ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਵਲੋਂ ਕਰਵਾਏ 34ਵੇਂ ਯਾਦਗਾਰੀ ਸੱਭਿਆਚਾਰਕ ਮੇਲੇ ’ਚ ਖੂਬ ਲੱਗੀਆਂ ਰੌਣਕਾਂ

ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਵਲੋਂ ਕਰਵਾਏ 34ਵੇਂ ਯਾਦਗਾਰੀ ਸੱਭਿਆਚਾਰਕ ਮੇਲੇ ’ਚ ਖੂਬ ਲੱਗੀਆਂ ਰੌਣਕਾਂ

ਸੈਕਰਾਮੈਂਟੋ/ ਕੈਲੀਫੋਰਨੀਆ : ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਵਲੋਂ 29 ਜੂਨ ਦਿਨ ਸ਼ਨੀਵਾਰ ਨੂੰ ਕਰਵਾਏ 34ਵੇਂ ਸੱਭਿਆਚਾਰਕ ਮੇਲੇ ਮੌਕੇ ਖੂਬਸੂਰਤ ਪੰਜਾਬੀ ਪਹਿਰਾਵੇ ਵਿੱਚ ਸਜੇ ਨੰਨੇ ਮੁੰਨੇ ਬੱਚਿਆਂ, ਮੁਟਿਆਰਾਂ ਤੇ ਗੱਭਰੂਆਂ ਨੇ ਗਿੱਧੇ ਅਤੇ ਭੰਗੜੇ ਦੇ ਪਿੜ ਵਿੱਚ ਉਹ ਰੰਗ ਬੰਨ੍ਹੇ ਕਿ ਦਰਸ਼ਕ ਅਸ਼ ਅਸ਼ ਕਰ ਉੱਠੇ। ਸ਼ੈੱਲਡਨ ਹਾਈ ਸਕੂਲ ਦੇ ਖੂਬਸੂਰਤ ਥੀਏਟਰ ਹਾਲ ਵਿੱਚ ਬੇਹੱਦ ਪਰਿਵਾਰਕ ਅਤੇ ਸਕੂਨ ਭਰੇ ਮਾਹੌਲ ਵਿੱਚ ਹੋਏ ਇਸ ਰੰਗਾ ਰੰਗ ਸਮਾਗਮ ਵਿੱਚ ਕੋਈ 150 ਤੋਂ ਵੱਧ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਕੋਚ ਵਰਿੰਦਰ ਸਿੰਘ, ਪਰਨੀਤ, ਅਮ੍ਰਿਤ ਸਿੰਘ, ਅਮਨਪ੍ਰੀਤ, ਨਵਲੀਨ ਭਾਟੀਆ ਅਤੇ ਇਕਬਾਲ ਸਿੰਘ ਟਰੇਸੀ ਦੀਆਂ 18 ਟੀਮਾਂ ਦੇ ਸੈਂਕੜੇ ਕਲਾਕਾਰਾਂ ਨੇ ਦਰਸ਼ਕਾਂ ਦੇ ਮਨ ਮੋਹ ਲਏ। ਸੋਸਾਇਟੀ ਦੇ ਰੂਹੇ ਰਵਾਂ ਸ੍ਰ. ਰਛਪਾਲ ਸਿੰਘ ਫਰਵਾਲਾ ਅਤੇ ਗਾਇਕਾ ਪੂਨਮ ਮਲਹੋਤਰਾ ਨੇ ਇੱਕ ਇੱਕ ਸੋਲੋ ਗੀਤ ਗਾਉਣ ਤੋਂ ਬਾਅਦ ਇੱਕ ਪੁਰਾਤਨ ਡਿਊਟ ਗੀਤ ‘‘ਜੇ ਮੁੰਡਿਆ ਸਾਡੀ ਟੋਰ ਤੂੰ ਵੇਖਣੀ” ਗਾ ਕੇ ਸਮਾਂ ਬੰਨ੍ਹ ਦਿੱਤਾ। ਸੋਸਾਇਟੀ ਦੇ ਵੀਹ ਸਾਲ ਤੋਂ ਵੱਧ ਸਮੇਂ ਤੋਂ ਮੈਂਬਰ ਚੱਲੇ ਆ ਰਹੇ ਜਰਨੈਲ ਸਿੰਘ ਸਰਪੰਚ ਨੂੰ ਇੱਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਅੰਤ ਵਿੱਚ ਸਾਰੀ ਪ੍ਰਬੰਧਕ ਕਮੇਟੀ ਨੇ ਸਟੇਜ ਉੱਤੇ ਆ ਕੇ ਸਾਰੇ ਕਲਾਕਾਰਾਂ ਨੂੰ ਇਨਾਮ ਦਿੱਤੇ। ਸਟੇਜ ਦੀ ਕਾਰਵਾਈ ਸ੍ਰ. ਜਸਵੰਤ ਸਿੰਘ ਸ਼ਾਦ ਨੇ ਹਮੇਸ਼ਾਂ ਦੀ ਤਰ੍ਹਾਂ ਬਾਖੂਬੀ ਨਿਭਾਈ। ਵੀਡੀਓ ਤੇ ਫੋਟੋਗਰਾਫੀ ਦੀ ਸੇਵਾ ਮਾਧੋ ਚਾਹਲ ਨੇ ਨਿਭਾਈ। ਰਛਪਾਲ ਸਿੰਘ ਫਰਵਾਲਾ ਨੇ ਮੇਲੇ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਸਰਵ ਸ੍ਰੀ ਤੀਰਥ ਸਹੋਤਾ, ਪਰਮਜੀਤ ਢਿੱਲੋਂ, ਜਤਿੰਦਰ ਬੀਸਲਾ, ਰਸ਼ਪਾਲ ਫਰਵਾਲਾ, ਜਸਵੰਤ ਸਿੰਘ ਸ਼ਾਦ, ਵਰਿੰਦਰ ਸੰਘੇੜਾ, ਅੰਮ੍ਰਿਤ ਸੰਘੇੜਾ, ਕਮਲ ਬੰਗਾ, ਅਵਤਾਰ ਸਿੰਘ ਡੌਡ, ਸੁਰਿੰਦਰ ਬਿੰਦਰਾ, ਬਖਸ਼ੀਸ਼ ਗਿੱਲ, ਜੇਗੀ ਕੰਦੋਲਾ, ਜਰਨੈਲ ਮੰਡੇਰ ਤੇ ਜਰਨੈਲ ਸਿੰਘ ਸਰਪੰਚ ਹਾਜ਼ਰ ਸਨ।