ਪੰਜਾਬੀ ਅਮੈਰੀਕਨ ਐਸੋਸੀਏਸ਼ਨ ਮਨਟੀਕਾ ਵਲੋਂ 12ਵੇਂ ਵਿਸਾਖੀ ਖੇਡ ਮੇਲੇ ਨੇ ਪੰਜਾਬੀ ਸਭਿਆਚਾਰ ਯਾਦ ਕਰਵਾਇਆ

ਪੰਜਾਬੀ ਅਮੈਰੀਕਨ ਐਸੋਸੀਏਸ਼ਨ ਮਨਟੀਕਾ ਵਲੋਂ 12ਵੇਂ ਵਿਸਾਖੀ ਖੇਡ ਮੇਲੇ ਨੇ ਪੰਜਾਬੀ ਸਭਿਆਚਾਰ ਯਾਦ ਕਰਵਾਇਆ

ਮਨਟੀਕਾ, (ਹਰਪਾਲ ਸਿੰਘ) : ਆਪਣੇ ਸਭਿਆਚਾਰ ਨੂੰ ਸੰਭਾਲਣ ਲਈ ਪੰਜਾਬੀ ਅਮੈਰੀਕਨ ਐਸੋਸੀਏਸ਼ਨ ਮਨਟੀਕਾ ਵਲੋਂ 12ਵਾਂ ਵਿਸਾਖੀ ਖੇਡ ਮੇਲਾ 20 ਅਪ੍ਰੈਲ ਨੂੰ ਕਰਵਾਇਆ ਗਿਆ ਜਿਸ ਵਿਚ ਇਲਾਕੇ ਦੀ ਪੰਜਾਬੀ ਕਮਿਊਨਿਟੀ ਨੇ ਪਹੁੰਚ ਕੇ ਪੂਰਾ ਰੰਗ ਮਾਣਿਆ, ਉਥੇ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਕਿ ਬੱਚਿਆਂ ਨੂੰ ਗਿੱਧੇ-ਭੰਗੜੇ ਤੋਂ ਇਲਾਵਾ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਹਨ ਜਿਸ ਨਾਲ ਬੱਚਿਆਂ ਵਿਚ ਕਾਫ਼ੀ ਉਤਸ਼ਾਹ ਹੁੰਦਾ ਹੈ, ਉਥੇ ਨਾਲ ਬੀਬੀਆਂ, ਨੌਜਵਾਨਾਂ ਅਤੇ ਮੁਟਿਆਰਾਂ ਨੂੰ ਵੀ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਾਰਿਆਂ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਵਾਰ ਖਾਸ ਉਪਰਾਲੇ ਸਦਕਾ, ਹਾਕੀ ਅਤੇ ਵਾਲੀਬਾਲ ਦੀਆਂ ਟੀਮਾਂ ਨੇ ਵੀ ਹਿੱਸਾ ਲਿਆ। ਇਸ ਮੇਲੇ ਵਿਚ ਹਰੇਕ ਵਰਗ ਦੇ ਬੱਚੇ-ਬੱਚੀਆਂ, ਨੌਜਵਾਨਾਂ, ਮੁਟਿਆਰਾਂ ਅਤੇ ਬਜ਼ੁਰਗਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਮੇਲੇ ਦੀ ਸ਼ੁਰੂਆਤ ਭਾਈ ਸਰਵਣ ਸਿੰਘ ਜੀ ਅਤੇ ਸਮੂਹ ਮੈਂਬਰਾਂ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਸ਼ੁਰੂਆਤ ਕੀਤੀ। ਖੇਡਾਂ ਵਿਚ ਬੱਚਿਆਂ ਦੀਆਂ ਦੌੜਾਂ, ਸਪੂਨ ਰੇਸ, ਮਿਊਜ਼ੀਕਲ ਚੇਅਰ ਅਤੇ ਰੱਸਾ ਖਿੱਚਣ ਦੀ ਪ੍ਰਤੀਯੋਗਤਾ ਹੋਈ। ਜੇਤੂਆਂ ਨੂੰ ਇਨਾਮ ਵੰਡੇ ਗਏ। ਮੇਲੇ ਨੂੰ ਹੋਸਟ ਭਾਈ ਸਰਵਣ ਸਿੰਘ, ਮਨਦੀਪ ਭੁੱਲਰ ਅਤੇ ਟੋਨੀ ਮਾਨ ਨੇ ਬਹੁਤ ਹੀ ਵਧੀਆ ਅੰਦਾਜ਼ ਨਾਲ ਕੀਤਾ। ਇਸ ਮੇਲੇ ’ਚ ਮਨਟੀਕਾ ਸਿਟੀ ਦੇ ਆਫੀਸ਼ੀਅਲ ਨੇ ਵੀ ਹਾਜ਼ਰੀ ਲਗਾਈ। ਖਾਸ ਤੌਰ ’ਤੇ ਮਨਟੀਕਾ ਦੇ ਮੇਅਰ ਗੈਰੀ ਸਿੰਘ ਅਤੇ ਲੈਥਰੋਪ ਦੇ ਮੇਅਰ ਸੰਨੀ ਧਾਲੀਵਾਲ ਨੇ ਹਾਜ਼ਰੀ ਲਗਵਾਈ ਅਤੇ ਦਰਸ਼ਕਾਂ ਨੂੰ ਵਧਾਈ ਦਿੱਤੀ ਅਤੇ ਸਾਰਿਆਂ ਦਾ ਧੰਨਵਾਦ ਕੀਤਾ। ਹਰੇਕ ਸਾਲ ਦੀ ਤਰ੍ਹਾਂ ਰੈਫਲ ਦੇ ਇਨਾਮ ਖਿੱਚ ਦਾ ਕੇਂਦਰ ਬਣੇ ਰਹੇ ਜਿਸ ਵਿਚ 75, 65, 55 ਇੰਚ ਦੇ ਟੀ.ਵੀ. ਕੱਢੇ ਗਏ ਅਤੇ ਹੋਰ ਬਹੁਤ ਸ਼ਾਨਦਾਰ ਇਨਾਮ ਦਿੱਤੇ ਗਏ। ਹਰੇਕ ਸਾਲ ਦੀ ਤਰ੍ਹਾਂ ਮਾਨ ਪਰਿਵਾਰ ਵਲੋਂ ਮਿਲਕ ਬਦਾਮ ਦੇ ਲੰਗਰ ਲਗਾਏ ਗਏ ਅਤੇ ਨਛੱਤਰ ਸਿੰਘ ਜੀ ਦੇ ਪਰਿਵਾਰ ਵਲੋਂ ਚਾਹ, ਬਦਾਨੇ ਨਾਲ ਸੇਵਾ ਕੀਤੀ ਗਈ। ਬਾਕੀ ਸੇਵਾਦਾਰਾਂ ਵਲੋਂ ਚਾਹ ਅਤੇ ਜਲੇਬੀਆਂ ਨਾਲ ਸੇਵਾ ਕੀਤੀ ਗਈ ਅਤੇ ਇਸ ਮੇਲੇ ਵਿਚ ਪਹੁੰਚੀਆਂ ਹੋਈਆਂ ਸੰਗਤਾਂ ਲਈ ਪਾਣੀ ਦੀ ਸੇਵਾ ਸੁੰਮਨ ਟਰਾਂਸਪੋਰਟ ਮਨਟੀਕਾ ਵਲੋਂ ਕੀਤੀ ਗਈ। ਮੇਲੇ ਵਿਚ ਲੱਗੇ ਵੱਖ-ਵੱਖ ਸਟਾਲਾਂ ਤੋਂ ਬੀਬੀਆਂ ਨੇ ਵਧੀਆ ਖਰੀਦਦਾਰੀ ਵੀ ਕੀਤੀ। ਅਖੀਰ P11M ਦੇ ਸਾਰੇ ਮੈਂਬਰਾਂ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।