ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਨਵੇਂ ਸੰਸਦ ਭਵਨ ਪੁੱਜੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਚਾਨਕ ਨਵੇਂ ਸੰਸਦ ਭਵਨ ਪੁੱਜੇ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਾਮ ਨੂੰ ਇੱਥੇ ਅਚਾਨਕ ਨਵੇਂ ਸੰਸਦ ਭਵਨ ਦਾ ਦੌਰਾ ਕੀਤਾ ਅਤੇ ਇੱਥੇ ਚੱਲ ਰਹੇ ਵੱਖ ਵੱਖ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਿਮਰਾਣ ਕਾਰਜ ’ਚ ਲੱਗੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਇਮਾਰਤ ਅੰਦਰ ਇੱਕ ਘੰਟੇ ਤੋਂ ਵੱਧ ਸਮਾਂ ਬਿਤਾਇਆ। ਸੂਤਰਾਂ ਨੇ ਦੱਸਿਆ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਪ੍ਰਧਾਨ ਮੰਤਰੀ ਨੇ ਸੰਸਦ ਦੇ ਦੋਵਾਂ ਸਦਨਾਂ ’ਚ ਤਜਵੀਜ਼ ਕੀਤੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿਮਰਾਣ ਦੇ ਕੰਮ ’ਚ ਲੱਗੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਨਵੇਂ ਭਵਨ ਦੇ ਪਿਛਲੇ ਸਾਲ ਨਵੰਬਰ ਤੱਕ ਪੂਰਾ ਹੋਣ ਦੀ ਉਮੀਦ ਸੀ। ਹੁਣ ਇਸ ਜਲਦੀ ਹੀ ਉਦਘਾਟਨ ਹੋਣ ਦੀ ਸੰਭਾਵਨਾ ਹੈ। ਦਸੰਬਰ 2020 ’ਚ ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦਾ ਨੀਂਹ ਪੱਥਰ ਰੱਖਿਆ ਸੀ ਜਿਸ ’ਚ ਆਧੁਨਿਕ ਸਹੂਲਤਾਂ ਹੋਣਗੀਆਂ। ਟਾਟਾ ਪ੍ਰਾਜੈਕਟਸ ਲਿਮਿਟਡ 2020 ਵਿੱਚ 971 ਕਰੋੜ ਰੁਪਏ ’ਚ ਠੇਕਾ ਲੈਣ ਮਗਰੋਂ ਇਸ ਦਾ ਨਿਰਮਾਣ ਕਰ ਰਹੀ ਹੈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਪ੍ਰਾਜੈਕਟ ਦੀ ਲਾਗਤ ਵਧ ਗਈ ਹੈ।

ਨਵੇਂ ਭਵਨ ’ਚ ਭਾਰਤ ਦੀ ਜਮਹੂਰੀ ਵਿਰਾਸਤ ਨੂੰ ਦਿਖਾਉਣ ਲਈ ਇੱਕ ਸ਼ਾਨਦਾਰ ਸੰਵਿਧਾਨ ਹਾਲ, ਸੰਸਦ ਮੈਂਬਰਾਂ ਲਈ ਇੱਕ ਲਾਊਂਜ, ਇੱਕ ਲਾਇਬਰੇਰੀ, ਕਈ ਕਮੇਟੀ ਕਮਰੇ, ਖਾਣਾ ਖਾਣ ਲਈ ਥਾਂ ਅਤੇ ਪਾਰਕਿੰਗ ਹੋਵੇਗੀ। ਸੈਂਟਰਲ ਵਿਸਟਾ ਪੁਨਰ ਵਿਕਾਸ ਪ੍ਰਾਜੈਕਟ ਤਹਿਤ ਸਰਕਾਰ ਇੱਕ ਐਗਜ਼ੀਕਿਊਟਿਵ ਐਨਕਲੇਵ ਦਾ ਵੀ ਨਿਰਮਾਣ ਕਰੇਗੀ ਜਿਸ ’ਚ ਨਵਾਂ ਪ੍ਰਧਾਨ ਮੰਤਰੀ ਦਫ਼ਤਰ, ਕੈਬਨਿਟ ਸਕੱਤਰੇਤ, ਇੰਡੀਆ ਹਾਊਸ ਤੇ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ ਹੋਣਗੇ।