ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਦੇ 33ਵੇਂ ਸੱਭਿਆਚਾਰਕ ਮੇਲੇ ਵਿੱਚ ਲੱਗੀਆਂ ਰੌਣਕਾਂ

ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਦੇ 33ਵੇਂ ਸੱਭਿਆਚਾਰਕ ਮੇਲੇ ਵਿੱਚ ਲੱਗੀਆਂ ਰੌਣਕਾਂ

ਸੈਕਰਾਮੈਂਟੋ : ਬੀਤੇ ਸ਼ਨੀਵਾਰ ਪੰਜਾਬੀ ਕਲਚਰਲ ਸੋਸਾਇਟੀ ਸੈਕਰਾਮੈਂਟੋ ਵਲੋਂ 33ਵਾਂ ਸਲਾਨਾ ਸੱਭਿਆਚਾਰਕ ਮੇਲਾ “ਰੌਇਲ ਈਵੈਂਟ ਹਾਲ ਵਿੱਚ ਕਰਵਾਇਆ ਗਿਆ। ਮੇਲੇ ਵਿੱਚ ਹਰ ਸਾਲ ਦੀ ਤਰਾਂ ਸਥਾਨਕ ਭਾਈਚਾਰੇ ਵਲੋਂ ਹੁੰਮ ਹੁਮਾ ਕੇ ਸ਼ਿਰਕਤ ਕੀਤੀ ਗਈ। ਇੱਕ ਪਰਿਵਾਰਕ ਮੇਲੇ ਵਜੋਂ ਸਥਾਪਤ ਹੋ ਚੁੱਕੇ ਇਸ ਮੇਲੇ ਵਿੱਚ ਪਰਿਵਾਰ ਆਪਣੇ ਬੱਚਿਆਂ ਤੇ ਬਜ਼ੁਰਗਾਂ ਸਮੇਤ ਪਹੁੰਚੇ ਹੋਏ ਸਨ। ਪੰਜ ਸਾਲ ਦੇ ਨੰਨੇ ਮੁੰਨੇ ਬਾਲ ਕਲਾਕਾਰਾਂ ਤੋਂ ਲੈ ਕੇ ਵੀਹ ਸਾਲ ਤੱਕ ਦੇ ਗੱਭਰੂ ਤੇ ਮੁਟਿਆਰਾਂ ਨੇ ਭੰਗੜੇ ਤੇ ਗਿੱਧੇ ਦੇ ਜੌਹਰ ਵਿਖਾਏ। ਸ਼ਾਮ ਚਾਰ ਵਜੇ ਸ਼ੁਰੂ ਹੋਏ ਇਸ ਸਮਾਗਮ ਵਿੱਚ ਲੋਕ ਨਾਚਾਂ ਅਤੇ ਗੀਤ ਸੰਗੀਤ ਨੇ ਕੋਈ ਢਾਈ ਘੰਟੇ ਤੱਕ ਦਰਸ਼ਕਾਂ ਨੂੰ ਕੀਲੀ ਰੱਖਿਆ। ਕਲਾਕਾਰਾਂ ਦੇ ਗਰੁੱਪਾਂ ਵਿੱਚ ਮਾਨਵਤਾ ਭਸੀਨ ਦੀ ਟੀਮ “ਫੁੱਲਝੜੀਆਂ”, ਗੈਰੀ ਭੰਗੂ ਦੀ ਟੀਮ”ਭੰਗੜਾ ਡਾਂਸ ਫਿੱਟਨੈੱਸ”, ਵਰਿੰਦਰ ਅਤੇ ਅਮ੍ਰਿਤ ਫਰਵਾਲਾ ਦੀਆ ਟੀਮਾਂ”ਸ਼ਾਨ ਪੰਜਾਬ ਦੀ ਅਤੇ ”ਰੰਗਲ?ਾ ਪੰਜਾਬ”, ਅਮਨ ਸੰਧੂ ਦੀਆਂ ਟੀਮਾਂ”ਗਿੱਧੇ ਦੀਆਂ ਪਰੀਆਂ”ਨੱਚਦੀਆਂ ਕੂੰਜਾਂ”, ਸ਼ੌਕੀਨਣਾਂ ਗਿੱਧੇ ਦੀਆ”, “ਬੱਲੇ ਬੱਲੇ ਭੰਗੜਾ” ਅਤੇ “ਮੁਟਿਆਰਾਂ ਦਾ ਭੰਗੜਾ” ਨੇ ਕਮਾਲ ਦੀਆਂ ਪੇਸ਼ਕਾਰੀਆਂ ਕਰਕੇ ਦਰਸ਼ਕਾਂ ਦੇ ਮਨ ਮੋਹ ਲਏ। ਗੀਤ ਸੰਗੀਤ ਦੇ ਦੌਰ ਵਿੱਚ ਬਾਲੀ ਚੀਮਾ ਨੇ ਆਪਣੇ ਲਿਖੇ ਗੀਤ ਨਾਲ ਹਾਜਰੀ ਲਵਾਈ। ਸਾਬਹੀ ਪਨੇਸਰ ਨੇ ਬੁਲੰਦ ਆਵਾਜ਼ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਨਾਲ ਗਾਇਨ ਸ਼ੁਰੂ ਕਰਦਿਆਂ ਮਾਹੌਲ ਦੇ ਮੁਤਾਬਿਕ ਦੋ ਹੋਰ ਸੱਭਿਆਚਾਰਕ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਕੈਲੇਫੋਰਨੀਆਂ ਦੀ ਸੁਰੀਲੀ ਗਾਇਕਾ ਪੂਨਮ ਨੇ ਸੁਰਿੰਦਰ ਕੌਰ ਦੇ ਗਾਏ ਇੱਕ ਗੀਤ ਨੂੰ ਇੰਨਾ ਬਾਖੂਬੀ ਗਾਇਆ ਕਿ ਸਰੋਤੇ ਅਸ਼ ਅਸ਼ ਕਰ ਉੱਠੇ। ਸਰੋਤਿਆਂ ਦੀ ਫਰਮਾਇਸ਼ ਉੱਤੇ ਐਸੋਸੀਏਸ਼ਨ ਦੇ ਮੋਢੀ ਅਤੇ ਰੂਹੇ ਰਵਾਂ ਸ. ਰਛਪਾਲ ਸਿੰਘ ਫਰਵਾਲਾ ਅਤੇ ਪੂਨਮ ਨੇ ਇੱਕ ਡਿਊਟ ਗੀਤ” ਆ ਗਿਆ ਵਣਜਾਰਾ ਨੀ ਚੜ੍ਹਾ ਲੈ ਭਾਬੀ ਚੂੜੀਆਂ” ਗਾ ਕੇ ਸਰੋਤੇ ਝੂਮਣ ਲਾ ਦਿੱਤੇ। ਕਹਿ ਸਕਦੇ ਹਾਂ ਕਿ ਇਹ ਗੀਤ ਮੇਲੇ ਦਾ ਸਿਖਰ ਹੋ ਨਿੱਬੜਿਆ। ਸਟੇਜ ਦਾ ਸੰਚਾਲਨ, ਪਿਛਲੇ 19 ਸਾਲਾਂ ਤੋਂ ਐਸੋਸੀਏਸ਼ਨ ਦੀ ਸਟੇਜ ਸੰਚਾਲਨ ਦੀ ਸੇਵਾ ਨਿਭਾ ਰਹੇ ਜਸਵੰਤ ਸਿੰਘ ਸ਼ਾਦ ਨੇ ਬਾਖੂਬੀ ਕੀਤਾ। ਸ. ਰਛਪਾਲ ਸਿੰਘ ਫਰਵਾਲਾ ਨੇ ਆਏ ਹੋਏ ਦਰਸ਼ਕਾਂ ਕਲਾਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਦਾ ਧੰਨਵਾਦ ਕੀਤਾ। ਐਸੋਸੀਏਸ਼ਨ ਵਲੋਂ ਮਨਦੀਪ ਕੌਰ ਫਰਵਾਲਾ ਨੇ ਗਿੱਧਾ ਭੰਗੜਾ ਕੋਚ ਅਮਨ ਕੌਰ ਸੰਧੂ ਦਾ ਵਿਸ਼ੇਸ ਸਨਮਾਨ ਕੀਤਾ। ਅੰਤ ਵਿੱਚ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਸਾਰੇ ਕਲਾਕਾਰਾਂ ਨੂੰ ਟਰਾਫੀਆ ਦੇ ਕੇ ਸਨਮਾਨਤ ਕੀਤਾ। ਸੰਗੀਤ ਨਰਿੰਦਰ ਬੱਗਾ ਅਤੇ ਸੋਨੂੰ ਦਾ ਸੀ। ਇਸ ਮੌਕੇ ਸਮੂਹ ਪ੍ਰਬੰਧਕ ਕਮੇਟੀ ਮੈਂਬਰ ਸਰਵ ਸ੍ਰੀ ਤੀਰਥ ਸਹੋਤਾ, ਪਰਮਜੀਤ ਢਿੱਲੋਂ, ਜਤਿੰਦਰ ਬੀਸਲਾ,ਅਮਰੀਕ ਸਿੰਘ ਪਰਹਾਰ,ਦੇਬੀ ਗਿੱਲ,ਵਰਿੰਦਰ ਸੰਘੇੜਾ, ਕਮਲ ਬੰਗਾ, ਪਰਮਿੰਦਰ ਵਿਰਕ, ਜੱਸੀ ਸੰਘਾ, ਅਵਤਾਰ ਸਿੰਘ ਡੌਡ, ਮਨੋਹਰ ਲਾਲ ਰੱਤੀ, ਭੀਲੀ ਸੰਧੂ, ਗੁਰਮਿੰਦਰ ਗੁਰੀ, ਗੁਰਨੇਕ ਸਿੰਘ, ਸੁਰਿੰਦਰ ਬਿੰਦਰਾ, ਬਖਸ਼ੀਸ਼ ਗਿੱਲ, ਬਲਵੰਤ ਸਿੰਘ ਕੰਦੋਲਾ, ਵਿਜੇ ਪਰਹਾਰ, ਰਜਿੰਦਰ ਪਾਲ ਸਿੰਘ, ਮਾਧੋ ਚਾਹਲ, ਜਰਨੈਲ ਮੰਡੇਰ, ਰੋਹਿਤ, ਪਵਿੱਤਰ ਨਾਹਲ, ਜੱਗੀ ਕੰਦੋਲਾ, ਕੇਵਲ ਬੋਲੀਨਾ, ਜਰਨੇਲ ਸਿੰਘ ਸਰਪੰਚ ਅਤੇ ਅਵਤਾਰ ਸਿੰਘ ਦੋਸਾਂਝ ਹਾਜਰ ਸਨ।