ਪੰਜਾਬੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ

ਪੰਜਾਬੀ ਫ਼ਿਲਮਾਂ ਦੀ ਉੱਘੀ ਅਦਾਕਾਰਾ ਦਲਜੀਤ ਕੌਰ ਦਾ ਦੇਹਾਂਤ

‘ਦਾਜ’ ‘ਪੁੱਤ ਜੱਟਾਂ ਦੇ’, ‘ਮਾਮਲਾ ਗੜਬੜ ਹੈ’, ‘ਸੈਦਾਂ ਜੋਗਣ’, ‘ਬਟਵਾਰਾ’, ‘ਕੀ ਬਣੂ ਦੁਨੀਆ ਦਾ’, ‘ਸਰਪੰਚ’ ਆਦਿ ਕਈ ਹਿਟ ਫ਼ਿਲਮਾਂ ’ਚ ਕੀਤਾ ਸੀ ਕੰਮ
ਗੁਰੂਸਰ ਸੁਧਾਰ- ਪੰਜਾਬੀ ਸਿਨੇਮਾ ਜਗਤ ਦੀ ਪ੍ਰਸਿੱਧ ਅਭਿਨੇਤਰੀ ਦਲਜੀਤ ਕੌਰ (69) ਦਾ ਅੱਜ ਦੇਹਾਂਤ ਹੋ ਗਿਆ। ਆਪਣੇ ਜ਼ਮਾਨੇ ਵਿਚ ਪੰਜਾਬੀ ਫ਼ਿਲਮਾਂ ਦੀ ‘ਹੇਮਾ ਮਾਲਿਨੀ’ ਵਜੋਂ ਮਸ਼ਹੂਰ ਰਹੀ ਦਲਜੀਤ ਕੌਰ ਨੇ 100 ਤੋਂ ਵੱਧ ਪੰਜਾਬੀ ਫ਼ਿਲਮਾਂ ਵਿਚ ਕੰਮ ਕੀਤਾ ਸੀ। ਉਨ੍ਹਾਂ ਦਰਜਨ ਦੇ ਕਰੀਬ ਹਿੰਦੀ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਸਨ। ਉਹ ਪਿਛਲੇ ਕਈ ਸਾਲਾਂ ਤੋਂ ਗੁਮਨਾਮੀ ਦੀ ਜ਼ਿੰਦਗੀ ਜੀਅ ਰਹੇ ਸਨ ਅਤੇ ਬਿਮਾਰ ਚਲੇ ਆ ਰਹੇ ਸਨ।
ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਨਾਲ ਸਬੰਧਤ ਦਲਜੀਤ ਕੌਰ ਦਾ ਅੱਜ ਸਥਾਨਕ ਕਸਬਾ ਗੁਰੂਸਰ ਸੁਧਾਰ (ਨਵੀਂ ਆਬਾਦੀ ਅਕਾਲਗੜ੍ਹ) ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਚਚੇਰੇ ਭਰਾ ਹਰਜਿੰਦਰ ਸਿੰਘ ਨੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਦਿੱਤੀ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਦਿੱਲੀ ਤੋਂ ਭੈਣ ਉਮਾ ਕੁਮਾਰ ਪਰਿਵਾਰ ਸਮੇਤ ਸ਼ਾਮਲ ਹੋਈ। ਉਨ੍ਹਾਂ ਦੀਆਂ ਵਿਦੇਸ਼ ਵਸਦੀਆਂ ਭੈਣਾਂ ਆਸ਼ਾ ਕੁਮਾਰੀ ਅਤੇ ਪਰਮਜੀਤ ਕੌਰ ਦੇ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਦਲਜੀਤ ਕੌਰ ਦਾ ਇਕਲੌਤਾ ਭਰਾ ਨਵਤੇਜ ਸਿੰਘ ਸਿਲੀਗੁੜੀ ਵਿੱਚ ਟਰਾਂਸਪੋਰਟਰ ਹੈ। ਦਲਜੀਤ ਕੌਰ ਦਾ ਜਨਮ 1953 ’ਚ ਸਿਲੀਗੁੜੀ ’ਚ ਹੋਇਆ ਸੀ। ਮੁੱਢਲੀ ਪੜ੍ਹਾਈ ਸਿਲੀਗੁੜੀ ਦੇ ਕਾਨਵੈਂਟ ਸਕੂਲ ’ਚ ਕਰਨ ਤੋਂ ਬਾਅਦ ਉਨ੍ਹਾਂ ਗਰੈਜੂਏਸ਼ਨ ਦਿੱਲੀ ਦੇ ਸ੍ਰੀਰਾਮ ਕਾਲਜ ’ਚੋਂ ਕੀਤੀ। ਪਿਤਾ ਮਹਿੰਦਰ ਸਿੰਘ ਧੀ ਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਪਰ ਦਲਜੀਤ ਕੌਰ ਦੀ ਰੁਚੀ ਐਕਟਿੰਗ ਵਿਚ ਸੀ। ਗਰੈਜੂਏਸ਼ਨ ਮਗਰੋਂ ਉਨ੍ਹਾਂ ਪੁਣੇ ਦੇ ਫ਼ਿਲਮ ਇੰਸਟੀਚਿਊਟ ਵਿਚ ਦਾਖ਼ਲਾ ਲੈ ਕੇ ਕਈ ਲਘੂ ਫ਼ਿਲਮਾਂ ਵਿਚ ਕੰਮ ਕੀਤਾ। ਸਾਲ 1976 ਵਿਚ ਉਨ੍ਹਾਂ ਦੀ ਧੀਰਜ ਕੁਮਾਰ ਨਾਲ ਪਹਿਲੀ ਫ਼ਿਲਮ ‘ਦਾਜ’ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਕਈ ਸੁਪਰਹਿੱਟ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚ ‘ਪੁੱਤ ਜੱਟਾਂ ਦੇ’, ‘ਮਾਮਲਾ ਗੜਬੜ ਹੈ’, ‘ਸੈਦਾਂ ਜੋਗਣ’, ‘ਬਟਵਾਰਾ’, ‘ਕੀ ਬਣੂ ਦੁਨੀਆ ਦਾ’, ‘ਸਰਪੰਚ’, ‘ਪਟੋਲਾ’, ‘ਇਸ਼ਕ ਨਿਮਾਣਾ’, ‘ਨਿੰਮੋਂ’, ‘ਅਣਖ ਜੱਟਾਂ ਦੀ’, ‘ਮਾਹੌਲ ਠੀਕ ਹੈ’, ‘ਜੀ ਆਇਆਂ ਨੂੰ’, ‘ਹੀਰ ਰਾਂਝਾ’, ‘ਸਿੰਘ ਵਰਸਿਜ਼ ਕੌਰ’ ਅਤੇ ‘ਜੱਟ ਬੁਆਏਜ਼’ ਆਦਿ ਫ਼ਿਲਮਾਂ ਸ਼ਾਮਲ ਹਨ। ਉਨ੍ਹਾਂ ਸਨੀ ਦਿਉਲ ਨਾਲ ‘ਡਕੈਤ’, ਰਿਸ਼ੀ ਕਪੂਰ ਨਾਲ ‘ਧਨ ਦੌਲਤ’, ਧਰਮਿੰਦਰ ਅਤੇ ਸ਼ਤਰੂਘਨ ਸਿਨਹਾ ਨਾਲ ‘ਜੀਨੇ ਨਹੀਂ ਦੂੰਗਾ’ ਅਤੇ ਜੈਕੀ ਸ਼ਰਾਫ਼ ਨਾਲ ‘ਏਕ ਔਰ ਏਕ ਗਿਆਰਾਂ’ ਤੋਂ ਇਲਾਵਾ ਮਿਥੁਨ ਚੱਕਰਵਰਤੀ ਨਾਲ ਹਿੰਦੀ ਤੋਂ ਇਲਾਵਾ ਕਈ ਮਲਿਆਲਮ ਅਤੇ ਕੰਨੜ ਭਾਸ਼ਾ ਵਿਚ ਫ਼ਿਲਮਾਂ ਕੀਤੀਆਂ ਸਨ। ਦਲਜੀਤ ਕੌਰ ਐਕਟਿੰਗ ਅਤੇ ਡਾਂਸਿੰਗ ਤੋਂ ਇਲਾਵਾ ਹਾਕੀ ਅਤੇ ਕਬੱਡੀ ਦੀ ਚੰਗੀ ਖਿਡਾਰਨ ਵੀ ਸੀ। ਪਤੀ ਹਰਮਿੰਦਰ ਸਿੰਘ ਦਿਉਲ ਦੀ ਸੜਕ ਹਾਦਸੇ ਵਿੱਚ ਮੌਤ ਨੇ ਦਲਜੀਤ ਕੌਰ ਨੂੰ ਤੋੜ ਕੇ ਰੱਖ ਦਿੱਤਾ ਸੀ ਅਤੇ ਉਨ੍ਹਾਂ ਫ਼ਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ। ਅਰਸੇ ਬਾਅਦ 2001 ਇੱਕ ਵਿੱਚ ਉਨ੍ਹਾਂ ਮੁੜ ਫ਼ਿਲਮੀ ਦੁਨੀਆ ਵੱਲ ਰੁਖ਼ ਕੀਤਾ ਸੀ ਪਰ 12 ਸਾਲ ਪਹਿਲਾਂ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਨੇ ਐਸਾ ਘੇਰਿਆ ਕਿ ਉਹ ਗੰਭੀਰ ਬਿਮਾਰ ਹੋ ਗਏ। ਉਹ ਮੁੰਬਈ ਤੋਂ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਗੁਰੂਸਰ ਸੁਧਾਰ ਵਿਚ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਕੋਲ ਰਹਿਣ ਲੱਗ ਪਏ ਸਨ।