ਪ੍ਰਵਾਸੀ ਪਿਆਰਾ ਸਿੰਘ ਵਲੋਂ ਢਾਹਾਂ-ਕਲੇਰਾਂ ਹਸਪਤਾਲ ਵਿਖੇ ਆਪਣੇ ਪਿੰਡ ਸ਼ੇਖੂਪੁਰ ਲਈ ਫਰੀ ਬੈੱਡ ਸੇਵਾ ਦਾ ਆਰੰਭ

ਪ੍ਰਵਾਸੀ ਪਿਆਰਾ ਸਿੰਘ ਵਲੋਂ ਢਾਹਾਂ-ਕਲੇਰਾਂ ਹਸਪਤਾਲ ਵਿਖੇ ਆਪਣੇ ਪਿੰਡ ਸ਼ੇਖੂਪੁਰ ਲਈ ਫਰੀ ਬੈੱਡ ਸੇਵਾ ਦਾ ਆਰੰਭ

ਨਵਾਂਸ਼ਹਿਰ, (ਤਰਲੋਚਨ ਸਿੰਘ ਦੁਪਾਲ ਪੁਰ) : ਸੱਤ ਸੁਮੰਦਰੋਂ ਪਾਰ ਵੱਸਦੇ ਪੰਜਾਬੀਆਂ ਦੇ ਦਿਲਾਂ ਵਿਚ ਆਪਣੇ ਜੱਦੀ ਪਿੰਡਾਂ ਲਈ ਅਤਿਅੰਤ ਮੋਹ ਪਿਆਰ ਵਸਦਾ ਹੈ। ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦ ਪਿੰਡ ਸ਼ੇਖੂਪੁਰ (ਨਵਾਂਸ਼ਹਿਰ) ਦੇ ਵਸਨੀਕ ਅਤੇ ਹੁਣ ਅਮਰੀਕਾ ਵਸਦੇ ਸ. ਪਿਆਰਾ ਸਿੰਘ ਨਿਊਜਰਸੀ ਅਤੇ ਉਨ੍ਹਾਂ ਦੇ ਭਰਾਵਾਂ ਹਰਦਿਆਲ ਸਿੰਘ, ਅਜੀਤ ਸਿੰਘ ਅਤੇ ਬਲਵੀਰ ਸਿੰਘ ਵਲੋਂ ਆਪਣੇ ਗੁਰਪੁਰਵਾਸੀ ਮਾਤਾ -ਪਿਤਾ ਬੀਬੀ ਅਮਰ ਕੌਰ ਅਤੇ ਭਾਈ ਧਰਮ ਸਿੰਘ ਜੀ ਦੀ ਮਿੱਠੀ ਯਾਦ ਵਿੱਚ ਢਾਹਾਂ-ਕਲੇਰਾਂ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਵਿਖੇ ਪਿੰਡ ਸ਼ੇਖੂਪੁਰ ਦੇ ਦਾਖਲ ਹੋਣ ਵਾਲੇ ਮਰੀਜ਼ਾਂ ਲਈ ਫਰੀ ਬੈੱਡ ਸਹੂਲਤ ਪ੍ਰਦਾਨ ਕਰਨ ਲਈ ਦੋ ਲੱਖ ਰੁਪਏ ਦਾ ਚੈੱਕ ਸੰਸਥਾ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੂੰ ਭੇਂਟ ਕੀਤਾ ਗਿਆ। ਇਹ ਨੇਕ ਕਾਰਜ ਨਵਾਂ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਸ. ਪਿਆਰਾ ਸਿੰਘ ਨਿਊਜਰਸੀ (ਅਮਰੀਕਾ) ਦੇ ਭਰਾਤਾ ਸ. ਅਜੀਤ ਸਿੰਘ ਗਿੱਦਾ ਦੇ ਘਰ ਉਨ੍ਹਾਂ ਦੇ ਦੋ ਪੋਤਰਿਆਂ ਕਾਕਾ ਨਿਸ਼ਾਨਵੀਰ ਸਿੰਘ ਪੁੱਤਰ ਜਸਪ੍ਰੀਤ ਸਿੰਘ ਅਤੇ ਕਾਕਾ ਜਗਮੀਤ ਸਿੰਘ ਪੁੱਤਰ ਸ. ਬਲਜਿੰਦਰ ਸਿੰਘ ਦੇ ਜਨਮ ਦੀ ਖੁਸ਼ੀ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਮੌਕੇ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ-ਕਲੇਰਾਂ ਨੇ ਪਿੰਡ ਸ਼ੇਖੂਪੁਰ ਲਈ ਬੈੱਡ ਫਰੀ ਕਰਵਾਉਣ ਲਈ ਕੀਤੇ ਗਏ ਨੇਕ ਉੱਦਮ ਦੀ ਭਾਰੀ ਸ਼ਲਾਘਾ ਕੀਤੀ।
ਇਸ ਮੌਕੇ ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ਸਟੇਜ ਸੰਚਾਲਨ ਕਰਦਿਆਂ ਦੱਸਿਆ ਕਿ ਸ਼ੇਖੂ ਪੁਰੀ ਪ੍ਰਵਾਰ ਵਲੋਂ ਢਾਹਾਂ-ਕਲੇਰਾਂ ਟਰੱਸਟ ਵੱਲੋਂ ਚਲਾਏ ਜਾ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਕਾਰਜਾਂ ਵਿਚ ਵੱਡਮੁੱਲਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸਮੂਹ ਪਰਿਵਾਰ ਵੱਲੋਂ ਸੰਤ ਬਾਬਾ ਸੁੱਚਾ ਸਿੰਘ ਮੁੱਖੀ ਕਾਰਸੇਵਾ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਨੂੰ ਇਕਵੰਜਾ ਹਜ਼ਾਰ ਰੁਪਏ, ਗੁਰਦਵਾਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਨਵਾਂਸ਼ਹਿਰ ਦੀ ਇਮਾਰਤ ਉਸਾਰੀ ਲਈ ਪ੍ਰਧਾਨ ਨਰਿੰਦਰ ਸਿੰਘ ਰੰਧਾਵਾ ਨੂੰ ਇਕਵੰਜਾ ਹਜ਼ਾਰ ਰੁਪਏ, ਇੰਟਰਨੈਸ਼ਨਲ ਪੰਜਾਬੀ ਫਾਉਂਡੇਸ਼ਨ ਕੈਨੇਡਾ ਦੇ ਮੁੱਖੀ ਗੁਰਚਰਨ ਸਿੰਘ ਬਨਵੈਤ ਨੂੰ ਇਕਵੰਜਾ ਹਜ਼ਾਰ ਰੁਪਏ, ਉਪਕਾਰ ਸੁਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਅਤੇ ਗੁਰੂ ਨਾਨਕ ਸੇਵਾ ਮਿਸ਼ਨ ਨਵਾਂਸ਼ਹਿਰ ਦੇ ਪ੍ਰਧਾਨ ਸੁਰਜੀਤ ਸਿੰਘ ਰਿਟਾ. ਡੀ.ਜੀ.ਐਮ. ਟੈਲੀਕਾਮ ਨੂੰ ਵੀ ਉਨ੍ਹਾਂ ਵਲੋਂ ਕੀਤੀਆਂ ਜਾ ਰਹੀ ਮਾਨਵੀ ਸੇਵਾਵਾਂ ਲਈ ਮਾਇਆ ਭੇਂਟ ਕੀਤੀ ਗਈ। ਇਸ ਮੌਕੇ ਭਾਈ ਗੁਰਬਖਸ਼ ਸਿੰਘ ਖਾਲਸਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਕਮੇਟੀ, ਤਰਲੋਚਨ ਸਿੰਘ ‘ਦੁਪਾਲ ਪੁਰ’ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ,ਜਸਪਾਲ ਸਿੰਘ ਗਿੱਦਾ ਉਪਕਾਰ ਸੁਸਾਇਟੀ, ਹਰਵਿੰਦਰ ਸਿੰਘ ਸੋਇਤਾ, ਹਰਬੰਸ ਸਿੰਘ ਸੋਇਤਾ, ਲਖਬੀਰ ਸਿੰਘ ਡੀ. ਐਸ. ਪੀ., ਦੀਦਾਰ ਸਿੰਘ ਡੀ.ਐਸ.ਪੀ., ਭਗਤ ਸਿੰਘ ਲੰਗੜੋਆ, ਅਵਤਾਰ ਸਿੰਘ ਲੁਧਿਆਣਾ, ਅਮਰੀਕ ਸਿੰਘ, ਬਲਦੇਵ ਸਿੰਘ ਬਰਨਾਲਾ, ਡਾ ਅਵਤਾਰ ਸਿੰਘ ਦੇਨੋਵਾਲ ਕਲਾਂ, ਮਾਸਟਰ ਮੇਜਰ ਸਿੰਘ ਯੂ ਐਸ ਏ, ਜਸਪਾਲ ਸਿੰਘ ਵਿਰਕ ਨਿਆਰਾ ਪੈਟਰੋਲ ਪੰਪ ਨਵਾਂ ਸ਼ਹਿਰ ਵਾਲੇ, ਕਰਮ ਸਿੰਘ ਸਿਆਟਲ, ਸਤਵੀਰ ਸਿੰਘ ਪੱਲੀ ਝਿੱਕੀ, ਸੁਰਜੀਤ ਸਿੰਘ ਸੋਨਾ ਗਲੋਬਲ ਪੰਜਾਬੀ ਟੀ. ਵੀ., ਦਿਲਬਾਗ ਸਿੰਘ ਝਿੱਕਾ, ਹਰਗੋਪਾਲ ਸਿੰਘ ਸਾਬਕਾ ਐਮ. ਐਲ. ਏ., ਬਲਜਿੰਦਰ ਸਿੰਘ ਭੌਰਾ, ਗੁਰਮੇਲ ਸਿੰਘ ਬਸਿਆਲਾ, ਗੁਰਨਾਮ ਸਿੰਘ,ਸਿੱਖ ਮਿਸ਼ਨਰੀ ਜਤਿੰਦਰਪਾਲ ਸਿੰਘ ਗੜ੍ਹਸ਼ੰਕਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜਿਕ, ਧਾਰਮਿਕ, ਸਿਆਸੀ ਸ਼ਖਸ਼ੀਅਤਾਂ ਤੇ ਪਿੰਡ ਵਾਸੀ ਹਾਜ਼ਰ ਸਨ।