ਪ੍ਰੀ ਬਜਟ: ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਸੁਝਾਅ

ਪ੍ਰੀ ਬਜਟ: ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਸੁਝਾਅ

ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਸਨਅਤੀ ਅਦਾਰਿਆਂ ਦੇ ਮੁਖੀਆਂ ਨਾਲ ਮੀਟਿੰਗ

ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਬਜਟ ਤਿਆਰ ਕਰਨ ਲਈ ਸੱਦੀ ਗਈ ਮੀਟਿੰਗ ’ਚ ਸਨਅਤੀ ਅਦਾਰਿਆਂ ਨੇ ਉਨ੍ਹਾਂ ਨੂੰ ਕਈ ਸੁਝਾਅ ਦਿੱਤੇ ਹਨ। ਸਨਅਤੀ ਅਦਾਰਿਆਂ ਨੇ ਕਿਹਾ ਹੈ ਕਿ ਬਜਟ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਦੇ ਨਾਲ ਖਪਤ ਨੂੰ ਹੁਲਾਰਾ ਦੇਣ ਲਈ ਤਰਕਸੰਗਤ ਜੀਐੱਸਟੀ ਅਤੇ ਨਿੱਜੀ ਆਮਦਨ ਕਰ ਸਲੈਬ ਰਾਹੀਂ ਟੈਕਸ ਦਾ ਦਾਇਰਾ ਵਧਾਉਣਾ ਚਾਹੀਦਾ ਹੈ। ਮੀਟਿੰਗ ਦੌਰਾਨ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ, ਭਾਗਵਤ ਕਿਸ਼ਨਰਾਓ ਕਰਾੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸੀਆਈਆਈ ਮੁਖੀ ਸੰਜੀਵ ਬਜਾਜ ਨੇ ਕਿਹਾ,‘‘ਬਾਹਰੀ ਹਾਲਾਤ ਕੁਝ ਸਮੇਂ ਲਈ ਅਸੁਖਾਵੇਂ ਰਹਿਣ ਦੀ ਸੰਭਾਵਨਾ ਹੈ। ਇਸ ਕਰਕੇ ਸਾਨੂੰ ਘਰੇਲੂ ਮੰਗ, ਸਮਾਵੇਸ਼ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ ਨਵੇਂ ਸੈਕਟਰਾਂ ਦੇ ਵਿਕਾਸ ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਕੇ ਆਪਣੇ ਘਰੇਲੂ ਅਰਥਚਾਰੇ ਨੂੰ ਵਿਸ਼ਾਲ ਕਰਨਾ ਚਾਹੀਦਾ ਹੈ।’’ ਬਜਟ ਤੋਂ ਪਹਿਲਾਂ ਸੱਦੀ ਗਈ ਮੀਟਿੰਗ ’ਚ ਸੀਆਈਆਈ ਨੇ ਵਰਚੁਅਲੀ ਹਿੱਸਾ ਲਿਆ। ਉਨ੍ਹਾਂ ਜਨਤਕ ਖੇਤਰ ਦੀਆਂ ਇਕਾਈਆਂ ਦੇ ਨਿੱਜੀਕਰਨ ਅਤੇ ਪੂੰਜੀ ਖ਼ਰਚੇ ਦੀ ਵੰਡ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਕਰਨ ਦਾ ਸੱਦਾ ਦਿੱਤਾ ਹੈ। ਆਲਮੀ ਬੇਯਕੀਨੀ ਦੇ ਮਾਹੌਲ ਦਰਮਿਆਨ ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਨਿਵੇਸ਼ ’ਤੇ ਆਧਾਰਿਤ ਵਿਕਾਸ ਦੀ ਰਣਨੀਤੀ ਅਪਣਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸੀਆਈਆਈ ਨੇ ਸੁਝਾਅ ਦਿੱਤਾ ਕਿ ਰੁਜ਼ਗਾਰ ਨਾਲ ਜੁੜੀ ਲਾਭ ਯੋਜਨਾ (ਇੰਸੈਂਟਿਵ ਸਕੀਮ) ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਸ਼ਹਿਰੀ ਰੁਜਗਾਰ ਗਾਰੰਟੀ ਯੋਜਨਾ ਬਾਰੇ ਵਿਚਾਰ ਕਰਦਿਆਂ ਬਜਟ ’ਚ ਪਾਇਲਟ ਪ੍ਰਾਜੈਕਟ ਮਹਾਨਗਰਾਂ ’ਚ ਸ਼ੁਰੂ ਕਰਨਾ ਚਾਹੀਦਾ ਹੈ। ਸੀਆਈਆਈ ਮੁਖੀ ਨੇ ਕਿਹਾ ਕਿ ਕਾਰਪੋਰੇਟ ਟੈਕਸ ਰੇਟ ਮੌਜੂਦਾ ਪੱਧਰ ’ਤੇ ਕਾਇਮ ਰਹਿਣਾ ਚਾਹੀਦਾ ਹੈ। ਪੀਐੱਚਡੀਸੀਸੀਆਈ ਨੇ ਵੀ ਵਿੱਤ ਮੰਤਰੀ ਨੂੰ ਬਜਟ ਬਾਰੇ ਵਰਚੁਅਲੀ ਸੁਝਾਅ ਦਿੱਤੇ। ਉਨ੍ਹਾਂ ਪ੍ਰਾਈਵੇਟ ਨਿਵੇਸ਼ ਨੂੰ ਹੁਲਾਰਾ ਦੇਣ ਲਈ ਪੰਜ ਸੂਤਰੀ ਰਣਨੀਤੀ ਅਪਣਾਉਣ ਦਾ ਸੁਝਾਅ ਦਿੱਤਾ। ਇਸ ’ਚ ਖਪਤ ਵਧਾਉਣ, ਫੈਕਟਰੀਆਂ ’ਚ ਸਮਰੱਥਾ ਵਧਾਉਣ, ਰੁਜ਼ਗਾਰ ਦੇ ਮੌਕੇ ਵਧਾਉਣ, ਸਮਾਜਿਕ ਬੁਨਿਆਦੀ ਢਾਂਚੇ ਦੀ ਗੁਣਵੱਤਾ ’ਚ ਸੁਧਾਰ ਅਤੇ ਦੇਸ਼ ਦੇ ਆਰਥਿਕ ਵਿਕਾਸ ਦੀ ਰਫ਼ਤਾਰ ਵਧਾਉਣਾ ਸ਼ਾਮਲ ਹਨ।