ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਐਸ.ਏ.ਐਸ. ਨਗਰ (ਮੁਹਾਲੀ) – ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਰੁਜ਼ਗਾਰ ਮੇਲੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ ਨਵੇਂ ਭਰਤੀ ਕੀਤੇ ਗਏ ਲਗਪਗ 71,426 ਮੁਲਾਜ਼ਮਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਨਿਯੁਕਤੀ ਪੱਤਰ ਵੰਡੇ। ਜਦੋਂਕਿ ਕੇਂਦਰੀ ਵਣਜ ਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਨਵ-ਨਿਯੁਕਤਾਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਮੋਹਰੀ ਦੇਸ਼ ਵਜੋਂ ਉੱਭਰੇਗਾ। ਉਨ੍ਹਾਂ ਖ਼ੁਦ ਵੀ ਆਪਣੇ ਹੱਥੀਂ 25 ਜਣਿਆਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਇਹ ਰੁਜ਼ਗਾਰ ਮੇਲਾ ਹੋਰ ਜ਼ਿਆਦਾ ਰੁਜ਼ਗਾਰ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਏਗਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਸ਼ਕਤੀਕਰਨ ਅਤੇ ਰਾਸ਼ਟਰੀ ਵਿਕਾਸ ਵਿੱਚ ਭਾਗੀਦਾਰੀ ਲਈ ਸਾਰਥਿਕ ਮੌਕੇ ਪ੍ਰਦਾਨ ਕਰੇਗਾ। ਵੀਡੀਓ ਕਾਨਫਰੰਸਿੰਗ ਰਾਹੀਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ 2023 ਦਾ ਪਹਿਲਾ ਰੁਜ਼ਗਾਰ ਮੇਲਾ ਹੈ ਜੋ 71,000 ਪਰਿਵਾਰਾਂ ਲਈ ਸਰਕਾਰੀ ਖੇਤਰ ਵਿੱਚ ਰੁਜ਼ਗਾਰ ਦਾ ਅਨਮੋਲ ਤੋਹਫ਼ਾ ਲੈ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਲੱਖਾਂ ਨਵੇਂ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਮਿਲਣਗੀਆਂ ਕਿਉਂਕਿ ਐੱਨਡੀਏ ਸ਼ਾਸਤ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰੁਜ਼ਗਾਰ ਮੇਲੇ ਨਿਯਮਿਤ ਤੌਰ ’ਤੇ ਲਾਏ ਜਾ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਆਮ ਤਰੱਕੀਆਂ ਵੀ ਦੇਰੀ ਨਾਲ ਹੁੰਦੀਆਂ ਸਨ ਪਰ ਸਰਕਾਰ ਨੇ ਪਾਰਦਰਸ਼ੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ। ਉਨ੍ਹਾਂ ਕਿਹਾ ਕਿ ਪਾਰਦਰਸ਼ੀ ਭਰਤੀ ਅਤੇ ਤਰੱਕੀ ਨੌਜਵਾਨਾਂ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ।

ਹਰਦੀਪ ਪੁਰੀ ਨੇ ‘ਆਪ’, ਕਾਂਗਰਸ ਤੇ ਅਕਾਲੀ ਦਲ ’ਤੇ ਨਿਸ਼ਾਨੇ ਸਾਧੇ
ਲੁਧਿਆਣਾ : ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਅੱਜ ਲੁਧਿਆਣਾ ਵਿੱਚ ਰੁਜ਼ਗਾਰ ਮੇਲੇ ਦੌਰਾਨ ਕੇਂਦਰ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ। ਇਹ ਰੁਜ਼ਗਾਰ ਮੇਲਾ ਸ੍ਰੀ ਗੁਰੂ ਨਾਨਕ ਦੇਵ ਭਵਨ ਵਿਚ ਲਾਇਆ ਗਿਆ ਜਿਥੇ 187 ਵਿੱਚੋਂ 25 ਜਣਿਆਂ ਨੂੰ ਕੇਂਦਰੀ ਮੰਤਰੀ ਨੇ ਨਿਯੁਕਤੀ ਪੱਤਰ ਦਿੱਤੇ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ 2047 ਤੱਕ ਇੱਕ ਵਿਕਸਤ ਦੇਸ਼ ਬਣ ਜਾਏਗਾ ਪਰ ਨੌਜਵਾਨ ਪੀੜ੍ਹੀ ਨੂੰ ਉਸਾਰੂ ਭੂਮਿਕਾ ਨਿਭਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਨਕਾਰ ਦਿੱਤਾ ਹੈ। ‘ਆਪ’ ਨੂੰ ਦਿੱਤੇ ਗਏ ਬਹੁਮਤ ਤੋਂ ਬਾਅਦ ਲੋਕ ਇਸ ਸਰਕਾਰ ਤੋਂ ਪ੍ਰੇਸ਼ਾਨ ਹੋ ਗਏ ਹਨ। ਲੋਕਾਂ ਦਾ ਹੁਣ ਸਿੱਧਾ ਝੁਕਾਅ ਭਾਜਪਾ ਵੱਲ ਹੋ ਗਿਆ ਹੈ। ਇਸ ਕਰਕੇ ਲਗਾਤਾਰ ਪੰਜਾਬ ਦੇ ਵੱਡੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਤੇ ਅਗਲੀ ਵਾਰ ਭਾਜਪਾ ਦੀ ਸਰਕਾਰ ਬਣਨੀ ਤੈਅ ਹੈ।