ਪ੍ਰੈਕਟੀਕਲ ’ਤੇ ਜ਼ੋਰ ਦਿੰਦੀ ਹੈ ਨਵੀਂ ਸਿੱਖਿਆ ਨੀਤੀ: ਮੋਦੀ

ਪ੍ਰੈਕਟੀਕਲ ’ਤੇ ਜ਼ੋਰ ਦਿੰਦੀ ਹੈ ਨਵੀਂ ਸਿੱਖਿਆ ਨੀਤੀ: ਮੋਦੀ

ਦੋ ਰੋਜ਼ਾ ਸਿੱਖਿਆ ਕਾਨਫਰੰਸ ਵਿੱਚ ਸ਼ਾਮਲ ਹੋਏ ਦੇਸ਼ ਭਰ ਤੋਂ ਅਧਿਆਪਕ
ਗਾਂਧੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਪਹਿਲਾਂ ਵਿਦਿਆਰਥੀ ‘ਕਿਤਾਬੀ ਗਿਆਨ’ ਹਾਸਲ ਕਰਦੇ ਸਨ ਪਰ ਨਵੀਂ ਕੌਮੀ ਸਿੱਖਿਆ ਨੀਤੀ ਇਸ ਵਿੱਚ ਬਦਲਾਅ ਲਿਆਏਗੀ। ਮੋਦੀ, ਆਲ ਇੰਡੀਆ ਪ੍ਰਾਇਮਰੀ ਟੀਚਰਜ਼ ਫੈਡਰੇਸ਼ਨ ਵੱਲੋਂ ਕਰਵਾਈ ਗਈ 29ਵੀਂ ਦੋ ਰੋਜ਼ਾ ਸਿੱਖਿਆ ਕਾਨਫਰੰਸ ਵਿੱਚ ਦੇਸ਼ ਭਰ ਤੋਂ ਸ਼ਾਮਲ ਹੋਏ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੂਗਲ ਮਹਿਜ਼ ਅੰਕੜੇ ਤੇ ਸੂਚਨਾ ਦੇ ਸਕਦਾ ਹੈ ਪਰ ਅਧਿਆਪਕਾਂ ਦੀ ਭੂਮਿਕਾ ਵਿਦਿਆਰਥੀਆਂ ਦੇ ਸਲਾਹਕਾਰ ਬਣਨ ਦੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ,‘ਪਹਿਲਾਂ ਅਸੀਂ ਵਿਦਿਆਰਥੀਆਂ ਨੂੰ ‘ਕਿਤਾਬੀ ਗਿਆਨ’ ਮੁਹੱਈਆ ਕਰਵਾਉਂਦੇ ਸੀ ਪਰ ਇਹ ਪਿਰਤ ਨਵੀਂ ਸਿੱਖਿਆ ਨੀਤੀ ਮਗਰੋਂ ਬਦਲ ਗਈ ਹੈ।’ ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਪ੍ਰੈਕਟੀਕਲ ਤੌਰ ’ਤੇ ਸਿੱਖਣ ’ਤੇ ਜ਼ੋਰ ਦਿੰਦੀ ਹੈ ਅਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਪ੍ਰਣਾਲੀ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ। ਮੋਦੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਬੱਚਿਆਂ ਦੀ ਪ੍ਰਾਇਮਰੀ ਸਿੱਖਿਆ ਮਾਤ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ। ਇਸ ਸਬੰਧੀ ਨਵੀਂ ਸਿੱਖਿਆ ਨੀਤੀ ਵਿੱਚ ਮੱਦਾਂ ਦਰਜ ਹਨ।

ਮੋਦੀ ਨੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ
ਗਾਂਧੀਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਮਹਾਤਮਾ ਮੰਦਿਰ ਦਾ ਉਦਘਾਟਨ ਕੀਤਾ ਅਤੇ 4400 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਰ ਤਬਕੇ ਦੇ ਲੋਕਾਂ ਤੱਕ ਭਲਾਈ ਸਕੀਮਾਂ ਪਹੁੰਚਾਉਣ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਲਈ ਚਾਰ ਕਰੋੜ ਘਰ ਉਸਾਰੇ ਗਏ ਹਨ।