ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਕਾਰਨ ਦਿੱਲੀ ਦੀਆਂ ਸੜਕਾਂ ਜਾਮ

ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਕਾਰਨ ਦਿੱਲੀ ਦੀਆਂ ਸੜਕਾਂ ਜਾਮ

ਆਵਾਜਾਈ ਦੇ ਬਦਲਵੇਂ ਰੂਟਾਂ ਕਾਰਨ ਰਾਹਗੀਰ ਹੋਏ ਪ੍ਰੇਸ਼ਾਨ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਕੇਂਦਰੀ ਦਿੱਲੀ ਦੇ ਕੁੱਝ ਇਲਾਕਿਆਂ ਵਿੱਚੋਂ ਰੋਡ ਸ਼ੋਅ ਕੱਢਿਆ ਗਿਆ, ਜਿਸ ਕਾਰਨ ਕਈ ਥਾਈਂ ਸੜਕਾਂ ’ਤੇ ਆਵਾਜਾਈ ਰੁਕੀ ਰਹੀ। ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਦੇ ਮੱਕੇਨਜ਼ਰ ਵੱਡੀ ਗਿਣਤੀ ਸੜਕਾਂ ’ਤੇ ਆਵਾਜਾਈ ਪੁਲੀਸ ਵੱਲੋਂ ਰੋਕੀ ਗਈ, ਜਿਸ ਕਾਰਨ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਹਾਲਾਂਕਿ ਦਿੱਲੀ ਟ੍ਰੈਫਿਕ ਪੁਲੀਸ ਵੱਲੋਂ ਬੀਤੇ ਦਿਨ ਜਾਰੀ ਕੀਤੀ ਐਡਵਾਈਜ਼ਰੀ ਵਿੱਚ ਵਾਹਨ ਚਾਲਕਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਸੜਕਾਂ ਤੋਂ ਬਚਿਆ ਜਾਵੇ, ਜਿੱਥੋਂ ਰੋਡ ਸ਼ੋਅ ਲੰਘਣਾ ਸੀ। ਸੜਕਾਂ ਦਾ ਇੱਕ ਪਾਸਾ ਲੋਕਾਂ ਦੇ ਖ੍ਹੜੇ ਹੋਣ ਲਈ ਰਾਖਵਾਂ ਕੀਤਾ ਗਿਆ ਸੀ ਤੇ ਸੜਕ ਦੇ ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਲੰਘ ਰਿਹਾ ਸੀ। ਹਫ਼ਤੇ ਦਾ ਪਹਿਲਾ ਦਿਨ ਹੋਣ ਕਰਕੇ ਆਮ ਹੀ ਦਿੱਲੀ ਦੀਆਂ ਸੜਕਾਂ ਉਪਰ ਅੱਜ ਕੁਝ ਵੱਧ ਭੀੜ ਸੀ। ਟ੍ਰੈਫਿਕ ਪੁਲੀਸ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੰਸਦ ਮਾਰਗ, ਪਟੇਲ ਚੌਕ ਤੋਂ ਜੈ ਸਿੰਘ ਰੋਡ ਤੱਕ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਕੀਤੇ ਗਏ ਸਨ। ਸੋਮਵਾਰ ਨੂੰ ਅਸ਼ੋਕਾ ਰੋਡ, ਸੰਸਦ ਮਾਰਗ, ਜੈ ਸਿੰਘ ਰੋਡ, ਰਫ਼ੀ ਮਾਰਗ, ਇਮਤਿਆਜ਼ ਖਾਨ ਮਾਰਗ, ਬੰਗਲਾ ਸਾਹਿਬ ਲੇਨ, ਟਾਲਸਟਾਏ ਰੋਡ, ਜੰਤਰ ਮੰਤਰ ਰੋਡ ਦੁਪਹਿਰ 2.30 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਸਨ। ਉਨ੍ਹਾਂ ਕਿਹਾ ਸੀ ਕਿ ਯਾਤਰੀਆਂ ਨੂੰ ਬਾਬਾ ਖੜਕ ਸਿੰਘ ਰੋਡ, ਪਾਰਕ ਸਟ੍ਰੀਟ, ਮੰਦਰ ਮਾਰਗ, ਪੰਚਕੁਈਆਂ ਰੋਡ, ਟਾਲਸਟਾਏ ਰੋਡ, ਫਿਰੋਜ਼ ਸ਼ਾਹ ਰੋਡ, ਰਾਣੀ ਝਾਂਸੀ ਰੋਡ, ਡੀਡੀਯੂ ਮਾਰਗ, ਬਾਹਰੀ ਸਰਕਲ ਸੀ.ਪੀ, ਮਿੰਟੋ ਰੋਡ, ਬਾਰਾਖੰਬਾ, ਰਾਇਸੀਨਾ ਰੋਡ, ਜਨਪਥ, ਰਫ਼ੀ ਮਾਰਗ, ਡੀਬੀਜੀ ਰੋਡ, ਪੰਡਿਤ ਪੰਤ ਮਾਰਗ ਸੜਕਾਂ ’ਤੇ ਭਾਰੀ ਆਵਾਜਾਈ ਦਾ ਸਾਹਮਣਾ ਕਰਨਾ ਪਿਆ।