ਪ੍ਰਾਣ-ਪ੍ਰਤਿਸ਼ਠਾ: ‘ਆਪ’ ਨੇ ਹਰ ਵਿਧਾਨ ਸਭਾ ਹਲਕੇ ’ਚ ਸ਼ੋਭਾ ਯਾਤਰਾਵਾਂ ਕੱਢੀਆਂ

ਪ੍ਰਾਣ-ਪ੍ਰਤਿਸ਼ਠਾ: ‘ਆਪ’ ਨੇ ਹਰ ਵਿਧਾਨ ਸਭਾ ਹਲਕੇ ’ਚ ਸ਼ੋਭਾ ਯਾਤਰਾਵਾਂ ਕੱਢੀਆਂ

ਨਵੀਂ ਦਿੱਲੀ- ਅਯੁੱਧਿਆ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਮਾਨਅੰਤਰ ਦਿੱਲੀ ਤੇ ਐੱਨਸੀਆਰ ਵਿੱਚ ਵੀ ਵੱਡੀ ਪੱਧਰ ਉੱਪਰ ਧਾਰਮਿਕ ਸਮਾਗਮ ਕਰਵਾਏ ਗਏ। ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਤਹਿਤ ਹਰ ਵਿਧਾਨ ਸਭਾ ਹਲਕੇ ’ਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਤੇ ਲੰਗਰ ਲਾਏ ਗਏ। ਇਨ੍ਹਾਂ ਸਮਾਗਮਾਂ ਵਿੱਚ ‘ਆਪ’ ਦੇ ਮੰਤਰੀਆਂ, ਵਿਧਾਇਕਾਂ ਤੇ ਕੌਂਸਲਰਾਂ ਸਮੇਤ ਕਾਰਕੁਨਾਂ ਤੇ ਆਗੂਆਂ ਨੇ ਸ਼ਿਰਕਤ ਕੀਤੀ। ਪਾਰਟੀ ਵੱਲੋਂ ਸੁੰਦਰਕਾਂਡ ਦੇ ਪਾਠ ਵੀ ਕਰਵਾਏ ਗਏ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਅੱਜ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਏ ਤੇ ਇਸ ਸਬੰਧੀ ਉਨ੍ਹਾਂ ਐਕਸ ਉਪਰ ਜਾਣਕਾਰੀ ਵੀ ਦਿੱਤੀ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ ਆਯੋਜਿਤ ਭੰਡਾਰਿਆਂ ’ਚ ਹਿੱਸਾ ਲਿਆ। ਇਸ ਮੌਕੇ ਦਿੱਲੀ ਦੇ ਮੰਤਰੀ ਆਤਿਸ਼ੀ ਨੇ ਵੀ ਪੂਜਾ ਅਤੇ ਹਵਨ ਵਿੱਚ ਸ਼ਿਰਕਤ ਕੀਤੀ। ਸੋਮਵਾਰ ਨੂੰ ਅਯੁੱਧਿਆ ’ਚ ਭਗਵਾਨ ਰਾਮਲਲਾ ਮੂਰਤੀ ਸਥਾਪਨਾ ਮੌਕੇ ਦਿੱਲੀ ’ਚ ਵੀ ਰਾਮ ਰਸ ਨਾਲ ਭਰਿਆ ਮਾਹੌਲ ਦੇਖਣ ਨੂੰ ਮਿਲਿਆ। ਥਾਂ-ਥਾਂ ਭੰਡਾਰੇ ਅਤੇ ਭਜਨ-ਕੀਰਤਨ ਕਰਵਾਏ ਗਏ। ਇੱਕ ਹੋਰ ਪੋਸਟ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ,‘‘ ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀ ਰਾਮ ਦੇ ਮਹਾਨ ਮੰਦਰ ਦੀ ਸਥਾਪਨਾ ਦੇ ਇਸ ਪਵਿੱਤਰ ਮੌਕੇ ’ਤੇ ਤੁਹਾਨੂੰ ਸਾਰਿਆਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆ, ਸੀਯਾ ਰਾਮ ਦੀ ਜੈ।’’ ਦਿੱਲੀ ਸਰਕਾਰ ਦੇ ਮੰਤਰੀ ਸੌਰਭ ਭਾਰਦਵਾਜ ਨੇ ਸ਼ੇਖ ਸਰਾਏ ਵਿੱਚ ਸੁੰਦਰ ਕਾਂਡ ਦੇ ਪਾਠ ਵਿੱਚ ਹਿੱਸਾ ਲਿਆ। ਮੰਤਰੀ ਆਤਿਸ਼ੀ ਨੇ ਕਾਲਕਾ ਜੀ ਵਿੱਚ ਪੁਰਾਣੀ ਲੇਬਰ ਕੋਰਟ ਦੇ ਨੇੜੇ, ਗਿਰੀ ਨਗਰ, ਵਿਧਾਇਕ ਦਿਲੀਪ ਪਾਂਡੇ ਨੇ ਤਿਮਾਰਪੁਰ ਦੇ ਬੀ-31, ਸਿੰਗਲ ਸਟੋਰੀ, ਵਿਜੇ ਨਗਰ, ਮੁਖਰਜੀ ਨਗਰ ਵਾਰਡ ਆਫਿਸ, ਵਿਧਾਇਕ ਦੁਰਗੇਸ਼ ਪਾਠਕ ਨੇ ਰਾਜਿੰਦਰ ਨਗਰ, ਇੰਦਰਪੁਰੀ, ਕ੍ਰਿਸ਼ਨ ਕੁੰਜ ਲਾਲ ਬੱਤੀ ਦੇ ਨੇੜੇ, ਵਿਧਾਇਕ ਮਹਿੰਦਰ ਗੋਇਲ ਨੇ ਸ੍ਰੀ ਰਾਮ ਮੰਦਰ ਸੈਕਟਰ-11, ਰੋਹਿਣੀ ਵਿਖੇ ਪੂਜਾ ’ਚ ਸ਼ਮੂਲੀਅਤ ਕੀਤੀ।