ਪ੍ਰਧਾਨ ਮੰਤਰੀ ਨੇ ਅਬਾਬਤ ਕੌਰ ਦੇ ਅੰਗ ਦਾਨ ਕਰਨ ਵਾਲੇ ਮਾਪਿਆਂ ਦੀ ਕੀਤੀ ਸ਼ਲਾਘਾ

ਪ੍ਰਧਾਨ ਮੰਤਰੀ ਨੇ ਅਬਾਬਤ ਕੌਰ ਦੇ ਅੰਗ ਦਾਨ ਕਰਨ ਵਾਲੇ ਮਾਪਿਆਂ ਦੀ ਕੀਤੀ ਸ਼ਲਾਘਾ

ਅੰਮ੍ਰਿਤਸਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅੰਮ੍ਰਿਤਸਰ ਵਾਸੀ ਸੁਖਬੀਰ ਸਿੰਘ ਸੰਧੂ ਅਤੇ ਉਸ ਦੀ ਪਤਨੀ ਸੁਖਪ੍ਰੀਤ ਕੌਰ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ 39 ਦਿਨਾਂ ਦੀ ਬੱਚੀ ਅਬਾਬਤ ਕੌਰ ਦੇ ਅੰਗ ਦਾਨ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਅੱਜ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਬੱਚੀ ਦੇ ਅੰਗ ਦਾਨ ਕਰਨ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਅਬਾਬਤ ਨੂੰ ਭਾਰਤ ਦੀ ਸਭ ਤੋਂ ਛੋਟੀ ਦਾਨੀ ਦੱਸਿਆ ਗਿਆ ਹੈ। ਬੱਚੀ ਦੇ ਪਿਤਾ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਿਰਫ 39 ਦਿਨਾਂ ਦੀ ਸੀ ਅਤੇ ਉਸ ਦਾ ਦੇਹਾਂਤ ਹੋ ਗਿਆ ਸੀ। ਇਸ ਮੌਕੇ ਪਰਿਵਾਰ ਵੱਲੋਂ ਬੱਚੀ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ। ਪਰਿਵਾਰ ਨੇ ਬੱਚੀ ਦੇ ਗੁਰਦੇ ਦਾਨ ਕਰ ਦਿੱਤੇ, ਜਿਸ ਨਾਲ ਹੋਰਨਾਂ ਨੂੰ ਜੀਵਨ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਪਰਿਵਾਰ ਦਾ ਇਹ ਫ਼ਸਲਾ ਅੰਗ ਦਾਨ ਕਰਨ ਵਾਲਿਆਂ ਲਈ ਮਿਸਾਲ ਬਣੇਗਾ।