ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਸਭ ਤੋਂ ਵੱਧ ਕੁਰਬਾਨੀਆਂ: ਡਾ. ਬਲਬੀਰ ਸਿੰਘ

ਪੰਜਾਬੀਆਂ ਨੇ ਦੇਸ਼ ਲਈ ਦਿੱਤੀਆਂ ਸਭ ਤੋਂ ਵੱਧ ਕੁਰਬਾਨੀਆਂ: ਡਾ. ਬਲਬੀਰ ਸਿੰਘ

ਦੂਜਾ ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਸਮਾਪਤ
ਪਟਿਆਲਾ- ਇੱਥੇ ਖਾਲਸਾ ਕਾਲਜ ਵਿੱਚ ਦੂਜੀ ਵਾਰ ਕਰਵਾਇਆ ਗਿਆ ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਸਮਾਪਤ ਹੋ ਗਿਆ। ਅੱਜ ਇੱਥੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਪੁੱਜੇ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲੈਣ ਅਤੇ ਇਸ ਆਜ਼ਾਦੀ ਨੂੰ ਬਚਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ।

ਡਾ. ਬਲਬੀਰ ਸਿੰਘ ਨੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਅਤੇ ਭਾਰਤੀ ਫ਼ੌਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਮੇਲਾ ਅੱਜ ਖ਼ਤਮ ਨਹੀਂ ਹੋਇਆ ਸਗੋਂ ਇਸ ਮੇਲੇ ’ਚ ਆਏ ਨੌਜਵਾਨਾਂ ਤੇ ਵਿਦਿਆਰਥੀਆਂ ਲਈ ਇਹ ਨਵੀਂ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ ਮੇਲੇ ਲਗਾਉਣ ਲਈ ਉਪਰਾਲੇ ਕਰ ਰਹੀ ਹੈ। ਸਿਹਤ ਮੰਤਰੀ ਨੇ ਫ਼ੌਜ ਦੀ ਦ੍ਰਿੜ੍ਹਤਾ ਨੂੰ ਸਲਾਮ ਕਰਦਿਆਂ ਪਿਛਲੇ ਸਮੇਂ ’ਚ ਆਏ ਹੜ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਫ਼ੌਜ ਜਿੱਥੇ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰਦੀ ਹੈ, ਉੱਥੇ ਹੀ ਸਿਵਲ ਖੇਤਰ ਵਿੱਚ ਕੋਈ ਆਫ਼ਤ ਆਉਣ ’ਤੇ ਆਪਣੀ ਜਾਨ ’ਤੇ ਖੇਡ ਕੇ ਲੋਕਾਂ ਦੀ ਵੀ ਰਾਖੀ ਕਰਦੀ ਹੈ। ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀਐੱਸ ਸ਼ੇਰਗਿੱਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮਿਲਟਰੀ ਲਿਟਰੇਚਰ ਫੈਸਟੀਵਲ ਤੋਂ ਸਿੱਖਿਆ ਲੈਕੇ ਸਾਡੇ ਬੱਚੇ ਬੇਸ਼ੱਕ ਫ਼ੌਜ ਵਿੱਚ ਜਾਣ ਭਾਵੇਂ ਨਾ ਜਾਣ ਪਰ ਉਹ ਆਪਣੀ ਜੀਵਨ ਵਿੱਚ ਫ਼ੌਜੀ ਵਰਗੇ ਗੁਣ ਜ਼ਰੂਰ ਪੈਦਾ ਕਰਨ, ਇਹੀ ਸਾਡੀ ਪ੍ਰਾਪਤੀ ਹੋਵੇਗੀ। ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫ਼ੈਸਟੀਵਲ ਦੀ ਸਮਾਪਤੀ ਮੌਕੇ ਪੀਪੀਐੱਸ ਨਾਭਾ ਅਤੇ ਵਾਈਪੀਐੱਸ ਸਕੂਲਾਂ ਦੇ ਵਿਦਿਆਰਥੀਆਂ ਨੇ ਘੋੜਸਵਾਰੀ ਦੇ ਕਰਤੱਬ ਦਿਖਾਏ ਅਤੇ ਪਟਿਆਲਾ ਏਵੀਏਸ਼ਨ ਕਲੱਬ ਦੇ ਕੈਪਟਨ ਹਰਪ੍ਰੀਤ ਸਿੰਘ ਨੇ ਜਹਾਜ਼ ਨਾਲ ਫੁੱਲਾਂ ਦੀ ਵਰਖਾ ਕੀਤੀ ਅਤੇ ਗਤਕਾ ਟੀਮਾਂ ਨੇ ਗਤਕੇ ਦੇ ਜੌਹਰ ਦਿਖਾਏ। ਇਸ ਮੌਕੇ ਲੈਫ.ਜਨ (ਰਿਟਾ.) ਚੇਤਿੰਦਰ ਸਿੰਘ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਟੇਟ ਸਪੋਰਟਸ ਯੂਨੀਵਰਸਿਟੀ ਦੇ ਵੀ.ਸੀ. ਲੈਫ.ਜਨ (ਰਿਟਾ.) ਡਾ. ਜੇ.ਐਸ. ਚੀਮਾ, ਕਰਨਲ ਪੈਰੀ ਗਰੇਵਾਲ, ਕਰਨਲ ਰੁਸ਼ਨੀਰ ਸਿੰਘ ਚਹਿਲ, ਕਰਨਲ ਅਰੁਨ ਮਾਰਿਆ, ਏ.ਡੀ.ਸੀ. ਅਨੁਪ੍ਰਿਤਾ ਜੌਹਲ, ਮੇਲੇ ਦੇ ਨੋਡਲ ਅਫ਼ਸਰ ਐਸਡੀਐਮ ਚਰਨਜੀਤ ਸਿੰਘ, ਕਰਨਲ ਜੇ.ਵੀ. ਸਿੰਘ ਐਨਸੀਸ., ਆਰਮੀ ਯੂਨਿਟ, ਆਈਟੀਬੀਪੀ ਤੇ ਪਟਿਆਲਾ ਪੁਲਿਸ ਦੇ ਵਲੰਟੀਅਰ, ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ, ਫ਼ੌਜ ਦੇ ਮੌਜੂਦਾ ਤੇ ਸਾਬਕਾ ਅਧਿਕਾਰੀਆਂ ਸਮੇਤ ਪਟਿਆਲਾ ਦੇ ਵਸਨੀਕ ਮੌਜੂਦ ਸਨ।