ਪੰਜਾਬੀ ਗਾਇਕਾ ਸੁੱਖੀ ਬਰਾੜ ਦਾ ਗੀਤ ‘ਪੰਜਾਬ ਕੌਰ’ ਦੁਨੀਆਂ ਭਰ ’ਚ ਰਿਲੀਜ਼

ਪੰਜਾਬੀ ਗਾਇਕਾ ਸੁੱਖੀ ਬਰਾੜ ਦਾ ਗੀਤ ‘ਪੰਜਾਬ ਕੌਰ’ ਦੁਨੀਆਂ ਭਰ ’ਚ ਰਿਲੀਜ਼

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) : ਪੰਜਾਬੀ ਸੱਭਿਆਚਾਰਕ ਵਿਰਸੇ ਦੀ ਸੰਭਾਲ ਅਤੇ ਉਸ ਨੂੰ ਅਗਲੀ ਪੀੜੀ ਤੱਕ ਤੋਰਨ ਦਾ ਕੰਮ ਬਹੁਤ ਹੱਦ ਤੱਕ ਸੁਹਿਰਦ ਅਤੇ ਚੰਗੇ ਗਾਇਕਾਂ ਦੇ ਹੱਥ ਆਇਆ ਹੈ। ਉਨ੍ਹਾਂ ਗਾਇਕਾਂ ਦੀ ਕਤਾਰ ਵਿੱਚ ਸਭ ਤੋਂ ਉਪਰ ਨਾਂ ਪੰਜਾਬ ਦੀ ਧੀ ਸੁੱਖੀ ਬਰਾੜ ਦਾ ਆਉਂਦਾ ਹੈ। ਜਿਸ ਨੇ ਇਸ ਕਮਰਸੀਅਲ ਯੁੱਗ ਵਿੱਚ ਵੀ ਆਪਣੇ-ਆਪ ਨੂੰ ਸੱਭਿਆਚਾਰਕ ਵਿਰਸੇ ਨਾਲ ਜੋੜੀ ਰੱਖਿਆ ਹੈ। ਜਿਵੇਂ ਕਹਿੰਦੇ ਹਨ ਕਿ ‘ਦੋ ਕਦਮ ਘੱਟ ਤੁਰਨਾ, ਪਰ ਤੁਰਨਾ ਮਟਕ ਦੇ ਨਾਲ’ ਵਾਂਗ ਇਸ ਗਾਇਕੀ ਦੇ ਖੇਤਰ ਵਿੱਚ ਸਾਰਾ ਸਲਾਘਾਯੋਗ ਕੰਮ ਕੀਤਾ। ਚੰਗੇ ਪਰਿਵਾਰਿਕ ਰੀਤਾਂ-ਰਸਮਾਂ ਅਤੇ ਵਿਰਾਸਤ ਨਾਲ ਜੁੜੇ ਗੀਤ ਗਾਏ। ਜਿਨ੍ਹਾਂ ਤੋਂ ਪ੍ਰੇਰਣਾ ਲੈ ਨਵੀਂ ਪੀੜੀ ਕੁਝ ਸਿੱਖਦੀ ਹੈ ਅਤੇ ਆਪਣੇ ਵਿਰਸੇ ਨੂੰ ਅੱਗੇ ਤੋਰਦੀ ਹੈ।
ਇਸੇ ਪੰਜਾਬੀ ਵਿਰਸੇ ਦੀ ਧੀ ਅਤੇ ਪੰਜਾਬੀ ਸੱਭਿਆਚਾਰ ਦਾ ਮਾਣ ਗਾਇਕਾ ਸੁੱਖੀ ਬਰਾੜ ਅਤੇ ਸੱਗੀ ਫੁੱਲ ਪ੍ਰਡਕਸ਼ਨ ਵੱਲੋਂ ਸੁੱਖੀ ਬਰਾੜ ਦਾ ਗੀਤ “ਪੰਜਾਬ ਕੌਰ”ਬੀਤੇ ਦਿਨੀਂ ਰਿਲੀਜ਼ ਹੋਇਆ। ਜਿਸ ਵਿੱਚ ਪੰਜਾਬੀ ਸੱਭਿਆਚਾਰ ਅੰਦਰ ਵਿਰਸੇ ਦੇ ਨਾਲ-ਨਾਲ ਪੰਜਾਬੀ ਮੁਟਿਆਰਾ ਅੰਦਰ ਆਪਣੇ ਨਾਂ ਦੇ ਨਾਲ ਗੁਰੂਆਂ ਵੱਲੋਂ ਬਖਸ਼ੇ ਕੌਰ ਦੇ ਨਾਂ ਦੀ ਗੱਲ ਹੋਈ ਹੈ। ਜੋ ਬਹਾਦਰੀ ਅਤੇ ਮਾਣ ਦਾ ਪ੍ਰਤੀਕ ਹੈ। ਇਸ ਗੀਤ ਦੀ ਗੀਤਕਾਰੀ ਵੀ ਪੰਜਾਬ ਸਿੰਘ ਵੱਲੋਂ ਬਾ-ਕਮਾਲ ਕੀਤੀ ਗਈ ਹੈ। ਜਦ ਕਿ ਮਿਊਜ਼ਿਕ ਨੂੰ ‘ਦਾ ਮਿਊਜ਼ਿਕ ਫੈਕਟਰੀ‘ ਵੱਲੋਂ ਦਿੱਤਾ ਗਿਆ ਹੈ। ਇਸ ਗੀਤ ਵਿੱਚ ਬੁਲੰਦ ਅਵਾਜ਼ ਸੁੱਖੀ ਬਰਾੜ ਦੀ ਗਾਇਕੀ ਸਲਾਘਾਯੋਗ ਹੈ। ਜਿਸ ਨੇ ਪੰਜਾਬ ਦਾ ਬਹੁਤ ਮਾਣ ਵਧਾਇਆ ਹੈ। ਇਸ ਗੀਤ ਦੀ ਵੀਡੀਓ ਵੀ ਸੱਭਿਆਚਾਰਕ ਪੱਖਾਂ ਨੂੰ ਛੂਹਦੀ ਹੈ। ਜਦ ਕਿ ਵੀਡੀਓ ਵਿੱਚ ਗਾਇਕਾਂ ਸੁੱਖੀ ਬਰਾੜ ਤੋਂ ਇਲਾਵਾ ਅਦਾਕਾਰਾ ਡਾ. ਸਿਫਤੀ ਭੱਲਰ ਅਤੇ ਪੂਰੀ ਟੀਮ ਨਜ਼ਰ ਆਉਦੀ ਹੈ। ਇਸ ਗੀਤ ਦੀ ਸਾਰੇ ਪੱਖਾਂ ਸ਼ਲਾਘਾ ਕਰਨੀ ਬਣਦੀ ਹੈ। ਇਹ ਗੀਤ ਅੱਜ ਕਲ ਦੇਸ਼-ਵਿਦੇਸ਼ ਵਿੱਚ ਚੱਲ ਰਹੇ ਤੀਆਂ ਦੇ ਮੇਲਿਆਂ ਦੀ ਸ਼ਾਨ ਬਣਿਆ ਹੋਇਆ ਹੈ। ਇਸ ਗੀਤ ਨੂੰ ਯੂ-ਟਿਊਬ ਜਾਂ ਹੋਰ ਸ਼ੋਸ਼ਲ ਮੀਡੀਏ ਦੇ ਸਾਧਨਾਂ ਰਾਹੀ ਸੁਣੋ ਅਤੇ ਚੰਗੇ ਕਲਾਕਾਰਾਂ ਦਾ ਹਮੇਸ਼ਾ ਹੌਸ਼ਲਾ ਅਫਜ਼ਾਈ ਜ਼ਰੂਰ ਕਰੋ ਤਾਂ ਕਿ ਅੱਗੋਂ ਤੋਂ ਵੀ ਅਜਿਹੇ ਸੱਭਿਆਚਾਰਕ ਗੀਤ ਆ ਸਕਣ। ਸਾਡੇ ਵੱਲੋਂ ਗਾਇਕਾਂ ਸੁੱਖੀ ਬਰਾੜ ਅਤੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ।