ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਵੱਲੋਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ

ਭਾਰਤੀ ਦਲ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ; ਖੇਡ ਢਾਂਚੇ ਨੂੰ ਹੋਰ ਬਿਹਤਰ ਕਰਨ ’ਤੇ ਦਿੱਤਾ ਜ਼ੋਰ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਆਪਣੀ ਰਿਹਾਇਸ਼ ’ਤੇ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਅਤੇ ਤਗ਼ਮਾ ਜੇਤੂਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੋਦੀ ਨੇ ਕਿਹਾ ਕਿ ਭਾਰਤੀ ਖੇਡਾਂ ਦਾ ਸੁਨਹਿਰੀ ਸਮਾਂ ਹੁਣ ਦਰਾਂ ’ਤੇ ਦਸਤਕ ਦੇ ਰਿਹਾ ਹੈ। ਉਨ੍ਹਾਂ ਭਾਰਤੀ ਦਲ ਦੇ ਰਾਸ਼ਟਰਮੰਡਲ ਖੇਡਾਂ ਵਿਚਲੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਭਾਰਤੀ ਅਥਲੀਟਾਂ ਨੇ ਬਰਮਿੰਘਮ ਵਿਚ 61 ਤਗ਼ਮੇ ਹਾਸਲ ਕੀਤੇ ਹਨ ਜਿਨ੍ਹਾਂ ਵਿਚ 22 ਸੋਨੇ ਦੇ, 16 ਚਾਂਦੀ ਦੇ ਤੇ 23 ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ਕਿਹਾ ਕਿ ‘ਇਸ ਕਾਰਗੁਜ਼ਾਰੀ ਦਾ ਅਸਲ ਮੁਲਾਂਕਣ ਸਿਰਫ਼ ਤਗਮਿਆਂ ਦੀ ਗਿਣਤੀ ਤੋਂ ਨਹੀਂ ਕੀਤਾ ਜਾ ਸਕਦਾ, ਸਾਡੇ ਅਥਲੀਟਾਂ ਨੇ ਫ਼ਸਵੀਂ ਟੱਕਰ ਦਿੱਤੀ ਹੈ। ਕਈ ਥਾਈਂ ਫ਼ਰਕ ਸਿਰਫ਼ ਇਕ ਸੈਂਟੀਮੀਟਰ ਦਾ ਹੀ ਰਿਹਾ ਹੈ ਪਰ ਮੈਨੂੰ ਯਕੀਨ ਹੈ ਕਿ ਅਸੀਂ ਇਸ ਫ਼ਰਕ ਨੂੰ ਦੂਰ ਕਰ ਦੇਵਾਂਗੇ।’ ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡੇ ਉਤੇ ਇਕ ਅਜਿਹੇ ਖੇਡ ਢਾਂਚੇ ਨੂੰ ਵਿਕਸਿਤ ਕਰਨ ਦੀ ਜ਼ਿੰਮੇਵਾਰੀ ਹੈ ਜੋ ਦੁਨੀਆ ਵਿਚ ਅੱਵਲ ਹੋਵੇ, ਜਿਸ ਵਿਚ ਭਿੰਨਤਾ ਹੋਵੇ ਤੇ ਸਾਰਿਆਂ ਦੀ ਸ਼ਮੂਲੀਅਤ ਹੋਵੇ।’ ਜ਼ਿਕਰਯੋਗ ਹੈ ਕਿ ਭਾਰਤੀ ਖਿਡਾਰੀਆਂ ਨੇ ਜਿੱਥੇ ਬੈਡਮਿੰਟਨ, ਕੁਸ਼ਤੀ ਤੇ ਵੇਟਲਿਫ਼ਟਿੰਗ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ, ਉੱਥੇ ਹੀ ਅਥਲੈਟਿਕਸ, ਜੂਡੋ ਤੇ ਲਾਅਨ ਬਾਲਜ਼ ਵਰਗੀਆਂ ਖੇਡਾਂ ਵਿਚ ਵੀ ਭਾਰਤ ਨੂੰ ਚੰਗੇ ਨਤੀਜੇ ਹਾਸਲ ਹੋਏ ਹਨ। ਮੋਦੀ ਨੇ ਕਿਹਾ ਕਿ ਹਾਕੀ ਵਿਚ ਅਸੀਂ ਆਪਣੀ ਵਿਰਾਸਤ ਮੁੜ ਪ੍ਰਾਪਤ ਕਰਨ ਦਾ ਯਤਨ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਹਰਮਨਪ੍ਰੀਤ ਦੀ ਅਗਵਾਈ ਵਿਚ ਭਾਰਤ ਨੇ ਕ੍ਰਿਕਟ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਰੇਣੂਕਾ ਠਾਕੁਰ ਦੀ ਸਵਿੰਗ ਗੇਂਦਬਾਜ਼ੀ ਦਾ ਵੀ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।