ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਨ ਵਾਲੀਆਂ ਜਥੇਬੰਦੀਆਂ ਖ਼ਿਲਾਫ਼ ਇੱਕਜੁਟ ਹੋਏ ਪੱਤਰਕਾਰ

ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕਰਨ ਵਾਲੀਆਂ ਜਥੇਬੰਦੀਆਂ ਖ਼ਿਲਾਫ਼ ਇੱਕਜੁਟ ਹੋਏ ਪੱਤਰਕਾਰ

ਕਿਸਾਨ ਆਗੂਆਂ ਵੱਲੋਂ ਪੱਤਰਕਾਰ ਦਾ ਪੁਤਲਾ ਫੂਕੇ ਜਾਣ ਦੀ ਨਿਖੇਧੀ ਕੀਤੀ
ਜਗਰਾਉਂ,-‘ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਗਏ ਸ਼ਨਾਖਤੀ ਕਾਰਡਾਂ ਦੀ ਟੌਲ ਮੁਆਫ਼ੀ ਲਈ ਵਰਤੋਂ’ ਸਿਰਲੇਖ ਹੇਠ ਪਿਛਲੇ ਹਫ਼ਤੇ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਮਗਰੋਂ 32 ਕਿਸਾਨ ਜਥੇਬੰਦੀਆਂ ਨੇ ਪੱਤਰਕਾਰ ਸੰਤੋਖ ਗਿੱਲ ਨੂੰ ਨਿਸ਼ਾਨਾ ਬਣਾ ਕੇ ਪ੍ਰੈੱਸ ਦੀ ਆਜ਼ਾਦੀ ਉਪਰ ਹਮਲਾ ਕੀਤਾ ਹੈ। ਇਨ੍ਹਾਂ ਕਿਸਾਨ ਜਥੇਬੰਦੀਆਂ ਨੇ ਪੱਤਰਕਾਰ ਦੇ ਪੁਤਲੇ ਸਾੜਨ ਅਤੇ ਅਣਮਿੱਥੇ ਸਮੇਂ ਲਈ ਉਸ ਦੇ ਘਰ ਦਾ ਘਿਰਾਓ ਕਰਨ ਦਾ ਸੱਦਾ ਵੀ ਦਿੱਤਾ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਟੌਲ ਪਲਾਜ਼ਿਆਂ ’ਤੇ ਕੁਝ ਕਿਸਾਨ ਜਥੇਬੰਦੀਆਂ ਦੇ ਕਾਰਡਾਂ ਦੀ ਦੁਰਵਰਤੋਂ ਸਬੰਧੀ ਖ਼ਬਰ ਛਾਪਣ ਮਗਰੋਂ ਕੁਝ ਕਿਸਾਨ ਆਗੂਆਂ ਵੱਲੋਂ ਪੁਲੀਸ ਨੂੰ ਸ਼ਿਕਾਇਤ ਕਰਨ ਦਾ ਪੱਤਰਕਾਰਾਂ ਨੇ ਸਖ਼ਤ ਨੋਟਿਸ ਲਿਆ ਹੈ। ਗ਼ੌਰਤਲਬ ਹੈ ਕਿ ਕਿ ਖ਼ਬਰ ਵਿੱਚ ਪੱਤਰਕਾਰ ਵੱਲੋਂ ਸਿਰਫ਼ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਜਾ ਰਹੇ ਧੜਾ-ਧੜ ਸ਼ਨਾਖਤੀ ਕਾਰਡਾਂ ਬਾਰੇ ਅਤੇ ਉਨ੍ਹਾਂ ਦੀ ਗ਼ਲਤ ਵਰਤੋਂ ਬਾਰੇ ਸੁਚੇਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਖ਼ਬਰ ਵਿੱਚ ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਦਾ ਪ੍ਰਤੀਕਰਮ ਵੀ ਸ਼ਾਮਲ ਹੈ। ਜ਼ਿਲ੍ਹੇ ਭਰ ਦੇ ਪੱਤਰਕਾਰਾਂ ਨੇ ਅੱਜ ਇਥੇ ਇੱਕਤਰਤਾ ਕਰਕੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਮੀਟਿੰਗ ਵਿੱਚ ਹਾਜ਼ਰ ਸੀਨੀਅਰ ਪੱਤਰਕਾਰ ਜਸਪਾਲ ਹੇਰਾਂ, ਜੋਗਿੰਦਰ ਸਿੰਘ, ਸੰਜੀਵ ਗੁਪਤਾ, ਬਲਵਿੰਦਰ ਸਿੰਘ ਲਿੱਤਰ, ਕੰਵਰਪਾਲ ਸਿੰਘ, ਸ਼ਮਸ਼ੇਰ ਗਾਲਿਬ, ਚਰਨਜੀਤ ਸਰਨਾ, ਚਰਨਜੀਤ ਢਿੱਲੋਂ, ਭਗਵਾਨ ਢਿੱਲੋਂ ਤੇ ਰਵਿੰਦਰ ਟੂਸੇ ਨੇ ਆਖਿਆ ਕਿ ਜੇਕਰ ਅਖੌਤੀ ਕਿਸਾਨ ਆਗੂ ਪ੍ਰੈੱਸ ਦੀ ਆਜ਼ਾਦੀ ਨੂੰ ਵੰਗਾਰਨਗੇ ਤਾਂ ਉਹ ਅਜਿਹੀ ਕਿਸੇ ਵੀ ਧਮਕੀ ਤੋਂ ਨਹੀਂ ਡਰਨਗੇ। ਉਨ੍ਹਾਂ ਆਖਿਆ ਕਿ ਕਿਸਾਨ ਅੰਦੋਲਨ ਦੌਰਾਨ ਮੀਡੀਆ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। ਹੁਣ ਜਦੋਂ ਮੀਡੀਆ ਨੇ ਸ਼ਨਾਖਤੀ ਕਾਰਡਾਂ ਦੀ ਦੁਰਵਰਤੋਂ ਦਾ ਮਾਮਲਾ ਉਜਾਗਰ ਕੀਤਾ ਤਾਂ ਮਾਮਲੇ ਦੀ ਸੱਚਾਈ ਜਾਣ ਕੇ ਸਹੀ ਕਾਰਵਾਈ ਕਰਨ ਦੀ ਥਾਂ ਮੀਡੀਆ ਦੀ ਆਜ਼ਾਦੀ ’ਤੇ ਹੀ ਹਮਲਾ ਬੋਲ ਦਿੱਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੇ ਸਾਂਝੇ ਤੌਰ ’ਤੇ 7 ਮੈਂਬਰੀ ਕਮੇਟੀ ਦਾ ਗਠਨ ਕਰਦੇ ਹੋਏ ਹਰ ਮੁਸ਼ਕਿਲ ਦਾ ਸਾਹਮਣਾ ਡੱਟ ਕੇ ਕਰਨ ਦੀ ਗੱਲ ਆਖੀ।