ਪੰਚ ਪ੍ਰਧਾਨੀ ਅਤੇ ਗੁਰਮਤਾ ਪ੍ਰਣਾਲੀ ਦੀ ਬਹਾਲੀ ’ਤੇ ਜ਼ੋਰ

ਪੰਚ ਪ੍ਰਧਾਨੀ ਅਤੇ ਗੁਰਮਤਾ ਪ੍ਰਣਾਲੀ ਦੀ ਬਹਾਲੀ ’ਤੇ ਜ਼ੋਰ

ਅੰਮ੍ਰਿਤਸਰ- ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ’ਤੇ ਆਧਾਰਿਤ ਪੰਥ ਸੇਵਕ ਸ਼ਖਸੀਅਤਾਂ ਜਥੇਬੰਦੀ ਵੱਲੋਂ ਸ੍ਰੀ ਅਕਾਲ ਤਖ਼ਤ ਵਿਖੇ ਪੰਚ ਪ੍ਰਧਾਨੀ ਅਤੇ ਗੁਰਮਤਾ ਪ੍ਰਣਾਲੀ ਦੀ ਬਹਾਲੀ ਵਾਸਤੇ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦਣ ਦਾ ਐਲਾਨ ਕੀਤਾ ਗਿਆ ਹੈ।

ਇਹ ਐਲਾਨ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਗਿਆ। ਇਹ ਐਲਾਨ ਕਰਨ ਵਾਲੇ ਸਿੱਖ ਨੁਮਾਇੰਦਿਆਂ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰਾਇਣ ਸਿੰਘ ਚੌੜਾ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਆਦਿ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਇਸ ਵੇਲੇ ਸਿੱਖ ਪੰਥ ਸੰਕਟ ਵਿੱਚੋਂ ਲੰਘ ਰਿਹਾ ਹੈ। ਅਜਿਹੇ ਹਾਲਾਤ ਵਿੱਚੋਂ ਸਿੱਖਾਂ ਨੂੰ ਕੱਢਣ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਮੀਰੀ-ਪੀਰੀ ਦਿਵਸ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਜਾਵੇਗੀ ਜਿਸ ਵਿੱਚ ਸ੍ਰੀ ਅਕਾਲ ਤਖਤ ਦੀ ਸੇਵਾ-ਸੰਭਾਲ ਵਿਚ ਪੰਚ ਪ੍ਰਧਾਨੀ ਦੀ ਅਗਵਾਈ ਅਤੇ ਗੁਰਮਤਾ ਪ੍ਰਣਾਲੀ ਦੀ ਬਹਾਲੀ ਬਾਰੇ ਕੋਈ ਸਾਂਝਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਵਿਚ ਸਿੱਖਾਂ ਵਿਚਾਲੇ ਆਪਸੀ ਸੰਵਾਦ ਦੀ ਪਰੰਪਰਾ ਘੱਟ ਚੁੱਕੀ ਹੈ ਜਿਸ ਨੂੰ ਮੁੜ ਬਹਾਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਸੀ ਸੰਵਾਦ ਰਾਹੀਂ ਸਿੱਖ ਪੰਥ ਵਿੱਚ ਏਕਤਾ ਲਈ ਵੀ ਯਤਨ ਕੀਤੇ ਜਾ ਸਕਦੇ ਹਨ। ਮੌਜੂਦਾ ਦੌਰ ਵਿੱਚ ਸਿੱਖ ਸੰਗਤ ਨੂੰ ਪੰਥਕ ਰਵਾਇਤਾਂ ਦਾ ਪੱਲਾ ਫੜਨ ਦੀ ਸਖਤ ਲੋੜ ਹੈ। ਇਸ ਸਬੰਧ ਵਿਚ ਵੱਖ ਵੱਖ ਸਿੱਖ ਜਥੇਬੰਦੀਆਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਹਾਂ-ਪਖੀ ਹੁੰਗਾਰਾ ਮਿਲਿਆ ਹੈ। ਇਸ ਕੜੀ ਤਹਿਤ 28 ਜੂਨ ਨੂੰ ਮੀਰੀ-ਪੀਰੀ ਦਿਵਸ ’ਤੇ ਇਕੱਤਰਤਾ ਸੱਦੀ ਜਾਵੇਗੀ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸਿੱਖ ਸੰਪਰਦਾਵਾਂ ਅਤੇ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਜਾਵੇਗਾ। ਇਸ ਇਕੱਠ ਵਿਚ ਸ੍ਰੀ ਅਕਾਲ ਤਖਤ ਨੂੰ ਵੋਟ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਨਾ ਅਤੇ ਇਸ ਦੀ ਸੇਵਾ-ਸੰਭਾਲ ਪੰਥਕ ਰਵਾਇਤਾਂ ਅਨੁਸਾਰ ਕਰਨ ਬਾਰੇ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੁਰਾਤਨ ਸਿੱਖ ਰਵਾਇਤਾਂ ਨੂੰ ਮੁੜ ਅਮਲ ਵਿਚ ਨਹੀਂ ਲਿਆਂਦਾ ਜਾਂਦਾ , ਉਸ ਵੇਲੇ ਤਕ ਸਿੱਖੀ ਤੇ ਹੋ ਰਹੇ ਬਾਹਰੀ ਹਮਲਿਆਂ ਨੂੰ ਰੋਕਣਾ ਅਸੰਭਵ ਹੈ । ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਬਣਿਆ ਆਪੋ -ਧਾਪੀ ਦਾ ਮਾਹੌਲ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਿਤ ਵਿਚ ਨਹੀਂ ਹੈ। ਅਜਿਹੇ ਸੰਕਟ ਵਾਲੇ ਸਮੇਂ ਵਿੱਚੋਂ ਬਾਹਰ ਆਉਣ ਵਾਸਤੇ ਗੁਰੂ ਸਾਹਿਬ ਵੱਲੋਂ ਸੰਵਾਦ ਵਿਧੀ ਦਾ ਤਰੀਕਾ ਵੀ ਦੱਸਿਆ ਗਿਆ ਹੈ, ਜਿਸ ਨੂੰ ਇਸ ਵੇਲੇ ਅਪਨਾਉਣ ਦੀ ਵੱਡੀ ਲੋੜ ਹੈ।