਸੱਭਿਆਚਾਰ ਉਦੋੋਂ ਹੀ ਵਿਕਸਤ ਹੋ ਸਕਣਗੇ ਜਦੋਂ ਪੰਜਾਬੀ ਆਪ ਆਪਣੀ ਬੋਲੀ ਅਤੇ ਸੱਭਿਆਚਾਰ ਨੂੰ ਅਪਣਾਉਣਗੇ ਅਤੇ ਇਸ ’ਤੇ ਮਾਣ ਕਰਨਗੇ। ਆਪਣੇ ਰੋਜ਼ਾਨਾ ਕੰਮਕਾਜ ਵਿੱਚ ਪੰਜਾਬੀ ਦੀ ਵਰਤੋਂ ਕਰੀਏ। ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਦੇ ਬਾਹਰ ਬੋਰਡ ਪੰਜਾਬੀ ਵਿੱਚ ਲਗਾਏ ਜਾਣ। ਸਰਕਾਰੀ ਫਾਰਮ ਅਤੇ ਹੋਰ ਚਿੱਠੀ ਪੱਤਰ ਪੰਜਾਬੀ ਵਿੱਚ ਕੀਤਾ ਜਾਵੇ। ਬੈਂਕਾਂ ਅਤੇ ਡਾਕਘਰਾਂ ਵਿੱਚ ਫਾਰਮ ਤੇ ਚੈੱਕ ਪੰਜਾਬੀ ਵਿੱਚ ਲਿਖੇ ਜਾਣ।

ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜੀਏ। ਬੇਸ਼ੱਕ ਇਨ੍ਹਾਂ ਸਕੂਲਾਂ ਵਿੱਚ ਸਹੂਲਤਾਂ ਦੀ ਘਾਟ ਹੈ ਪਰ ਅਧਿਆਪਕ ਵੱਧ ਪੜ੍ਹੇ ਲਿਖੇ ਅਤੇ ਵੱਧ ਤਨਖਾਹ ਲੈਂਦੇ ਹਨ। ਜੇਕਰ ਵੱਡੇ ਘਰਾਂ ਦੇ ਬੱਚੇ ਇਨ੍ਹਾਂ ਸਕੂਲਾਂ ਵਿੱਚ ਜਾਣਗੇ ਤਾਂ ਅਧਿਆਪਕ ਵੀ ਪੂਰੀ ਸੰਜੀਦਗੀ ਨਾਲ ਆਪਣੀ ਡਿਊਟੀ ਨਿਭਾਉਣਗੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਕਾਰੀ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇਵੇ ਤਾਂ ਜੋ ਅਖੌਤੀ ਅੰਗਰੇਜ਼ੀ ਸਕੂਲਾਂ ਵੱਲੋਂ ਮਾਪਿਆਂ ਦਾ ਮੁੱਖ ਮੋੜਿਆ ਜਾ ਸਕੇ। ਹੁਣ ਸਥਿਤੀ ਇਹ ਬਣ ਗਈ ਹੈ ਕਿ ਸਰਕਾਰੀ ਸਕੂਲਾਂ ਵਿੱਚ ਠੀਕ ਢੰਗ ਨਾਲ ਪੜ੍ਹਾਈ ਹੁੰਦੀ ਨਹੀਂ। ਕੋਈ ਤਿੰਨ ਤਿਹਾਈ ਬੱਚੇ ਦਸਵੀਂ ਪਾਸ ਕਰਨ ਤੋਂ ਪਹਿਲਾਂ ਹੀ ਸਕੂਲ ਛੱਡ ਜਾਂਦੇ ਹਨ। ਜਦੋਂਕਿ ਅਖੌਤੀ ਸਕੂਲ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਉਣ ਦੀ ਥਾਂ ਘਟੀਆ ਵਪਾਰੀ ਬਣਾ ਰਹੇ ਹਨ। ਬੱਚੇ ਸਵੇਰੇ ਸੱਤ ਵਜੇ ਤੋਂ ਸ਼ਾਮ ਦੇ ਸੱਤ ਵਜੇ ਤੱਕ ਸਕੂਲ ਅਤੇ ਟਿਊਸ਼ਨਾਂ ਦੇ ਚੱਕਰ ਵਿੱਚ ਹੀ ਘੁੰਮਦੇ ਹਨ, ਜਦੋਂ ਕੁਝ ਵਿਹਲ ਮਿਲਦੀ ਹੈ ਤਾਂ ਆਪਣੇ ਮੋਬਾਈਲ ਨਾਲ ਖੇਡਦੇ ਹਨ। ਹਾਲੀਆ ਇੱਕ ਸਰਵੇਖਣ ਤੋਂ ਪਤਾ ਚੱਲਿਆ ਹੈ ਕਿ ਸਰਕਾਰੀ ਸਕੂਲਾਂ ਦੇ ਬਹੁਗਿਣਤੀ ਬੱਚਿਆਂ ਕੋਲ ਸਮਾਰਟ ਫੋਨ ਹਨ ਪਰ ਉਹ ਆਪਣੀ ਮਾਂ ਬੋਲੀ ਵਾਲੀ ਕਿਤਾਬ ਠੀਕ ਢੰਗ ਨਾਲ ਨਹੀਂ ਪੜ੍ਹ ਸਕਦੇ। ਖੇਡਣਾ, ਸਾਥੀਆਂ ਨਾਲ ਹਾਸਾ ਮਖੌਲ, ਮਾਪਿਆਂ ਨਾਲ ਗੱਲਬਾਤ ਦਾ ਮੌਕਾ ਹੀ ਨਹੀਂ ਮਿਲਦਾ। ਉਹ ਕੇਵਲ ਆਪਣੀ ਬੋਲੀ ਅਤੇ ਸੱਭਿਆਚਾਰ ਤੋਂ ਹੀ ਦੂਰ ਨਹੀਂ ਹੋ ਰਹੇ ਸਗੋਂ ਸਮਾਜਿਕ ਰਿਸ਼ਤਿਆਂ ਦੇ ਨਿੱਘ ਤੋਂ ਵੀ ਅਣਜਾਣ ਬਣ ਰਹੇ ਹਨ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਰਕਾਰ ਦੇ ਅਵੇਸਲੇਪਣ ਨੂੰ ਦੂਰ ਕਰਨ ਲਈ ਸੰਘਰਸ਼ ਕਰਨਾ ਚਾਹੀਦਾ ਹੈ ਪਰ ਸਭ ਤੋਂ ਪਹਿਲਾਂ ਇਹ ਸੰਘਰਸ਼ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ। ਕਿਸੇ ਵੀ ਭਾਸ਼ਾ ਨੂੰ ਕਿਸੇ ਧਰਮ ਨਾਲ ਜੋੜਨਾ ਉਚਿਤ ਨਹੀਂ ਹੈ। ਪੰਜਾਬੀ ਤਾਂ ਸਾਰੇ ਪੰਜਾਬੀਆਂ ਦੀ ਭਾਸ਼ਾ ਹੈ। ਸਾਨੂੰ ਆਪਣੀ ਬੋਲੀ ਅਤੇ ਸੱਭਿਆਚਾਰ ਉਤੇ ਮਾਣ ਕਰਨਾ ਚਾਹੀਦਾ ਹੈ। ਜਦੋਂ ਤੱਕ ਕੋਈ ਆਪਣੀ ਬੋਲੀ ਅਤੇ ਸੱਭਿਆਚਾਰ ਉਤੇ ਮਾਣ ਨਹੀਂ ਕਰਦਾ ਉਸ ਵਿੱਚ ਆਤਮ ਵਿਸ਼ਵਾਸ ਨਹੀਂ ਆਉਂਦਾ। ਉਹ ਨਕਲ ਤਾਂ ਚੰਗੀ ਮਾਰ ਸਕਦਾ ਹੈ ਪਰ ਆਪਣੀ ਲੋੜ ਅਨੁਸਾਰ ਨਵੀਆਂ ਕਾਢਾਂ ਨਹੀਂ ਵਿਕਸਤ ਕਰ ਸਕਦਾ।

ਘਰ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰੀਏ। ਉਨ੍ਹਾਂ ਨੂੰ ਸੋਚ ਦੀਆਂ ਉਡਾਰੀਆਂ ਮਾਰਨ ਲਈ ਉਕਸਾਈਏ। ਪੰਜਾਬ ਦਾ ਵਿਰਸਾ ਬਹੁਤ ਮਹਾਨ ਹੈ। ਨਵੀਂ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਦਾ ਗਿਆਨ ਕਰਵਾਈਏ। ਇਹ ਜ਼ਿੰਮੇਵਾਰੀ ਪੰਜਾਬੀ ਲੇਖਕਾਂ ਅਤੇ ਮੀਡੀਆ ਦੀ ਬਣਦੀ ਹੈ ਕਿ ਉਹ ਬੱਚਿਆਂ ਲਈ ਵਿਰਸੇ ਆਧਾਰਿਤ ਪੁਸਤਕਾਂ, ਟੀਵੀ ਪ੍ਰੋਗਰਾਮ ਅਤੇ ਸੋਸ਼ਲ ਮੀਡੀਆ ਲਈ ਪ੍ਰੋਗਰਾਮ ਤਿਆਰ ਕਰਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਮੀਡੀਅਮ ਵਾਲੇ ਸਕੂਲ ਵਿੱਚ ਭੇਜਣ। ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਲਈ ਭੇਜਣ। ਇਹ ਆਮ ਆਖਿਆ ਜਾਂਦਾ ਹੈ ਕਿ ਹਰੇਕ ਅਧਿਆਪਕ ਸਰਕਾਰੀ ਸਕੂਲ ਵਿੱਚ ਨੌਕਰੀ ਕਰਨੀ ਚਾਹੁੰਦਾ ਹੈ ਪਰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਤੋਂ ਕੰਨੀ ਕਤਰਾਉਂਦਾ ਹੈ। ਕਦੇ ਸਮਾਂ ਸੀ ਜਦੋਂ ਬੱਚੇ ਨੂੰ ਪਹਿਲ ਦੇ ਆਧਾਰ ਉਤੇ ਸਰਕਾਰੀ ਸਕੂਲ ਵਿੱਚ ਭੇਜਿਆ ਜਾਂਦਾ ਸੀ। ਇਹ ਸਕੂਲ ਵੀ ਲੋਕਾਂ ਨੇ ਹੀ ਖੋਲ੍ਹੇ ਸਨ, ਵਪਾਰੀਆਂ ਦੀਆਂ ਦੁਕਾਨਾਂ ਨਹੀਂ ਸਨ। ਜਦੋਂ ਨੇੜੇ ਤੇੜੇ ਕੋਈ ਸਰਕਾਰੀ ਸਕੂਲ ਨਹੀਂ ਸੀ ਹੁੰਦਾ ਉਦੋਂ ਹੀ ਮਜਬੂਰੀ ਵਸ ਉਸ ਨੂੰ ਗੈਰਸਰਕਾਰੀ ਸਕੂਲ ਵਿੱਚ ਭੇਜਿਆ ਜਾਂਦਾ ਸੀ। ਸਾਰੇ ਘਰਾਂ, ਦਫ਼ਤਰਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਬੋਰਡ ਪੰਜਾਬੀ ਵਿੱਚ ਲਿਖਣ ਲਈ ਮੁਹਿੰਮ ਸ਼ੁਰੂ ਕਰੀਏ। ਆਪਣਾ ਸਾਰਾ ਲਿਖਣ ਪੜ੍ਹਨ ਪੰਜਾਬੀ ਵਿੱਚ ਕਰੀਏ।

ਹੁਣ ਪੰਜਾਬੀ ਵਿੱਚ ਅਰਜ਼ੀ ਲਿਖਣੀ ਜਾਂ ਫਾਰਮ ਭਰਨਾ ਹੀਣਤਾ ਸਮਝੀ ਜਾਂਦੀ ਹੈ, ਜਦੋਂ ਪੰਜਾਬੀ ਪਿਆਰਿਆਂ ਵੱਲੋਂ ਆਪਣਾ ਕਾਰੋਬਾਰ ਪੰਜਾਬੀ ਵਿੱਚ ਸ਼ੁਰੂ ਹੋ ਗਿਆ ਤਾਂ ਫਿਰ ਹੌਲੀ ਹੌਲੀ ਸਾਰੇ ਹੀ ਅਜਿਹਾ ਕਰਨ ਲੱਗ ਪੈਣਗੇ। ਆਪਣੇ ਸਾਰੇ ਸੱਦਾ ਪੱਤਰ ਪੰਜਾਬੀ ਵਿੱਚ ਛਾਪੀਏ। ਇਹ ਸਾਦੇ ਤੇ ਸੁੰਦਰ ਬਣਾਏ ਜਾਣ। ਜਦੋਂ ਅਸੀਂ ਪੰਜਾਬੀ ਨੂੰ ਅਪਣਾ ਲਿਆ ਉਦੋਂ ਜਿਹੜੀ ਵਿਖਾਵੇ ਦੀ ਭੈੜੀ ਬਿਮਾਰੀ ਸਾਨੂੰ ਲੱਗੀ ਹੋਈ ਹੈ ਇਹ ਵੀ ਘੱਟ ਹੋਣ ਲੱਗ ਪਵੇਗੀ। ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹੋਣਾ ਵਿਦਵਤਾ ਦੀ ਨਿਸ਼ਾਨੀ ਹੈ ਪਰ ਆਪਣੀ ਬੋਲੀ ਤੋਂ ਮੁੱਖ ਮੋੜਨਾ ਘਟੀਆਪਣ ਦੀ ਨਿਸ਼ਾਨੀ ਹੈ। ਪੰਜਾਬੀ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲੋਂ ਟੁੱਟੇ ਹੋਏ ਹਨ ਇਸੇ ਕਰਕੇ ਇੱਥੇ ਭ੍ਰਿਸ਼ਟਾਚਾਰ, ਹੇਰਾਫੇਰੀ ਅਤੇ ਨਸ਼ਿਆਂ ਦਾ ਵਾਧਾ ਹੋਇਆ ਹੈ। ਅਸੀਂ ਆਪਣੇ ਗੁਰੂ ਸਾਹਿਬਾਨ ਦੇ ਹੁਕਮਾਂ ਨੂੰ ਭੁੱਲ ਗਏ ਹਾਂ। ਗੁਰੂ ਜੀ ਨੇ ਪਵਨ, ਪਾਣੀ ਅਤੇ ਧਰਤੀ ਨੂੰ ਗੁਰੂ, ਪਿਤਾ ਤੇ ਮਾਤਾ ਦਾ ਦਰਜਾ ਦਿੱਤਾ ਸੀ ਪਰ ਅਸੀਂ ਇਨ੍ਹਾਂ ਨੂੰ ਪਲੀਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਆਓ ਆਪਣੇ ਗੁਰੂਆਂ ਦੇ ਹੁਕਮਾਂ ਦੀ ਪਾਲਣਾ ਕਰੀਏ ਪਰ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜਾਂਗੇ।