ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਅਲਰਟ ਜਾਰੀ

ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਤੋਂ ਪਹਿਲਾਂ ਅਲਰਟ ਜਾਰੀ

ਕੇਂਦਰੀ ਏਜੰਸੀਆਂ ਨੇ ਦਹਿਸ਼ਤੀ ਹਮਲੇ ਦਾ ਖ਼ਦਸ਼ਾ ਜਤਾਇਆ

ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ 24 ਅਗਸਤ ਨੂੰ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਵਿਖੇ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦਾ ਉਦਘਾਟਨ ਕਰਨ ਲਈ ਆ ਰਹੇ ਹਨ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਪੁਲੀਸ ਨੂੰ ਚੌਕਸ ਕਰਦੇ ਹੋਏ ਸੂਬੇ ਵਿਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਕੌਮੀ ਜਾਂਚ ਏਜੰਸੀ ਨੇ ਵੀ ਗੈਂਗਸਟਰ ਅਤੇ ਅਤਿਵਾਦੀਆਂ ਦਰਮਿਆਨ ਬਣੇ ਤਾਲਮੇਲ ’ਤੇ ਨਿਗ੍ਹਾ ਰੱਖੀ ਹੋਈ ਹੈ। ਚੰਡੀਗੜ੍ਹ ਪੁਲੀਸ ਨੇ ਅੱਜ ਇੱਥੇ ਸੈਕਟਰ 17 ਅਤੇ ਸੈਕਟਰ 43 ਦੇ ਅੰਤਰਰਾਜੀ ਬੱਸ ਅੱਡੇ ’ਤੇ ਮੁਸਤੈਦੀ ਵਧਾ ਦਿੱਤੀ ਹੈ। ਸੁਰੱਖਿਆ ਟੀਮਾਂ ਨੇ ਬੱਸ ਅੱਡੇ ’ਤੇ ਸਵਾਰੀਆਂ ਦੇ ਸਾਮਾਨ ਦੀ ਤਲਾਸ਼ੀ ਵੀ ਲਈ। ਅਧਿਕਾਰੀ ਦੱਸਦੇ ਹਨ ਕਿ ਰੇਲਵੇ ਸਟੇਸ਼ਨ ’ਤੇ ਵੀ ਚੌਕਸੀ ਵਧਾ ਦਿੱਤੀ ਗਈ ਹੈ। ਪੰਜਾਬ ਪੁਲੀਸ ਨੇ ਸੂਬੇ ਵਿਚ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਨਜ਼ਰਸਾਨੀ ਵਧਾ ਦਿੱਤੀ ਹੈ ਅਤੇ ਨਾਕੇ ਵੀ ਵਧਾ ਦਿੱਤੇ ਗਏ ਹਨ। ਕੇਂਦਰੀ ਖ਼ੁਫ਼ੀਆ ਏਜੰਸੀ ਨੇ ਹਾਲ ਹੀ ਵਿਚ ਪੰਜਾਬ ਦੇ ਕੁਝ ਕਾਂਗਰਸੀ ਨੇਤਾਵਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਹੈ। ਪੰਜਾਬ ਪੁਲੀਸ ਵੱਲੋਂ ਇਨ੍ਹਾਂ ਕਾਂਗਰਸੀ ਨੇਤਾਵਾਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾ ਰਹੀ ਹੈ। ਕਈ ਆਗੂਆਂ ਤੋਂ ਪੰਜਾਬ ਪੁਲੀਸ ਦੀ ਸੁਰੱਖਿਆ ਵਾਪਸ ਵੀ ਲਈ ਗਈ ਸੀ। ਐਤਕੀਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੰਜਾਬ ਪੁਲੀਸ ਨੇ ਚਾਰ ਅਤਿਵਾਦੀ ਵੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ਦੇ ਵਿਦੇਸ਼ਾਂ ਵਿਚ ਸੰਪਰਕ ਜੁੜੇ ਹੋਣ ਦੀ ਗੱਲ ਆਖੀ ਗਈ ਹੈ। ਅੰਮ੍ਰਿਤਸਰ ਵਿਚ ਲੰਘੇ ਦਿਨੀਂ ਪੁਲੀਸ ਦੇ ਸਬ ਇੰਸਪੈਕਟਰ ਦੀ ਗੱਡੀ ਹੇਠ ਧਮਾਕਾਖ਼ੇਜ਼ ਸਮੱਗਰੀ ਲਾਏ ਜਾਣ ਤੋਂ ਰੌਲਾ ਪਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਚੋਣਾਂ ਤੋਂ ਪਹਿਲਾਂ ਆਖ਼ਰੀ ਦਫ਼ਾ 14 ਫਰਵਰੀ ਨੂੰ ਜਲੰਧਰ ਆਏ ਸਨ। ਉਸ ਤੋਂ ਪਹਿਲਾਂ 5 ਜਨਵਰੀ 2022 ਨੂੰ ਫ਼ਿਰੋਜ਼ਪੁਰ ਦੌਰੇ ’ਤੇ ਆਏ ਸਨ ਪ੍ਰੰਤੂ ਸੜਕੀ ਜਾਮ ਕਰਕੇ ਰਸਤੇ ’ਚੋਂ ਹੀ ਵਾਪਸ ਹੋ ਗਏ ਸਨ। ਦੋ ਦਿਨਾਂ ਤੋਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਵੀ ਪੰਜਾਬ ਦੌਰੇ ’ਤੇ ਆਏ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਉਸ ਵੇਲੇ ਪੰਜਾਬ ਦੌਰੇ ’ਤੇ ਆ ਰਹੇ ਹਨ ਜਦੋਂ ਮਨੀਸ਼ ਸਿਸੋਦੀਆ ਅਤੇ ਹੋਰਨਾਂ ਦੇ ਟਿਕਾਣਿਆਂ ’ਤੇ ਸੀਬੀਆਈ ਦੇ ਛਾਪਿਆਂ ਕਰਕੇ ਪੰਜਾਬ ਦੀ ‘ਆਪ’ ਸਰਕਾਰ ਪੂਰੀ ਤਰ੍ਹਾਂ ਕੇਜਰੀਵਾਲ ਤੇ ਸਿਸੋਦੀਆ ਦੀ ਪਿੱਠ ’ਤੇ ਖੜ੍ਹੀ ਹੈ।

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 19 ਅਗਸਤ ਨੂੰ ਪਟਿਆਲਾ ਦਾ ਦੌਰਾ ਕੀਤਾ ਜਾਣਾ ਸੀ। ਸੂਤਰ ਦੱਸਦੇ ਹਨ ਕਿ ਸੀਬੀਆਈ ਦੀ ਛਾਪੇਮਾਰੀ ਕਰਕੇ ਇਹ ਦੌਰਾ ਮੌਕੇ ’ਤੇ ਰੱਦ ਕਰਨਾ ਪਿਆ। ਪ੍ਰਧਾਨ ਮੰਤਰੀ 24 ਅਗਸਤ ਨੂੰ ਕਰੀਬ ਇੱਕ ਘੰਟਾ ਮੁੱਲਾਂਪੁਰ ਵਿਖੇ ਸਮਾਗਮਾਂ ਵਿਚ ਰੁਕਣਗੇ। ਇੱਧਰ ‘ਆਪ’ ਸਰਕਾਰ ਵੱਲੋਂ ‘ਆਮ ਆਦਮੀ ਕਲੀਨਿਕ’ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਪੰਜਾਬ ਦੀਆਂ ਸਿਹਤ ਸੰਸਥਾਵਾਂ ਦਾ ਦੌਰਾ ਕਰ ਰਹੀ ਹੈ।

ਭਾਜਪਾ ਦੀ ਪੰਜਾਬ ਿਵੱਚ ਦਿਲਚਸਪੀ ਵਧੀ

ਭਾਜਪਾ ਨੇ ਹੁਣ ਪੰਜਾਬ ’ਚ ਦਿਲਚਸਪੀ ਵਧਾ ਲਈ ਹੈ। ਸਿਆਸੀ ਨਜ਼ਰੀਏ ਤੋਂ ਭਾਜਪਾ ਹੁਣ ਪੰਜਾਬ ’ਚ ਵੀ ਆਪਣੇ ਪੈਰ ਲਾਉਣਾ ਚਾਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਤੋੜ-ਵਿਛੋੜੇ ਮਗਰੋਂ ਭਾਜਪਾ ਨੇ ਪੰਜਾਬ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ। ਤਿੰਨ ਕੇਂਦਰੀ ਵਜ਼ੀਰਾਂ ਨੂੰ ਹਰ ਮਹੀਨੇ ਪੰਜਾਬ ਦਾ ਦੌਰਾ ਕਰਨ ਵਾਸਤੇ ਆਖਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਹੁਣ ਪੰਜਾਬ ਨੂੰ ਮਹਿਜ਼ 13 ਲੋਕ ਸਭਾ ਸੀਟਾਂ ਵਾਲਾ ਖ਼ਿੱਤਾ ਨਹੀਂ ਸਮਝਦੀ ਹੈ, ਉਸ ਤੋਂ ਅੱਗੇ ਵਧ ਕੇ ਪੰਜਾਬ ਨੂੰ ਦੇਖ ਰਹੀ ਹੈ।