ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਰੱਦ ਨਾ ਹੋਣ ’ਤੇ ਵੱਡਾ ਸੰਘਰਸ਼ ਕਰਾਂਗੇ: ਵੜਿੰਗ

ਪੰਚਾਇਤਾਂ ਭੰਗ ਕਰਨ ਦਾ ਫ਼ੈਸਲਾ ਰੱਦ ਨਾ ਹੋਣ ’ਤੇ ਵੱਡਾ ਸੰਘਰਸ਼ ਕਰਾਂਗੇ: ਵੜਿੰਗ

ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਚੁਣੌਤੀ; ਵਰ੍ਹਦੇ ਮੀਂਹ ਵਿੱਚ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ
ਐਸ.ਏ.ਐਸ.ਨਗਰ(ਮੁਹਾਲੀ)- ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਅੱਜ ਮੁਹਾਲੀ ਵਿੱਚ ਪੰਚਾਇਤ ਵਿਭਾਗ ਦੇ ਫੇਜ਼ ਅੱਠ ਵਿਚਲੇ ਮੁੱਖ ਦਫ਼ਤਰ ਵਿਕਾਸ ਭਵਨ ਅੱਗੇ ਮੀਂਹ ਦੌਰਾਨ ਧਰਨਾ ਦਿੱਤਾ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਚਾਇਤੀ ਸੰਸਥਾਵਾਂ ਨੂੰ ਛੇ ਮਹੀਨੇ ਪਹਿਲਾਂ ਭੰਗ ਕਰਨ ਦੀ ਸੂਬਾ ਸਰਕਾਰ ਦੀ ਕਾਰਵਾਈ ਨੂੰ ਤਾਨਾਸ਼ਾਹੀ ਅਤੇ ਗੈਰਸੰਵਿਧਾਨਿਕ ਦੱਸਦਿਆਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸਰਕਾਰ ਵੱਲੋਂ ਕਿਸੇ ਪੰਚਾਇਤ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ। ਇਹ ਪੰਚਾਇਤਾਂ ਪਿਛਲੀ ਕਾਂਗਰਸ ਸਰਕਾਰ ਵੱਲੋਂ ਦਿੱਤੇ ਫੰਡਾਂ ਨਾਲ ਵਿਕਾਸ ਕਾਰਜ ਕਰਵਾ ਰਹੀਆਂ ਸਨ ਜਿਨ੍ਹਾਂ ਨੂੰ ਵੀ ਭੰਗ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਵਿਰੁੱਧ ਪੰਜਾਬ ਕਾਂਗਰਸ ਨੇ ਹਾਈ ਕੋਰਟ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਹੈ ਅਤੇ ਜੇਕਰ ਸਰਕਾਰ ਨੇ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬ ਕਾਂਗਰਸ ਵੱਡਾ ਲੋਕ ਸੰਘਰਸ਼ ਵਿੱਢੇਗੀ।

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ’ਤੇ ਵਰ੍ਹਦਿਆਂ ਕਿਹਾ ਕਿ ਇਸ ਸਰਕਾਰ ਦੇ ਡੇਢ ਸਾਲ ਦੌਰਾਨ ਕਿਸੇ ਕਿਸਾਨ ਨੂੰ ਫ਼ਸਲਾਂ ਅਤੇ ਹੋਰ ਖਰਾਬੇ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਮੁੱਖ ਮੰਤਰੀ ਦੇ ਅੜੀਅਲ ਵਤੀਰੇ ਕਾਰਨ 4500 ਕਰੋੜ ਰੁਪਏ ਆਰਡੀਐੱਫ਼ ਵਾਲੇ ਨਹੀਂ ਆਏ ਅਤੇ ਕੁਦਰਤੀ ਆਫ਼ਤਾਂ ਲਈ ਪਏ 7000 ਕਰੋੜ ਰੁਪਏ ਦੀ ਵਰਤੋਂ ਕਰਨ ਲਈ ਵੀ ਸਰਕਾਰ ਪ੍ਰਵਾਨਗੀ ਨਹੀਂ ਲੈ ਸਕੀ। ਸ੍ਰੀ ਬਾਜਵਾ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜਿੰਨੇ ਮਰਜ਼ੀ ਕਾਂਗਰਸੀ ਆਗੂਆਂ ਨੂੰ ਜੇਲ੍ਹਾਂ ਅੰਦਰ ਕਰ ਲਵੋ, ਕੇਸ ਪਾ ਲਵੋ, ਕੁਝ ਨਹੀਂ ਨਿਕਲਣਾ ਪਰ ਜੇਕਰ ਉਨ੍ਹਾਂ ਵਿੱਚ ਹਿੰਮਤ ਹੈ ਤਾਂ ਉਨ੍ਹਾਂ ਆਈਏਐੱਸ ਅਧਿਕਾਰੀਆਂ ਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਵੀ ਗ੍ਰਿਫ਼ਤਾਰ ਕਰਨ, ਜਿਨ੍ਹਾਂ ਵਿਰੁੱਧ ਪੀਐਸਆਈਈਸੀ ਅਤੇ ਅਮਰੂਦ ਘੁਟਾਲੇ ਸਬੰਧੀ ਪਰਚੇ ਦਰਜ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਮਾਲ ਅਧਿਕਾਰੀਆਂ ਵਿਰੁੱਧ ਅੱਜ ਤੱਕ ਕਾਰਵਾਈ ਕਿਉਂ ਨਹੀਂ ਕਰ ਸਕੇ, ਜਿਨ੍ਹਾਂ ਦੀਆਂ ਸੂਚੀਆਂ ਜਨਤਕ ਕੀਤੀਆਂ ਗਈਆਂ ਸਨ।
ਸੁਨੀਲ ਜਾਖ਼ੜ, ਕੈਪਟਨ ਤੇ ਪ੍ਰਨੀਤ ਨੂੰ ਲਾਏ ਰਗੜੇ

ਪ੍ਰਤਾਪ ਸਿੰਘ ਬਾਜਵਾ ਨੇੇ ਸਾਬਕਾ ਕਾਂਗਰਸੀਆਂ ਸੁਨੀਲ ਜਾਖੜ, ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ ਅਤੇ ਮਨਪ੍ਰੀਤ ਬਾਦਲ ਉੱਤੇ ਵੀ ਤਿੱਖੇ ਨਿਸ਼ਾਨੇ ਲਗਾਏ। ਉਨ੍ਹਾਂ ਸੁਨੀਲ ਜਾਖੜ ਨੂੰ ਗੁਰਦਾਸਪੁਰ ਤੋਂ ਲੋਕ ਸਭਾ ਚੋਣ ਲੜਨ ਲਈ ਚੁਣੌਤੀ ਦਿੰਦਿਆਂ ਆਪਣੇ ਵਿਧਾਇਕ ਭਤੀਜੇ ਤੋਂ ਅਸਤੀਫ਼ਾ ਦਿਵਾਉਣ ਲਈ ਕਿਹਾ। ਉਨ੍ਹਾਂ ਪ੍ਰਨੀਤ ਕੌਰ ਉੱਤੇ ਸਿਰਫ਼ ਤਨਖਾਹ ਅਤੇ ਸੰਸਦੀ ਹਲਕੇ ਦਾ ਫ਼ੰਡ ਲੈਣ ਲਈ ਕਾਂਗਰਸ ਵਿੱਚ ਟਿਕੇ ਰਹਿਣ ਦੀ ਗੱਲ ਆਖੀ।